ਨਿੰਦਰ ਘੁਗਿਆਣਵੀ
ਪਿੱਛੇ ਜਿਹੇ ਅਸਿਹਣਸ਼ੀਲਤਾ ਦੇ ਮੁੱਦੇ ਕੌਮੀ ਪੱਧਰ ਉਤੇ ਖ਼ੂਬ ਰੌਲਾ ਰੱਪਾ ਪਿਆ ਸੀ ਤੇ ਫਿਰ ਇਕਦਮ ਚੁੱਪ ਪਸਰ ਗਈ ਤੇ ‘ਬਸ’ ਵਾਂਗੂੰ ਹੋ ਗਿਆ! ਮੇਰੇ ਮਨ ਵਿੱਚ ਇਹ ਸੁਆਲ ਵਾਰ-ਵਾਰ ਸ਼ੋਰ ਪਾਉਂਦਾ ਹੈ ਕਿ ਕੀ ਸਾਡੇ ਮੁਲਕ ਦਾ ਬੁੱਧੀਜੀਵੀ ਵਰਗ ਆਪਣੇ ਮੁਲਕ ਦੇ ਦਿਨੋ-ਦਿਨ ਡਗਮਗਾ ਰਹੇ ਢਾਂਚੇ ਤੋਂ ਚਿੰਤਤ ਹੈ, ਜਾਂ ਨਹੀਂ, ਜੇ ਨਹੀਂ ਹੈ, ਤਾਂ ਕਿਉਂ ਨਹੀਂ? ਜੇਕਰ ਬੁਧੀਜੀਵੀ ਵਰਗ ਚਿੰਤਤ ਹੈ, ਤਾਂ ਫਿਰ ਅਸੀਂ ਲੋਕ? ਅਸੀਂ ਕੀ ਕਰ ਰਹੇ ਹਾਂ? ਅਸੀਂ ਕਿਉਂ ਨਹੀਂ ਚਿੰਤਤ? ਸੁਆਲ ‘ਤੇ ਸੁਆਲ ਸਾਡੇ ਰੂਬਰੂ ਹਨ। ਚੰਗੇ ਤੇ ਨਿੱਗਰ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਕਲਾਵਾਂ ਕਿਉਂ ਰੁਲੀਆਂ ਨੇ? ਸੋ, ਇਹ ਸੱਚ ਹੈ ਤੇ ਬੜੀ ਸ਼ਿੱਦਤ ਨਾਲ ਸਮਝਿਆ ਵੀ ਜਾਂਦਾ ਹੈ ਕਿ ਇਸ ਬੁੱਧੀਜੀਵੀ ਵਰਗ ਨੇ ਆਪਣੇ ਦੇਸ਼ ਨੂੰ ਸੁਵਿਕਸਤ ਕਰਨ ਵਿਚ ਆਪੋ-ਆਪਣੀ ਪ੍ਰਬੀਨ-ਬੁੱਧੀ ਦੁਆਰਾ ਮਹੱਤਵਪੂਰਨ ਯੋਗਦਾਨ ਪਾਉਣਾ ਹੁੰਦਾ ਹੈ, ਤੇ ਪਾਉਂਦੇ ਆਏ ਹਨ ਪਰ ਪਿਛਲਝਾਤ ਮਾਰੀਏ ਤਾਂ ਜਾਪਦੈ ਕਿ ਇੰਝ ਹੋਇਆ ਨਹੀਂ ਹੈ, ਸਗੋਂ ਬੁੱਧੀਜੀਵੀ ਵਰਗ ਆਪੋ ਵਿਚ ਹੀ ਉਲਝਿਆ ਹੋਇਆ ਨਜ਼ਰ ਆ ਰਿਹਾ ਹੈ। ਪਿੱਛੇ ਜਿਹੇ ਸਾਡੇ ਬੁੱਧੀਜੀਵੀ ਕੌਮੀ ਤੇ ਰਾਜ-ਪੱਧਰੀ ਸਰਕਾਰੀ ਪੁਰਸਕਾਰ ਮੋੜਨ ਲੱਗੇ ਤਾਂ ਮੋੜਦੇ ਹੀ ਚਲੇ ਗਏ। ਕਈ ਮੋੜਨ ਵਾਲਿਆਂ ਦੇ ਖ਼ਿਲਾਫ਼ ਬੋਲੀ ਜਾ ਰਹੇ ਸਨ, ਕਈ ਹਾਸਿਲ ਕਰਨ ਵਾਲਿਆਂ ਦੇ ਉਲਟ ਬੋਲੀ ਜਾ ਰਹੇ ਸਨ। ਅਜਿਹੇ ਮੌਕੇ ਕੁਝ ‘ਮੋੜੀ ਗਏ’ ਤੇ ਕੁਝ ‘ਪੂਾੰਪਤ ਕਰੀ’ ਗਏ। ਸਮਝੋ ਬਾਹਰੀ ਗੱਲ ਹੋ ਗਈ ਸੀ ਤੇ ਅਸਾਂ ਉਦੋਂ ਵੀ ਇਸ ਗੰਭੀਰ ਮੁੱਦੇ ਉਤੇ ਇਸੇ ਕਾਲਮ ਰਾਹੀਂ ਆਪਣੀ ਕਲਮ ਉਠਾਈ ਸੀ। ਇਹ ਗੱਲ ਨਹੀਂ ਹੈ ਕਿ ਕਲਮਾਂ ਚੁੱਪ ਨੇ, ਬਹੁਤ ਕਲਮਾਂ ਕਲਪ ਰਹੀਆਂ ਨੇ, ਪਰ ਜਿੰਨੀ ਵੱਡੀ ਪੱਧਰ ‘ਤੇ ਹੋਣਾ ਚਾਹੀਦਾ ਹੋ ਨਹੀਂ ਰਿਹੈ!
ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਾਡੀਆਂ ਲੋਕ-ਕਲਾਵਾਂ ਸਾਹਿਤ, ਫ਼ਿਲਮਾਂ ਤੇ ਸੰਗੀਤ ਲੋਕਾਂ ਦੀ ਸੁਚੱਜੀ ਅਗਵਾਈ ਤੇ ਰਾਹਨੁਮਾਈ ਕਰਦੇ ਹਨ, ਕਿਉਂਕਿ ਲੋਕਾਂ ਦਾ ਸਮੁੱਚਾ ਜੀਵਨ ਹੀ ਇਨ੍ਹਾਂ ਲੋਕ-ਕਲਾਵਾਂ ਵਿਚੋ ਝਲਕਦਾ ਹੈ ਤੇ ਲੋਕਾਂ ਦੀ ਸੁੱਧ-ਬੁੱਧ ਵੀ ਇਨ੍ਹਾਂ ਕਲਾਵਾਂ ਦੇ ਆਸਰੇ ਹੀ ਕਾਇਮ ਤੇ ਤੰਦਰੁਸਤ ਰਹਿੰਦੀ ਹੈ, ਪਰੰਤੂ ਇਸ ਵੇਲੇ ਇਕ ਵੱਡਾ ਸਵਾਲ ਮੂੰਹ ਅੱਡੀ ਸਾਹਮਣੇ ਆਣ ਖਲੋਇਆ ਹੈ ਕਿ ਜੇਕਰ ਇਹ ਸਾਡਾ ਸਮੁੱਚਾ ਸਮਾਜਿਕ ਤਾਣਾ-ਬਾਣਾ ਉਲਝਿਆ ਚਲਿਆ ਆ ਰਿਹਾ ਹੈ, ਤਾਂ ਕੀ ਅਜਿਹਾ ‘ਸਭ ਕੁਝ’ ਇਨ੍ਹਾਂ ਸਾਰੀਆਂ ਕਲਾਵਾਂ ਦੇ ਪੂੰਭਾਵ ਕਬੂਲਣ ਕਾਰਨ ਹੀ ਹੋਇਆ ਹੈ? ਜਨ-ਸਮੂਹ ਖ਼ਾਮੋਸ਼ੀ ਭਰੀ ‘ਹਾਂ’ ਵਿਚ ਜਵਾਬ ਦੇਵੇਗਾ। ਪਹਿਲੇ ਵੇਲੇ ਜਦੋਂ ਫ਼ਿਲਮਾਂ ਵਿਚ ਮਾਰਧਾੜ ਹੁੰਦੀ ਦਿਸਦੀ ਸੀ ਤਾਂ ਬਾਲ-ਮਨਾਂ ਉਤੇ ਇਸਦਾ ਸਿੱਧਾ-ਸਪਾਟ ਅਸਰ ਪੈਂਦਾ ਸੀ। ਸਾਡੇ ਬੱਚੇ ਫ਼ਿਲਮ ਐਕਟਰਾਂ ਵਾਂਗ ਲੜਦੇ ਆਮ ਹੀ ਦਿਖਾਈ ਦਿੰਦੇ ਸਨ। ਜਦੋਂ ਗੀਤਾਂ ਵਿਚ ਸ਼ਰਾਬ ਤੇ ਹਥਿਆਰ ਆਉਣ ਲੱਗੇ ਤੇ ਇਸਦਾ ਲੱਖਾਂ-ਕਰੋੜਾਂ ਦੇ ਬੱਜਟ ਵਿੱਚ ਵੀਡੀਓਕਰਨ ਹੋਣਾ ਸ਼ੁਰੂ ਹੋਇਆ, ਤਾਂ ਲੋਕਾਂ ਦੇ ਮਨਾਂ ਉੱਪਰ ਇਸਦੀ ਅਮਿੱਟ ਛਾਪ ਕਿਵੇਂ ਨਾ ਪੈਂਦੀ? ਜਦੋਂ ਕਲਾ ਦੇ ਪਰਦੇ ਉਤੇ ਇਹ ਸਭ ਕੁਝ ਆਇਆ ਤੇ ਲੋਕਾਂ ਨੇ ਦੇਖਿਆ ਕਿ ਨਜਾਇਜ਼ ਕਬਜ਼ੇ ਕਿਵੇਂ ਹਾਸਿਲ ਕਰਨੇ ਹਨ, ਲੰਡੀਆਂ ਜੀਪਾਂ ਉਤੇ ਚੜ੍ਹ ਕੇ ਫਾਇਰਿੰਗ ਕਰਨੀ ਹੈ, ਬੁਲੇਟ ਮੋਟਰ ਸਾਈਕਲਾਂ ਉਤੇ ਚੜ੍ਹ ਕੇ ਬੰਦੇ ਮਾਰਨੇ ਹਨ ਤੇ ਮਗਰੋਂ ਲਲਕਾਰੇ ਗੂੰਜਾਣੇ ਹਨ, ਇਹ ਕੁਝ ਸਾਡੀਆਂ ਕਲਾਵਾਂ ਵਿੱਚ ਪੇਸ਼ ਹੋਇਆ ਤਾਂ ਸਾਡੀ ਨੌਜਵਾਨ ਪੀੜ੍ਹੀ ਇਕਦਮ ਇਹਨਾਂ ਦੀ ਦੀਵਾਨੀ ਹੋ ਕੇ ਹੀ ਰਹਿ ਗਈ ਤੇ ਸਾਡੀ ਜੁਆਨੀ ਇਸ ਸਭ ਕੁਝ ਹਾਸਿਲ ਕਰਨ ਲਈ ਇਕਦਮ ਬਿਹਬਲ ਹੋ ਉੱਠੀ। ਜਦ ਬੱਚੇ ਮਾਪਿਆਂ ਨੂੰ ਆਪਣੇ ਵਲੋਂ ਖੁਦਕੁਸ਼ੀਆਂ ਕਰਨ ਤੇ ਘਰੋਂ ਭੱਜਣ ਦੀਆਂ ਧਮਕੀਆਂ ਦੇਣ ਲੱਗੇ ਤਾਂ ਮਾਪੇ ਜ਼ਮੀਨਾਂ ਵੇਚ ਕੇ ਆਪਣੇ ਬੱਚਿਆਂ ਦੀਆਂ ਅਜਿਹੀਆਂ ਖ਼ਾਹਿਸ਼ਾਂ ਪਲੋ-ਪਲੀ ਪੂਰੀਆਂ ਕਰਨ ਲੱਗ ਪਏ। ਕੋਈ ਮਹਿੰਗੀ ਗੱਡੀ ਤੇ ਕੋਈ ਮਹਿੰਗੇ ਹਥਿਆਰ ਲੈ ਕੇ ਦੇਣ ਲੱਗਾ ਆਪਣੇ ਬੱਚਿਆਂ ਨੂੰ। ਸੋ, ਸਿੱਟਾ ਸਾਡੇ ਸਾਹਮਣੇ ਹੈ ਕਿ ਹੁਣ ਹਥਿਆਰਾਂ ਦੀ ਧੜਾਧੜ ਵਿਕਰੀ ਨੇ ਅਜਿਹੇ ਗੁੱਲ ਖਿਲਾ ਦਿੱਤੇ ਹਨ ਕਿ ਗੈਂਗਵਾਰਾਂ ਦਾ ਬੋਲਬਾਲਾ ਵਧਣ ਲੱਗਿਆ ਹੈ।
ਕੁਝ ਸਾਲ ਪਹਿਲਾਂ ਇੱਕ ਹੋਰ ਟਰੈਂਡ ਚੱਲਿਆ ਸੀ ਬਦੇਸ ਜਾਣ ਦਾ, ਇਹ ਸਾਡੀ ਜੁਆਨੀ ਲਈ ਬਹੁਤ ਮਾੜਾ ਭੁੱਸ ਸੀ। ਇਸ ਨੇ ਤਾਂ ਜਿਵੇਂ ਸਭਨਾਂ ਨੂੰ ਹੀ ਕਮਲੇ ਕਰ ਦਿੱਤਾ ਹੋਵੇ! ਨੌਜਵਾਨੀ ਨੂੰ ਦਿਨ-ਰਾਤ ਬਦੇਸ ਦੇ ਸੁਪਨੇ ਆਉਣ ਲੱਗੇ, ਹਰ ਤਰਾਂ ਦਾ ਹਥਕੰਡਾ ਅਪਨਾ ਕੇ ਜੁਆਨੀ ਆਪਣੇ ਮੁਲਕ ਤੋਂ ਬਾਹਰ ਦੌੜਨ ਲੱਗੀ। ਬਾਹਰਲੇ ਮੁਲਕਾਂ ਦੀਆਂ ਉੱਚੀਆਂ ਇਮਾਰਤਾਂ, ਸਮੁੰਦਰ, ਨਦੀਆਂ ਤੇ ਝੀਲਾਂ ਦੀਆਂ ਕਿਸ਼ਤੀਆਂ ਜਿਵੇਂ ਆਪਣੇ ਵੱਲ ਸਾਡੀ ਜੁਆਨੀ ਨੂੰ ਹਾਕਾਂ ਮਾਰ ਰਹੀਆਂ ਹੋਣ ਕਿ ਆਵੋ…ਆਵੋ…ਚੜੋ..ਚੜ੍ਹੋ ਤੇ ਡੁੱਬੋ..ਡੁੱਬੋ..! ਸੋ, ਅਜਿਹਾ ਵਕਤ ਆਇਆ ਕਿ ਬਹੁਤ ਲੋਕ ਬਿਲਕੁਲ ਹੀ ਭੁੰਜੇ ਲਹਿ ਗਏ। ਉਹਨਾਂ ਦੀ ਬਦੇਸ਼ ਜਾਣ ਦੀ ਚਕਾਚੌਂਧ ਨੇ ਉਹਨਾਂ ਦੀਆਂ ਸੋਨੇ ਦੇ ਮੁੱਲ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵਿਕਵਾ ਦਿੱਤੀਆਂ।
ਬਦੇਸਾਂ ਵਿੱਚ ਜਾ ਕੇ ਵੀ ਬਹੁਤਿਆਂ ਦੇ ਹੱਥ ਪੱਲੇ ਕੁਝ ਨਾ ਪਿਆ ਤੇ ‘ਮੱਛੀ ਪੱਥਰ ਚੱਟ ਕੇ ਫਿਰ ਵਾਪਸ’ ਮੁੜ ਆਈ। ਅਜਿਹੇ ਲੋਕ ਆਪਣੇ ਆਪ ਨੂੰ ਉਜੜੇ-ਉਜੜੇ ਮੁਹਿਸੂਸ ਕਰਦੇ ਮੈਂ ਅੱਖੀਂ ਦੇਖੇ ਹਨ। ਹੁਣ ਇੱਥੇ ਖਾਣ ਨੂੰ ਕੁਝ ਨਹੀਂ ਬਚਿਆ ਹੈ ਤੇ ਉਥੋਂ (ਬਦੇਸ ਵਿੱਚੋਂ) ਕੁਝ ਮਿਲਿਆ ਨਹੀਂ ਹੈ। ਜਿਹੜੇ ਬਦੇਸ਼ਾਂ ਵਿੱਚ ਸੰਘਰਸ਼ ਕਰਨ ਲੱਗੇ ਹੋਏ ਹਨ, ਕਦੀ ਉਹਨਾਂ ਨੂੰ ਵੀ ਪੁੱਛ ਕੇ ਦੇਖਣਾ ਕਿ ਜਿਹੜੀ ‘ਠੰਢੀ ਧਰਤੀ’ ਉਤੇ ਜਾ ਕੇ ਤੁਸੀਂ ਜਿਹੜੀ ‘ਠੰਢਕ’ ਮਾਣੀ ਹੈ, ਉਸਦਾ ਜ਼ਰਾ ਕੁ ਸਵਾਦ ਸਾਨੂੰ ਵੀ ਚਖਾਓ! ਸੱਚ ਤਾਂ ਇਹੋ ਹੈ ਕਿ ਉਹ ਧਰਤੀ ਤਾਂ ਠੰਢੀ ਹੈ ਤੇ ਉਸ ਉਤੇ ਰਹਿਣ ਵਾਲੇ ਲੋਕ ਤਪਦੇ ਹਨ। ਬਹੁਤ ਸਾਰੀ ਜੁਆਨੀ ਦੀ ਤਾਂ ਇਹ ਪੱਕੀ-ਪਕਾਈ ਜ਼ਿਦ ਸੀ ਕਿ ਉਹਨਾਂ ਬਾਹਰ ਜਾਣਾ ਹੀ ਜਾਣਾ ਹੈ, ਚਾਹੇ ਰਾਹੇ ਜਾਂਦੇ ਹੀ ਮਾਰੇ ਜਾਣ, ਕੋਈ ਪਰਵਾਹ ਨਹੀਂ ਹੈ। ਸੋ, ਉਹਨਾਂ ਵਿਚੋਂ ਕੁਝ ਜਿਹੜੇ ਰੁਲਦੇ-ਖੁਲਦੇ ਤੇ ਅਧਵਾਟੇ ਮਰਦੇ-ਖਪਦੇ ਸਿਰੇ ਜਾ ਲੱਗੇ, ਉਹ ਤਿੱਖੇ ਸੰਘਰਸ਼ ਦਾ ਸਾਹਮਣਾ ਕਰ ਰਹੇ ਹਨ। ਹੇ, ਮੇਰੇ ਪਿਆਰੇ ਮੁਲਕ ਦੇ ਪਿਆਰੇ-ਪਿਆਰੇ ਤੇ ਸਤਿਕਾਰੇ-ਸਤਿਕਾਰੇ ਬੁੱਧੀਜੀਵੀਓ! ਕਦੇ ਸੋਚਣਾ ਇਹਨਾਂ ਸਭਨਾਂ ਬਾਰੇ ਵੀ ਤੇ ਲਿਖਣਾ, ਕਿਉਂਕਿ ਤੁਹਾਡੀ ਕਲਮ ਵਿੱਚ ਬਹੁਤ ਤਾਕਤ ਹੈ ਮੇਰੇ ਮੁਲਕ ਦੇ ਲਿਖਾਰੀਓ!
[email protected]
-94174-21700
Check Also
ਭਾਰਤ ਉੱਤੇ ਮੌਸਮੀ ਤਬਦੀਲੀਆਂ ਦੀ ਮਾਰ
ਡਾ. ਗੁਰਿੰਦਰ ਕੌਰ ਮੌਸਮੀ ਤਬਦੀਲੀਆਂ ਹੁਣ ਭਵਿੱਖ ਦੀ ਗੱਲ ਨਹੀਂ ਰਹੀਆਂ। ਇਹ ਹਰ ਮੁਲਕ ਨੂੰ …