![](https://parvasinewspaper.com/wp-content/uploads/2020/09/2-5-300x200.jpg)
ਕਿਸਾਨ ਰੇਲ ਪੱਟੜੀਆਂ ‘ਤੇ ਡਟੇ – ਰੇਲਵੇ ਵਿਭਾਗ 26 ਸਤੰਬਰ ਤੱਕ ਬੰਦ ਰੱਖੇਗਾ ਰੇਲਾਂ
ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ। ਇਸ ਨੂੰ ਲੈ ਕੇ ਪੰਜਾਬ ਵਿਚ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਭਾਜਪਾ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨਾਂ ਸਮੇਤ ਹੋਰ ਜਥੇਬੰਦੀਆਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਖੜ੍ਹੀਆਂ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਵਲੋਂ ਭਲਕੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬ ਵਿਚ ਪੂਰਾ ਸਮਰਥਨ ਵੀ ਮਿਲ ਰਿਹਾ ਹੈ। ਇਸੇ ਤਹਿਤ ਅੱਜ ਕਿਸਾਨਾਂ ਨੇ ਰੇਲ ਪਟੜੀਆਂ ‘ਤੇ ਧਰਨੇ ਦਿੱਤੇ ਅਤੇ ਕਈ ਥਾਈਂ ਤਾਂ ਕਿਸਾਨਾਂ ਨੇ ਪੱਕੇ ਤੰਬੂ ਵੀ ਲਗਾ ਲਏ ਹਨ। ਇਸ ਨੂੰ ਦੇਖਦਿਆਂ ਰੇਲਵੇ ਵਿਭਾਗ ਪੰਜਾਬ ਵਿਚ 26 ਸਤੰਬਰ ਤੱਕ ਰੇਲ ਗੱਡੀਆਂ ਬੰਦ ਰੱਖੇਗਾ। ਅੰਮ੍ਰਿਤਸਰ, ਮਾਨਸਾ, ਜਲੰਧਰ ਅਤੇ ਸੰਗਰੂਰ ਸਮੇਤ ਬਹੁਤ ਥਾਈਂ ਕਿਸਾਨਾਂ ਨੇ ਰੇਲਵੇ ਟਰੈਕਾਂ ‘ਤੇ ਧਰਨੇ ਦਿੱਤੇ। ਧਰਨਿਆਂ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।