ਟੋਰਾਂਟੋ : ਕੈਨੇਡਾ ਦੀ ਪਾਰਲੀਮੈਂਟ ਵਿਚ ਹਾਊਸ ਆਫ ਕਾਮਨਜ਼ ਦੀਆਂ ਸਾਰੀਆਂ ਨਿਯਮਤ ਬੈਠਕਾਂ ਸਤੰਬਰ ਤੱਕ ਰੱਦ ਕਰਨ ਦਾ ਮਤਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦੋ ਦਿਨ ਚੱਲੀ ਬਹਿਸ ਵਿੱਚ 338 ਐਮ.ਪੀਜ਼ ਵਿੱਚੋਂ 50 ਨੇ ਹਿੱਸਾ ਲਿਆ। ਇਸ ਬਹਿਸ ਵਿਚ ਲਿਬਰਲ, ਐਨਡੀਪੀ ਅਤੇ ਗ੍ਰੀਨ ਪਾਰਟੀ ਦੇ ਐਮ.ਪੀਜ਼ ਨੇ ਇਸ ਦਾ ਸਮੱਰਥਨ ਕੀਤਾ ਅਤੇ ਬਲਾਕ ਕਿਊਬਿਕ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਬਾਅਦ ਵਿਚ ਹੋਈ ਵੋਟਿੰਗ ਦੌਰਾਨ 23 ਦੇ ਮੁਕਾਬਲੇ 28 ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਨਵੇਂ ਫੈਸਲੇ ਅਨੁਸਾਰ ਹੁਣ ਨਿਯਮਤ ਬੈਠਕਾਂ ਦੀ ਬਜਾਏ ਸਪੈਸ਼ਲ ਆਲ ਪਾਰਟੀ ਕੋਵਿਡ-19 ਕਮੇਟੀ ਕੰਮ ਕਰੇਗੀ ਜੋ ਮੱਧ ਜੂਨ ਤੱਕ ਹਰ ਹਫਤੇ ਚਾਰ ਮੀਟਿੰਗਾਂ ਕਰਿਆ ਕਰੇਗੀ ਅਤੇ ਗਰਮੀਆਂ ਵਿੱਚ ਚਾਰ ਸਪੈਸ਼ਲ ਹਾਊਸ ਬੈਠਕਾਂ ਕਰਵਾਈਆਂ ਜਾਣਗੀਆਂ। 17 ਜੂਨ ਤੱਕ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਐਮ.ਪੀਜ਼ ਕੋਵਿਡ-19 ਸਬੰਧੀ ਜਾਰੀ ਕੋਸ਼ਿਸ਼ਾਂ ਜਾਂ ਹੋਰ ਮਾਮਲਿਆਂ ਬਾਰੇ ਸਰਕਾਰ ਨਾਲ ਸਵਾਲ ਜਵਾਬ ਕਰ ਸਕਣਗੇ। ਇਸ ਫੈਸਲੇ ਅਨੁਸਾਰ ਹਾਊਸ ਆਫ ਕਾਮਨਜ਼ ਵਿੱਚ ਸੀਮਤ ਨੰਬਰ ਵਿੱਚ ਐਮ.ਪੀ ਵਿਅਕਤੀਗਤ ਤੌਰ ਤੇ ਹਿੱਸਾ ਲਿਆ ਕਰਨਗੇ ਅਤੇ ਬਾਕੀ ਐਮ.ਪੀਜ਼ ਆਪਣੇ ਹਲਕਿਆਂ ਤੋਂ ਵਰਚੂਅਲ ਤੌਰ ਤੇ ਪਾਰਲੀਮੈਂਟ ਦੀ ਕਾਰਵਾਈ ਵਿੱਚ ਹਿੱਸਾ ਲੈ ਸਕਣਗੇ। ਸਪੈਸ਼ਲ ਕਮੇਟੀ ਦੀਆਂ ਇਨ੍ਹਾਂ ਮੀਟਿੰਗਾਂ ਵਿੱਚ ਪ੍ਰੋਸੀਜਰਲ ਰੂਲ ਤੇ ਪਾਰਲੀਮੈਂਟਰੀ ਮਾਮਲੇ ਵਿਚਾਰੇ ਜਾਣਗੇ ਤੇ ਇਹ ਹਾਊਸ ਆਫ ਕਾਮਨਜ਼ ਦੀਆਂ ਮੀਟਿੰਗਾਂ ਨਹੀਂ ਹੋਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਸੀਂ ਬਾਕੀ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਂ ਲੱਭ ਲਿਆ ਹੈ। ਹੁਣ ਸਿਰਫ ਇਹ ਮਸਲਾ ਹੱਲ ਕਰਨ ਵਾਲਾ ਰਹਿ ਗਿਆ ਹੈ ਕਿ ਦੂਰ ਦੁਰਾਡੇ ਦੇ ਐਮ.ਪੀਜ਼ ਵੋਟ ਕਿਵੇਂ ਕਰਨਗੇ? ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਨੂੰ ਵੀ ਛੇਤੀ ਹੱਲ ਕਰ ਲਿਆ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …