2.2 C
Toronto
Wednesday, December 24, 2025
spot_img
Homeਪੰਜਾਬਪੰਜਾਬ ਦੀ ਬਰਬਾਦੀ ਦੀ ਅਸਲੀ ਜੜ੍ਹ ਕੌਣ? 'ਆਪ' ਦਾ ਸੁਖਬੀਰ ਬਾਦਲ ਤੇ...

ਪੰਜਾਬ ਦੀ ਬਰਬਾਦੀ ਦੀ ਅਸਲੀ ਜੜ੍ਹ ਕੌਣ? ‘ਆਪ’ ਦਾ ਸੁਖਬੀਰ ਬਾਦਲ ਤੇ ਕੈਪਟਨ ਵੱਲ ਇਸ਼ਾਰਾ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸਿੱਧਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਆਬਕਾਰੀ ਸਮੇਤ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਸ਼ਰੇਆਮ ਲੁੱਟ ਦੀ ਅਸਲੀ ਜੜ ਖ਼ੁਦ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨੀ ਛੇਤੀ ਕੁਰਸੀ ਤੋਂ ਉੱਤਰਨਗੇ, ਇਸੇ ਵਿਚ ਹੀ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਹੈ। ਚੀਮਾ ਨੇ ਕਾਂਗਰਸੀ ਵਜ਼ੀਰਾਂ, ਵਿਧਾਇਕਾਂ ਨੂੰ ਕਿਹਾ ਕਿ ਉਹ ਅਫ਼ਸਰਾਂ ਨਾਲ ਖਹਿਬੜਨ ਦੀ ਥਾਂ ਆਪਣੀ ਹਾਈਕਮਾਨ ਉੱਤੇ ਕੈਪਟਨ ਨੂੰ ਚੱਲਦਾ ਕਰਨ ਲਈ ਫ਼ੈਸਲਾਕੁਨ ਦਬਾਅ ਬਣਾਉਣ ਤੇ ਜਾਂ ਫਿਰ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਆਪਣੇ ਰੁਤਬੇ ਅਹੁਦੇ ਕੁਰਬਾਨ ਕਰਨ ਦੀ ਜੁਰਅਤ ਦਿਖਾਉਣ। ਚੀਮਾ ਨੇ ਕਿਹਾ ਜਿਵੇਂ ਅਕਾਲੀ-ਭਾਜਪਾ ਰਾਜ ‘ਚ ਸੁਖਬੀਰ ਸਿੰਘ ਬਾਦਲ ਸਾਰੇ ਮਾਫ਼ੀਏ ਦਾ ਸਰਗਨਾ ਸੀ, ਉਸੇ ਭੂਮਿਕਾ ‘ਚ ਹੁਣ ਕੈਪਟਨ ਅਮਰਿੰਦਰ ਸਿੰਘ ਹਨ। ਚੀਮਾ ਮੁਤਾਬਿਕ ਇਹ ਜੋ ਅਫ਼ਸਰ ਅਤੇ ਮੰਤਰੀ, ਵਿਧਾਇਕ ਬਿੱਲੀਆਂ ਵਾਂਗ ਲੜ ਰਹੇ ਹਨ, ਇਹ ਸਭ ਤਾਂ ਮੋਹਰੇ ਹਨ ਅਸਲੀ ‘ਅਲੀਬਾਬਾ’ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਹਨ । ਜੋ ਆਪਣੇ ਕਿਸੇ ਸ਼ਾਹੀ ਫਾਰਮ ਹਾਊਸ ‘ਚ ਬੈਠ ਕੇ ਨੀਰੋ ਵਾਂਗ ਨਜ਼ਾਰੇ ਲੈ ਰਹੇ ਹਨ। ਦਰਬਾਰੀ ਕਿਵੇਂ ਜੂਤ-ਪਤਾਣ ਹੋ ਰਹੇ ਹਨ ਅਤੇ ਕੋਰੋਨਾ ਮਹਾਮਾਰੀ ਅਤੇ ਲੌਕਡਾਊਨ ਕਾਰਨ ਪੰਜਾਬ ਦੇ ਲੋਕ ਕਿਵੇਂ ਤ੍ਰਾਹ-ਤ੍ਰਾਹ ਕਰ ਰਹੇ ਹਨ, ‘ਮਹਾਰਾਜੇ’ ਨੂੰ ਕੋਈ ਪ੍ਰਵਾਹ ਨਹੀਂ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਘੱਟੋ-ਘੱਟ ਆਪਣੀ ਲੋਕੇਸ਼ਨ ਹੀ ਜਨਤਕ ਕਰ ਦੇਣ। ਹਰਪਾਲ ਸਿੰਘ ਚੀਮਾ ਨੇ ਕਾਂਗਰਸੀਆਂ ਮੰਤਰੀਆਂ, ਵਿਧਾਇਕਾਂ ਨੂੰ ਕਿਹਾ ਕਿ ਜੇਕਰ ਤਿੰਨ ਸਾਲਾਂ ਬਾਅਦ ਸੱਚਮੁੱਚ ਹੀ ਉਨ੍ਹਾਂ ਅੰਦਰ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਲਈ ਦਰਦ ਜਾਗਿਆ ਹੈ ਤਾਂ ਹੁਣ ਉਹ ਇਸ ਬਿਮਾਰੀ ਦੀ ਜੜ ਵੱਢ ਕੇ ਹੀ ਦਮ ਲੈਣ। ਚੀਮਾ ਨੇ ਆਬਕਾਰੀ ਸਮੇਤ ਬਾਕੀ ਸਾਰੇ ਮਾਫ਼ੀਏ ਵੱਲੋਂ ਪੰਜਾਬ ਦੀ ਲੁੱਟ ਬਾਰੇ ਸਿੱਧਾ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਹਾਈਕੋਰਟ ਦੇ ਮੌਜੂਦਾ ਜੱਜਾਂ ਦਾ ‘ਇਨਕੁਆਰੀ ਕਮਿਸ਼ਨ’ ਬਿਠਾਉਣ ਦੀ ਮੰਗ ਕੀਤੀ ਜੋ ਸਮਾਂਬੱਧ ਰਿਪੋਰਟ ਦੇਵੇ।

RELATED ARTICLES
POPULAR POSTS