Breaking News
Home / ਪੰਜਾਬ / ਮਾਲੇਰਕੋਟਲਾ ਕਾਂਡ ਵਿਚ ਦਿੱਲੀ ਦੇ ‘ਆਪ’ ਵਿਧਾਇਕ ਦਾ ਹੱਥ ਹੋਣ ਦਾ ਦੋਸ਼

ਮਾਲੇਰਕੋਟਲਾ ਕਾਂਡ ਵਿਚ ਦਿੱਲੀ ਦੇ ‘ਆਪ’ ਵਿਧਾਇਕ ਦਾ ਹੱਥ ਹੋਣ ਦਾ ਦੋਸ਼

naresh-yadav Ne Chd aa ke Badal copy copyਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਵਿਧਾਇਕ ਨਰੇਸ਼ ਯਾਦਵ ਨਾਲ ਸਬੰਧ : ਪੰਜਾਬ ਪੁਲਿਸ
ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ਼ ਦੀ ਬੇਅਦਬੀ ਪਿੱਛੇ ਆਮ ਆਦਮੀ ਪਾਰਟੀ (ਆਪ) ਦੇ ਮਹਿਰੋਲੀ (ਸਾਊਥ) ਤੋਂ ਵਿਧਾਇਕ ਨਰੇਸ਼ ਯਾਦਵ ਵੀ ਸ਼ਮੂਲੀਅਤ ਦੇ ਦਾਅਵੇ ਨੇ ਇਸ ਸੰਵੇਦਨਸ਼ੀਲ ਮਾਮਲੇ ਨੂੰ ਨਵਾਂ ਰੂਪ ਦੇ ਦਿੱਤਾ ਹੈ। ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ‘ਆਪ’ ਵਿਧਾਇਕ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਨਰੇਸ਼ ਯਾਦਵ ਖ਼ਿਲਾਫ਼ ਪੁਖ਼ਤਾ ਸਬੂਤ ਹਨ ਅਤੇ ਉਸ ਦਾ ਗ੍ਰਿਫ਼ਤਾਰੀ ਵਾਰੰਟ ਲੈ ਕੇ ਪੁੱਛ-ਗਿੱਛ ਕੀਤੀ ਜਾਵੇਗੀ। ਐਸਐਸਪੀ ਦਾ ਦਾਅਵਾ ਹੈ ਕਿ ਨਰੇਸ਼ ਯਾਦਵ ਦੀ ਮਾਲੇਰਕੋਟਲਾ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਵਿਜੇ ਕੁਮਾਰ ਨਾਲ ਗੂੜ੍ਹੀ ਸਾਂਝ ਹੈ ਅਤੇ ਘਟਨਾ ਤੋਂ ਪਹਿਲਾਂ ਦੋਹਾਂ ਦਰਮਿਆਨ ਕਈ ਵਾਰ ਹੋਈ ਗੱਲਬਾਤ ਦੇ ਵੇਰਵੇ ਇਕੱਤਰ ਕਰ ਲਏ ਗਏ ਹਨ। ਉਧਰ ਨਰੇਸ਼ ਯਾਦਵ ਨੇ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਕਿਸੇ ਵਿਜੇ ਕੁਮਾਰ ਨਾਮ ਦੇ ਵਿਅਕਤੀ ਨੂੰ ਨਹੀਂ ਜਾਣਦੇ ਅਤੇ ਨਾ ਹੀ ਮਾਲੇਰਕੋਟਲਾ ਦੀ ਘਟਨਾ ਨਾਲ ਉਨ੍ਹਾਂ ਦਾ ਕੋਈ ਸਬੰਧ ਹੈ। ‘ਆਪ’ ਦੇ ਵਿਧਾਇਕ ਦਾ ਇਸ ਸੰਵੇਦਨਸ਼ੀਲ ਮਾਮਲੇ ਵਿਚ ਨਾਮ ਆਉਣ ਤੋਂ ਬਾਅਦ ਰਾਜਨੀਤੀ ਵੀ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ‘ਆਪ’ ਵਿਰੁੱਧ ਵੱਡਾ ਮੁੱਦਾ ਮਿਲ ਗਿਆ ਹੈ।
ਜ਼ਿਕਰਯੋਗ ਹੈ ਕਿ ਸੰਗਰੂਰ ਪੁਲਿਸ ਵੱਲੋਂ 29 ਜੂਨ ਨੂੰ ਦਾਅਵਾ ਕੀਤਾ ਗਿਆ ਸੀ ਕਿ ਮਾਲੇਰਕੋਟਲਾ ਘਟਨਾ ਦਾ ਮੁੱਖ ਮੁਲਜ਼ਮ ਵਿਜੇ ਕੁਮਾਰ ਹੈ ਜੋ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸਬੰਧਤ ਮੰਨਿਆ ਜਾਂਦਾ ਹੈ ਅਤੇ ਹਿੰਦੂ ਜਥੇਬੰਦੀ ਦੇ ਆਗੂਆਂ ਨੇ ਵਿਜੇ ਕੁਮਾਰ ਨੂੰ ‘ਆਪਣਾ ਬੰਦਾ’ ਵੀ ਐਲਾਨਿਆ ਸੀ।
ਪੁਲਿਸ ਨੇ ਵਿਜੇ ਕੁਮਾਰ ਦੇ ਨਾਲ ਗੌਰਵ ਅਤੇ ਉਸ ਦੇ ਪਿਤਾ ਨੰਦ ਕਿਸ਼ੋਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਵਿਜੇ ਕੁਮਾਰ ਨੇ ਤਫ਼ਤੀਸ਼ ਦੌਰਾਨ ਮੰਨਿਆ ਹੈ ਕਿ ਮਾਲੇਰਕੋਟਲਾ ਵਿਚ ਪਵਿੱਤਰ ਕੁਰਾਨ ਸ਼ਰੀਫ਼ ਦੇ ਪੱਤਰੇ ਫਾੜਨ ਦੀ ਸਾਰੀ ਸਾਜ਼ਿਸ਼ ‘ਆਪ’ ਵਿਧਾਇਕ ਨਰੇਸ਼ ਯਾਦਵ ਵੱਲੋਂ ਘੜੀ ਗਈ ਸੀ।
ਪੁਲਿਸ ਮੁਤਾਬਕ 24 ਜੂਨ ਨੂੰ ਵਿਜੇ ਕੁਮਾਰ ਦਿੱਲੀ ਵਿੱਚ ਨਰੇਸ਼ ਯਾਦਵ ਨੂੰ ਉਸ ਦੇ ਘਰ ਵਿਚ ਮਿਲਿਆ ਸੀ ਅਤੇ ਕੁਰਾਨ ਸ਼ਰੀਫ਼ ਜਾਮਾ ਮਸਜਿਦ, ਨਵੀਂ ਦਿੱਲੀ ਤੋਂ ਹੀ ਖ਼ਰੀਦੀ ਗਈ ਸੀ। ਵਿਜੈ ਕੁਮਾਰ ਨੇ ਪੁਲਿਸ ਤਫ਼ਤੀਸ਼ ਦੌਰਾਨ ਕਬੂਲਿਆ ਹੈ ਕਿ ਇਸ ਕੰਮ ਲਈ ਨਰੇਸ਼ ਯਾਦਵ ਵੱਲੋਂ ਇਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ।ਪੁਲਿਸ ਦਾ ਦਾਅਵਾ ਹੈ ਕਿ ਵਿਜੇ ਕੁਮਾਰ ਦੇ ਫੋਨ ਦੀਆਂ ਕਾਲਾਂ ਦੀ ਡਿਟੇਲ ਕਢਵਾਈ ਗਈ ਤਾਂ ਸਮੀਖਿਆ ਦੌਰਾਨ ਪਤਾ ਲੱਗਾ ਕਿ 18, 19 ਅਤੇ 23 ਜੂਨ ਨੂੰ ਵਿਧਾਇਕ ਯਾਦਵ ਅਤੇ ਉਸ ਦਰਮਿਆਨ ਗੱਲਬਾਤ ਹੁੰਦੀ ਰਹੀ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …