Breaking News
Home / ਪੰਜਾਬ / 50 ਸਾਲਾਂ ‘ਚ ਹੀ ਬਠਿੰਡਾ ਥਰਮਲ ਪਲਾਂਟ ਦਾ ਪੈ ਗਿਆ ਭੋਗ

50 ਸਾਲਾਂ ‘ਚ ਹੀ ਬਠਿੰਡਾ ਥਰਮਲ ਪਲਾਂਟ ਦਾ ਪੈ ਗਿਆ ਭੋਗ

Image Courtesy : ਏਬੀਪੀ ਸਾਂਝਾ

ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਲਿਆ ਫੈਸਲਾ, ਸੂਬਾ ਭਰ ‘ਚ ਹੋ ਰਿਹਾ ਹੈ ਵਿਰੋਧ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣ ਤੋਂ ਤੁਰੰਤ ਬਾਅਦ ਬਠਿੰਡਾ ਵਿਚ ਗੁਰੂ ਨਾਨਕ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਨੂੰ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਲਾਇਆ ਗਿਆ ਸੀ।ઠ
ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਇਸ ਫ਼ੈਸਲੇ ‘ਤੇ ਮੋਹਰ ਲਾਉਂਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੀ ਇਹ ਜ਼ਮੀਨ 80:20 ਮਾਲੀਏ ਦੇ ਹਿੱਸੇਦਾਰੀ ਵਿਚ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਨੂੰ ਸੌਂਪ ਦਿੱਤੀ ਹੈ। ਕੈਬਨਿਟ ਨੇ ਪੁੱਡਾ ਨੂੰ ਇਸ ਥਾਂ ਨੂੰ ਵਿਕਸਤ ਕਰਨ ਤੇ ਵੇਚਣ ਲਈ ਸੂਬੇ ਦੀ ਗਾਰੰਟੀ ਦੇ ਨਾਲ 100 ਕਰੋੜ ਰੁਪਏ ਤੱਕ ਦਾ ਕਰਜ਼ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ‘ਤੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਤੇ ਮਾਲ ਮੰਤਰੀ ਫ਼ਕੀਰ ਚੰਦ, ਜਿਹੜੇ ਬਠਿੰਡੇ ਦੇ ਵਿਧਾਇਕ ਵੀ ਸਨ, ਨੇ ਇਸ ਦਾ ਨੀਂਹ-ਪੱਥਰ ਰੱਖਿਆ ਸੀ। ਹਾਲਾਂਕਿ ਪਲਾਂਟ ਨੂੰ ਸਤੰਬਰ 2017 ਤੋਂ ਹੀ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਦੀ 1764 ਏਕੜ ਜ਼ਮੀਨ ਬਾਰੇ ਕੋਈ ਫ਼ੈਸਲਾ ਨਹੀਂ ਹੋ ਰਿਹਾ ਸੀ। ਇਹ ਫ਼ੈਸਲਾ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਸਾਲ ਵਿਚ ਹੀ ਕਰ ਲਿਆ।
ਬਠਿੰਡਾ ਪਲਾਂਟ ਦੀ ਜ਼ਮੀਨ ਨੂੰ ਮੁੜ ਵਿਕਸਤ ਕਰਨ ਦਾ ਖਰੜਾ ਤਿਆਰ ਕਰਨ ਲਈ 18 ਮਈ, 2020 ਨੂੰ ਇਕ ਹੋਰ ਕੈਬਨਿਟ ਸਬ ਕਮੇਟੀ ਬਣਾਈ ਗਈ ਸੀ ਜਿਸ ਵਿਚ ਹਾਊਸਿੰਗ ਨਿਰਮਾਣ ਤੇ ਸ਼ਹਿਰੀ ਵਿਕਾਸ ਮੰਤਰੀ, ਸਨਅਤ ਤੇ ਵਣਜ ਮੰਤਰੀ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਬਤੌਰ ਮੈਂਬਰ ਸ਼ਾਮਲ ਸਨ। ਸੂਬਾ ਸਰਕਾਰ ਵੱਲੋਂ ਸਿੱਧੇ ਤੇ ਅਸਿੱਧੇ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਕੇ ਇਸ ਖੇਤਰ ਵਿਚ ਖ਼ੁਸ਼ਹਾਲੀ ਲਿਆਉਣ ਲਈ ਇਸ ਜ਼ਮੀਨ ਨੂੰ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪੀਐੱਸਪੀਐੱਲ ਬੋਰਡ ਵਲੋਂ ਇਹ ਜ਼ਮੀਨ (280 ਏਕੜ ਦੀ ਰਿਹਾਇਸ਼ੀ ਕਾਲੋਨੀ ਨੂੰ ਛੱਡ ਕੇ) ਇਸ ਦੇ ਵਿਕਾਸ ਤੇ 80:20 ਮਾਲੀਆ ਹਿੱਸੇਦਾਰੀ ਯੋਜਨਾ ਤਹਿਤ ਵਿਕਰੀ ਲਈ ਪੁੱਡਾ ਨੂੰ ਸੌਂਪੇ ਜਾਣ ਸਬੰਧੀ ਮਤਾ ਪਾਸ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਤਹਿਤ ਜ਼ਮੀਨ ਦੀ ਅੰਦਾਜ਼ਨ ਕੀਮਤ ਤੋਂ ਇਲਾਵਾ ਵਿਕਸਤ ਹੋਈ ਜ਼ਮੀਨ ਦੀ ਵਿਕਰੀ ਤੋਂ ਹੋਣ ਵਾਲੇ ਲਾਭ ਦਾ 80 ਫ਼ੀਸਦੀ ਹਿੱਸਾ ਇਸ ਦੇ ਮਾਲਿਕ ਪੀਐੱਸਪੀਸੀਐੱਲ ਨੂੰ ਜਾਵੇਗਾ ਤੇ 20 ਫ਼ੀਸਦੀ ਹਿੱਸਾ ਪੁੱਡਾ ਨੂੰ ਮਿਲੇਗਾ।
ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਵਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ ਕੀਮਤੀ ਜ਼ਮੀਨ ਨੂੰ ਵਪਾਰਕ ਕੰਮਾਂ ਲਈ ਵੇਚਣ ਦੀ ਤਜਵੀਜ਼ ਦਾ ਕੁਝ ਪੰਜਾਬੀ ਲੇਖਕਾਂ, ਬੁੱਧੀਜੀਵੀਆਂ ਅਤੇ ਬਾਬਾ ਨਾਨਕ ਦੇ ਫਲਸਫ਼ੇ ਨੂੰ ਮੰਨਣ ਵਾਲਿਆਂ ਨੇ ਵਿਰੋਧ ਕੀਤਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਥਰਮਲ ਪਲਾਂਟ ਵਾਲੀ ਜ਼ਮੀਨ ਨੂੰ ਵਪਾਰਕ ਕੰਮਾਂ ਲਈ ਨਾ ਵੇਚ ਕੇ ਗੁਰੂ ਸਾਹਿਬ ਦੇ ਫਲਸਫ਼ੇ ਮੁਤਾਬਕ ਕੋਈ ਹਸਪਤਾਲ, ਇੰਡਸਟਰੀਅਲ ਹੱਬ ਜਾਂ ਆਰਗੈਨਿਕ ਖੇਤੀ ਆਦਿ ਲਈ ਵਰਤਣ ਦੀ ਮੰਗ ਕੀਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੇਵਾਮੁਕਤ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਇਹ ਮੰਗ ਰੱਖੀ ਹੈ। ਮੁੱਖ ਮੰਤਰੀ ਦੇ ਨਾਂ ਲਿਖੇ ਪੱਤਰ ਵਿੱਚ ਉਕਤ ਬੁੱਧੀਜੀਵੀਆਂ ਨੇ ਕਿਹਾ ਕਿ ਥਰਮਲ ਵਾਲੀ ਜ਼ਮੀਨ ਉਤੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਤਰਜ਼ ‘ਤੇ ਕੋਈ ਧਾਰਮਿਕ ਅਸਥਾਨ ਸਥਾਪਿਤ ਕਰਕੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਾਜਿਕ, ਆਰਥਿਕ ਅਤੇ ਅਧਿਆਤਮਕ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ।
ਮਨਪ੍ਰੀਤ ਬਾਦਲ ਨੇ ਥਰਮਲ ਪਲਾਂਟ ਮੁੜ ਸ਼ੁਰੂ ਕਰਵਾਉਣ ਦਾ ਕੀਤਾ ਸੀ ਵਾਅਦਾ
ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਣ ਲਈ ਸਿਆਸਤ ਗਰਮਾਉਣੀ ਤੈਅ ਹੈ। ਅਸਲ ਵਿਚ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰਰੀਤ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਮੁੜ ਸ਼ੁਰੂ ਕਰਵਾਇਆ ਜਾਵੇਗਾ ਪਰ ਇਸ ਪਲਾਂਟ ਤੋਂ ਬਿਜਲੀ ਮਹਿੰਗੀ ਮਿਲਣ ਕਾਰਨ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ। ਇੱਥੋਂ ਦੇ ਸਾਰੇ ਮੁਲਾਜ਼ਮਾਂ ਨੂੰ ਦੂਜੇ ਥਰਮਲ ਪਲਾਂਟਾਂ ਤੇ ਪਾਵਰਕਾਮ ਦੇ ਦਫ਼ਤਰਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਥਰਮਲ ਪਲਾਂਟ ਦੀ ਜ਼ਮੀਨ ਵੇਚਣ ਖ਼ਿਲਾਫ਼ ਰੋਹ ਵਧਿਆ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਤੋੜ ਕੇ ਅਤੇ ਇਸ ਦੀ ਜ਼ਮੀਨ ਦੀ ਨਿਲਾਮੀ ਕਰਨ ਦੇ ਅਧਿਕਾਰ ਪੁੱਡਾ ਨੂੰ ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਥਰਮਲ ਪਲਾਂਟ ਦੀ ਜ਼ਮੀਨ ਵੇਚਣ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਵਰਕਰਾਂ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਭਾਈ ਘਨੱਈਆ ਚੌਕ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ। ਅਕਾਲੀ ਆਗੂਆਂ ਨੇ ਕਿਹਾ ਕਿ ਬਠਿੰਡਾ ਦੇ ਵਿਧਾਇਕ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਥਾਨਕ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ।

Check Also

ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ

ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …