62 ਦਿਨਾਂ ਬਾਅਦ ਦੇਸ਼ ‘ਚ ਕੀਤਾ ਜਾ ਸਕੇਗਾ ਹਵਾਈ ਸਫ਼ਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ‘ਚ 62 ਦਿਨਾਂ ਤੋਂ ਬੰਦ ਘਰੇਲੂ ਉਡਾਣਾਂ 25 ਮਈ ਤੋਂ ਮੁੜ ਸ਼ੁਰੂ ਹੋ ਰਹੀਆਂ ਹਨ। ਸ਼ਹਿਰੀ ਹਵਾਬਾਜ਼ੀ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਹਵਾਈ ਅੱਡਿਆਂ ਅਤੇ ਜਹਾਜ਼ ਕੰਪਨੀਆਂ ਨੂੰ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ 25 ਮਈ ਤੋਂ ਪੜਾਅ ਦਰ ਢੰਗ ਨਾਲ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਲਈ ਛੇਤੀ ਹੀ ਐੱਸ.ਓ.ਪੀ. ਜਾਰੀ ਕੀਤੀਆਂ ਜਾਣਗੀਆਂ। ਇਸੇ ਦੌਰਾਨ ਗ੍ਰਹਿ ਮੰਤਰਾਲੇ ਨੇ ਘਰੇਲੂ ਹਵਾਈ ਸੇਵਾ ਨੂੰ ਤਾਲਾਬੰਦੀ ਦੌਰਾਨ ਪਾਬੰਦੀਸ਼ੁਦਾ ਗਤੀਵਿਧੀਆਂ ਦੀ ਸੂਚੀ ‘ਚੋਂ ਹਟਾ ਦਿੱਤਾ, ਜਿਸ ਨਾਲ ਘਰੇਲੂ ਉਡਾਣਾਂ ਚਲਾਉਣ ਲਈ ਰਸਤਾ ਸਾਫ਼ ਹੋ ਗਿਆ। ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ ਤਹਿਤ ਗਠਿਤ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਵਜੋਂ ਇਸ ਸਬੰਧੀ ਆਦੇਸ਼ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਦੇਸ਼ ‘ਚ ਅੰਤਰਰਾਸ਼ਟਰੀ ਉਡਾਣਾਂ 23 ਮਾਰਚ ਤੋਂ ਅਤੇ ਘਰੇਲੂ ਉਡਾਣਾਂ 25 ਮਾਰਚ ਤੋਂ ਬੰਦ ਹਨ। ਹਾਲ ‘ਚ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਨੇ ਕੰਪਨੀਆਂ ਨੂੰ ਟਿਕਟਾਂ ਦੀ ਬੁਕਿੰਗ ਕਰਨ ਲਈ ਕਿਹਾ ਸੀ। ਕੇਂਦਰੀ ਮੰਤਰੀ ਪੁਰੀ ਨੇ ਮੰਗਲਵਾਰ ਨੂੰ ਵੀ ਉਡਾਣਾਂ ਸ਼ੁਰੂ ਕਰਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਕਿਹਾ ਸੀ ਕਿ ਸਹਿਯੋਗੀ ਸੰਘੀ ਢਾਂਚੇ ‘ਚ ਇਹ ਫੈਸਲਾ ਸਿਰਫ ਹਵਾਬਾਜ਼ੀ ਮੰਤਰਾਲੇ ਜਾਂ ਫਿਰ ਕੇਂਦਰ ਸਰਕਾਰ ਵਲੋਂ ਲਿਆ ਜਾ ਸਕਦਾ ਹੈ। ਇਸ ਲਈ ਉਡਾਣਾਂ ਜਿਥੋਂ ਚੱਲਣਗੀਆਂ ਅਤੇ ਜਿੱਥੇ ਪਹੁੰਚਣਗੀਆਂ, ਉਨ੍ਹਾਂ ਸਬੰਧਿਤ ਰਾਜਾਂ ਨੂੰ ਵੀ ਉਡਾਣਾਂ ਸ਼ੁਰੂ ਕਰਨ ਸਬੰਧੀ ਆਪਣੀ ਰਜ਼ਾਮੰਦੀ ਦੇਣੀ ਹੋਵੇਗੀ। ਤਾਲਾਬੰਦੀ ਦੌਰਾਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਵਾਪਸ ਲਿਆਉਣ ਅਤੇ ਮੈਡੀਕਲ ਸਪਲਾਈ ਲਈ ਕਾਰਗੋ ਉਡਾਣਾਂ ਚਲਾਈਆਂ ਗਈਆਂ ਸਨ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾ ਬੰਦ ਹੋਣ ਕਾਰਨ ਹਵਾਈ ਕੰਪਨੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ‘ਚ ਹਰ ਮਹੀਨੇ ਔਸਤਨ 1.3 ਕਰੋੜ ਅਤੇ ਸਾਲਾਨਾ 14 ਕਰੋੜ ਮੁਸਾਫਰ ਘਰੇਲੂ ਉਡਾਣਾਂ ਰਾਹੀਂ ਸਫਰ ਕਰਦੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …