
ਅਸ਼ੋਕ ਗਹਿਲੋਤ ਬੋਲੇ- ਭਾਜਪਾ ਨੇ ਸਰਕਾਰ ਡੇਗਣ ਦੀ ਕੀਤੀ ਸੀ ਕੋਸ਼ਿਸ਼
ਜੋਧਪੁਰ/ਬਿਊਰੋ ਨਿਊਜ਼
ਰਾਜਸਥਾਨ ਵਿਧਾਨ ਸਭਾ ਵਿਚ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤ ਲਿਆ ਹੈ। ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਨੇ ਸਰਕਾਰ ਡੇਗਣ ਦੀ ਸਾਜਿਸ਼ ਰਚੀ ਸੀ ਅਤੇ ਉਹ ਸਫਲ ਨਹੀਂ ਹੋਈ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਮਤਾ ਪੇਸ਼ ਕੀਤਾ। ਮਤੇ ‘ਤੇ ਬਹਿਸ ਸ਼ੁਰੂ ਕਰਦਿਆਂ ਧਾਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਮੱਧ ਪ੍ਰਦੇਸ਼ ਅਤੇ ਗੋਆ ਵਿਚ ਚੁਣੀਆਂ ਕਾਂਗਰਸ ਦੀਆਂ ਸਰਕਾਰਾਂ ਨੂੰ ਡੇਗਿਆ ਜਾ ਚੁੱਕਿਆ ਹੈ। ਪੈਸੇ ਦੀ ਤਾਕਤ ਅਤੇ ਸੱਤਾ ਸ਼ਕਤੀ ਨਾਲ ਸਰਕਾਰਾਂ ਡੇਗਣ ਦੀ ਸਾਜ਼ਿਸ਼ ਰਾਜਸਥਾਨ ਵਿੱਚ ਸਫਲ ਨਹੀਂ ਹੋਈ। ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਰਾਜਸਥਾਨ ਵਿਚ ਨਾ ਤਾਂ ਕਿਸੇ ਸ਼ਾਹ ਦੀ ਚੱਲੀ ਹੈ ਅਤੇ ਨਾ ਹੀ ਤਾਨਾਸ਼ਾਹ ਦੀ। ਧਿਆਨ ਰਹੇ ਕਿ ਉਪ ਮੁੱਖ ਮੰਤਰੀ ਸਚਿਨ ਪਾਇਲਟ ਸਮੇਤ 19 ਵਿਧਾਇਕ ਅਸ਼ੋਕ ਗਹਿਲੋਤ ਤੋਂ ਨਰਾਜ਼ ਸਨ ਅਤੇ ਹੁਣ ਇਹ ਸਾਰੇ ਵਿਧਾਇਕ ਗਹਿਲੋਤ ਨਾਲ ਸਹਿਮਤ ਹੋ ਗਏ ਹਨ।