ਭਾਜਪਾ ਲੀਡਰਸ਼ਿਪ ਸਿਰ ਭੰਨਿਆ ਅਸਤੀਫ਼ੇ ਦਾ ਠੀਕਰਾ, ਪੰਜਾਬ ਦੇ ਹਿੱਤ ਨੂੰ ਪਰਿਵਾਰ ਤੇ ਪਾਰਟੀ ਤੋਂ ਉਪਰ ਦੱਸਿਆ
ਨਵੀਂ ਦਿੱਲੀ : ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਤੋਂ ਅਸਤੀਫ਼ੇ ਦਾ ਠੀਕਰਾ ਭਾਜਪਾ ਲੀਡਰਸ਼ਿਪ ਸਿਰ ਹੀ ਭੰਨ ਦਿੱਤਾ ਹੈ। ਅਸਤੀਫ਼ੇ ਦੇ ਕਾਰਨ ਦਾ ਖ਼ੁਲਾਸਾ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਪੰਜਾਬ ਤੋਂ ਦੂਰ ਰਹਿਣ ਦਾ ਫਰਮਾਨ ਸੁਣਾਇਆ ਸੀ, ਜੋ ਉਨ੍ਹਾਂ ਨੂੰ ਬਿਲਕੁੱਲ ਮਨਜ਼ੂਰ ਨਹੀਂ ਹੈ। ਭਾਜਪਾ ਲੀਡਰਸ਼ਿਪ ‘ਤੇ ਜੰਮ ਕੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੇਰੇ ਲਈ ਪੰਜਾਬ ਤੋਂ ਵੱਡਾ ਕੁਝ ਨਹੀਂ ਹੈ। ਵੈਸੇ ਅਕਾਲੀ ਸਿਆਸੀ ਪਾਰੀ ਕਿਸ ਪਾਰਟੀ ਨਾਲ ਖੇਡਣਗੇ, ਇਸ ਸਵਾਲ ਨੂੰ ਉਹ ਸਫਾਈ ਨਾਲ ਟਾਲ ਗਏ। ਰਾਜ ਸਭਾ ਤੋਂ ਅਸਤੀਫ਼ੇ ਦੇ ਇਕ ਹਫਤੇ ਬਾਅਦ ਮੀਡੀਆ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਆਪਣੇ ਭਵਿੱਖ ਦੀ ਯੋਜਨਾ ਦਾ ਖੁਲਾਸਾ ਕਰਨ ਦੀ ਬਜਾਏ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਰਹੇ। ਉਨ੍ਹਾਂ ਕਿਹਾ, ‘ਮੈਂ ਰਾਜ ਸਭਾ ਤੋਂ ਇਸ ਲਈ ਅਸਤੀਫਾ ਦਿੱਤਾ ਕਿ ਮੈਨੂੰ ਕਿਹਾ ਗਿਆ ਕਿ ਤੂੰ ਪੰਜਾਬ ਵੱਲ ਮੂੰਹ ਕਰਕੇ ਨਹੀਂ ਦੇਖੋਗੇ।’ ਪੰਜਾਬ ਤੋਂ ਦੂਰ ਕਰਨ ਲਈ ਭਾਜਪਾ ਲੀਡਰਸ਼ਿਪ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਦਿੱਤਾ ਆਪਣਾ ਵਚਨ ਨਹੀਂ ਤੋੜ ਸਕਦੇ। ਅੰਮ੍ਰਿਤਸਰ ਨੇ ਉਨ੍ਹਾਂ ਨੂੰ ਚਾਰ ਵਾਰ ਲਗਾਤਾਰ ਚੁਣ ਕੇ ਸੰਸਦ ਵਿਚ ਭੇਜਿਆ ਹੈ। ਖਾਸ ਤੌਰ ‘ਤੇ ਉਸ ਸਮੇਂ ਜਦੋਂ ਆਸ-ਪਾਸ ਦੀਆਂ 51 ਸੀਟਾਂ ‘ਤੇ ਭਾਜਪਾ ਦਾ ਇਕ ਵੀ ਸੰਸਦ ਮੈਂਬਰ ਨਹੀਂ ਸੀ, ਉਸ ਸਮੇਂ ਅੰਮ੍ਰਿਤਸਰ ਦੀ ਜਨਤਾ ਨੇ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਪੰਛੀ ਵੀ ਸ਼ਾਮ ਨੂੰ ਆਪਣੇ ਹੀ ਘਰ ਪਰਤਦਾ ਹੈ, ਫਿਰ ਮੈਂ ਪੰਜਾਬ ਤੋਂ ਕਿਵੇਂ ਦੂਰ ਰਹਿ ਸਕਦਾ ਹਾਂ। ਸਿੱਧੂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਰੱਖਣ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਅੰਮ੍ਰਿਤਸਰ ਛੱਡ ਕੇ ਕੁਰੂਕਸ਼ੇਤਰ ਅਤੇ ਦਿੱਲੀ ਤੋਂ ਚੋਣ ਲੜਨ ਲਈ ਕਿਹਾ ਗਿਆ ਪ੍ਰੰਤੂ ਅੰਮ੍ਰਿਤਸਰ ਦੇ ਲੋਕਾਂ ਨੂੰ ਧੋਖਾ ਦੇਣ ਦੀ ਬਜਾਏ ਉਨ੍ਹਾਂ ਨੇ ਚੋਣ ਹੀ ਨਾ ਲੜਨ ਦਾ ਫ਼ੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਪਹਿਲੀ ਵਾਰ ਅਜਿਹਾ ਹੁੰਦਾ ਤਾਂ ਮੈਂ ਸਹਿਣ ਕਰ ਜਾਂਦਾ ਪ੍ਰੰਤੂ ਤੀਸਰੀ-ਚੌਥੀ ਵਾਰ ਅਜਿਹਾ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਲਹਿਰ ਸੀ ਤਾਂ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਹਿਣ ‘ਤੇ ਉਹ ਮੈਦਾਨ ਵਿਚ ਆਏ ਅਤੇ 14 ਦਿਨ ਅੰਦਰ ਅੰਮ੍ਰਿਤਸਰ ਦੀ ਸੀਟ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਦਿਖਾਈ ਪ੍ਰੰਤੂ ਜਦੋਂ ਮੋਦੀ ਸਾਹਿਬ ਦੀ ਲਹਿਰ ਆਈ ਤਾਂ ਵਿਰੋਧੀ ਤਾਂ ਡੁੱਬੇ ਹੀ, ਉਸ ਵਿਚ ਭਾਜਪਾ ਨੇ ਸਿੱਧੂ ਨੂੰ ਵੀ ਡੁਬੋ ਦਿੱਤਾ। ਆਪਣੀ ਅੱਗੇ ਦੀ ਰਣਨੀਤੀ ਦੇ ਖੁਲਾਸੇ ਤੋਂ ਬਚਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਨੂੰ ਸਭ ਤੋਂ ਉੱਪਰ ਦੱਸਿਆ। ਉਨ੍ਹਾਂ ਕਿਹਾ ਕਿ ਦੁਨੀਆ ਦੀ ਕੋਈ ਵੀ ਪਾਰਟੀ ਪੰਜਾਬ ਤੋਂ ਉੱਪਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ 100 ਵਾਰ ਆਪਣੇ ਪਰਿਵਾਰ, ਆਪਣੀ ਪਾਰਟੀ ਅਤੇ ਪੰਜਾਬ ਵਿਚੋਂ ਚੁਣਨਾ ਪਵੇਗਾ ਤਾਂ ਉਹ 100 ਵਾਰ ਪੰਜਾਬ ਨੂੰ ਹੀ ਚੁਣਨਗੇ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …