3.6 C
Toronto
Thursday, November 6, 2025
spot_img
Homeਪੰਜਾਬਪੰਜਾਬ ਦੇ ਕਿਸਾਨ ਹੱਦੋਂ ਵੱਧ ਖਾਦਾਂ ਦੀ ਕਰਦੇ ਹਨ ਵਰਤੋਂ

ਪੰਜਾਬ ਦੇ ਕਿਸਾਨ ਹੱਦੋਂ ਵੱਧ ਖਾਦਾਂ ਦੀ ਕਰਦੇ ਹਨ ਵਰਤੋਂ

‘ਮਿੱਟੀ ਸਿਹਤ ਕਾਰਡ’ ਵੰਡਣ ਦੇ ਬਾਵਜੂਦ ਪੰਜਾਬ ਵਿਚ ਖਾਦਾਂ ਦੀ ਵਰਤੋਂ ਨਹੀਂ ਘਟੀ
ਜਲੰਧਰ/ਬਿਊਰੋ ਨਿਊਜ਼ : ਕਿਸਾਨਾਂ ਨੂੰ ਦੋ ਸਾਲਾਂ ਵਿਚ 24 ਲੱਖ ‘ਮਿੱਟੀ ਸਿਹਤ ਕਾਰਡ’ ਵੰਡਣ ਦੇ ਬਾਵਜੂਦ ਪੰਜਾਬ ਵਿਚ ਖਾਦਾਂ ਦੀ ਵਰਤੋਂ ਘੱਟ ਨਹੀਂ ਰਹੀ। ਪੰਜਾਬ ਵਿਚ ਦੇਸ਼ ਨਾਲੋਂ ਛੇ ਗੁਣਾਂ ਵੱਧ ਖਾਦਾਂ ਵਰਤੀਆਂ ਜਾ ਰਹੀਆਂ ਹਨ। ਇਹ ਤੱਥ ਕੇਂਦਰ ਸਰਕਾਰ ਵੱਲੋਂ ਦੋ ਸਾਲਾਂ ਵਿਚ ਮਿੱਟੀ ਸਿਹਤ ਕਾਰਡ ਵੰਡਣ ਤੋਂ ਬਾਅਦ ਸਾਹਮਣੇ ਆਏ ਹਨ। ਕੇਂਦਰ ਸਰਕਾਰ ਨੇ ਇਹ ਸਕੀਮ 2014-15 ਵਿਚ ਸ਼ੁਰੂ ਕਰ ਦਿੱਤੀ ਸੀ ਪਰ ਪੰਜਾਬ ਵਿਚ ਇਹ ਸਕੀਮ 2016-17 ਵਿਚ ਲਾਗੂ ਕੀਤੀ ਗਈ ਸੀ। ਪਹਿਲੇ ਪੜਾਅ ‘ਚ ਸਾਢੇ 12 ਲੱਖ ਮਿੱਟੀ ਸਿਹਤ ਕਾਰਡ ਅਤੇ ਦੂਜੇ ਪੜਾਅ ‘ਚ ਸਾਢੇ 11 ਲੱਖ ਮਿੱਟੀ ਸਿਹਤ ਕਾਰਡ ਵੰਡੇ ਗਏ ਸਨ। ਹਰ ਪੜਾਅ ‘ਚ 8 ਲੱਖ 35 ਹਜ਼ਾਰ ਮਿੱਟੀ ਦੇ ਨਮੂਨੇ ਲਏ ਗਏ ਸਨ। ਪੰਜਾਬ ਵਿਚ ਕਣਕ ਤੇ ਝੋਨੇ ਦੀਆਂ ਫਸਲਾਂ ਦੌਰਾਨ ਸਾਢੇ 26 ਲੱਖ ਟਨ ਯੂਰੀਆ ਖਾਦ ਦੀ ਵਰਤੋਂ ਹੁੰਦੀ ਹੈ ਜਦਕਿ ਕਣਕ ਦੀ ਫਸਲ ਵੇਲੇ 7 ਲੱਖ ਟਨ ਡੀਏਪੀ ਖਾਦ ਵਰਤੀ ਜਾਂਦੀ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਸਮਝਾਉਣ ਦੇ ਬਾਵਜੂਦ ਫਸਲਾਂ ‘ਚ ਖਾਦਾਂ ਪਾਉਣ ਦਾ ਰੁਝਾਨ ਘੱਟ ਨਹੀਂ ਹੋ ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਕੁੱਲ ਰਕਬੇ ‘ਚ ਪੰਜਾਬ ਦਾ ਰਕਬਾ ਡੇਢ ਫੀਸਦੀ ਆਉਂਦਾ ਹੈ ਜਦਕਿ ਇਥੇ ਦੇਸ਼ ‘ਚ ਹੁੰਦੀ ਖਾਦਾਂ ਦੀ ਖਪਤ ਦਾ 9 ਫੀਸਦੀ ਹਿੱਸਾ ਪਾਇਆ ਜਾ ਰਿਹਾ ਹੈ। ਪੰਜਾਬ ਦੇ 40 ਲੱਖ ਹੈਕਟੇਅਰ ਰਕਬੇ ਵਿਚ ਖੇਤੀ ਹੁੰਦੀ ਹੈ ਜਦਕਿ ਪੰਜਾਬ ਦਾ ਕੁੱਲ ਰਕਬਾ 50,360 ਵਰਗ ਕਿਲੋਮੀਟਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 1961 ਤੋਂ ਲੈ ਕੇ ਕਣਕ ਦੀ ਪੈਦਾਵਾਰ ਸਿਰਫ ਚਾਰ ਗੁਣਾਂ ਵਧੀ ਹੈ ਜਦਕਿ ਖਾਦਾਂ ਦੀ ਵਰਤੋਂ ਪ੍ਰਤੀ ਏਕੜ 4200 ਵਾਰ ਹੋ ਰਹੀ ਹੈ।
ਸਾਉਣੀ ਤੇ ਹਾੜ੍ਹੀ ਦੀਆਂ ਫਸਲਾਂ ‘ਚ 445 ਕਿਲੋ ਪ੍ਰਤੀ ਹੈਕਟੇਅਰ ਖਾਦ ਵਰਤੀ ਜਾ ਰਹੀ ਹੈ ਜਦਕਿ ਦੇਸ਼ ਵਿਚ ਇਸ ਦੀ ਔਸਤ 82.2 ਕਿਲੋ ਹੁੰਦੀ ਹੈ। ਖਾਦਾਂ ਦੇ ਵਧੇ ਰੁਝਾਨ ਨਾਲ ਪੰਜਾਬ ਵਿਚ ਬਿਮਾਰੀਆਂ ਵੀ ਵਧ ਰਹੀਆਂ ਹਨ। ਜੁਆਇੰਟ ਡਾਇਰੈਕਟਰ ਖਾਦਾਂ ਜਗਤਾਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਡੀਏਪੀ 10 ਫੀਸਦੀ ਘਟਾਉਣ ਦਾ ਟੀਚਾ ਹੈ ਪਰ ਹਾਲੇ ਤਕ 7 ਫੀਸਦੀ ਤੱਕ ਹੀ ਖਾਦਾਂ ਘਟੀਆਂ ਹਨ। ਉਨ੍ਹਾਂ ਦੱਸਿਆ ਕਿ ਸਾਉਣੀ ਦੀ ਫਸਲ ਲਈ ਪਹਿਲਾਂ ਸਵਾ ਦੋ ਲੱਖ ਟਨ ਡੀਏਪੀ ਖਾਦ ਦੀ ਵਰਤੋਂ ਹੁੰਦੀ ਸੀ ਜਿਹੜੀ ਹੁਣ ਡੇਢ ਲੱਖ ਟਨ ਤੱਕ ਆ ਗਈ ਹੈ। ਉਨ੍ਹਾਂ ਦੱਸਿਆ ਕਿ ਡੀਏਪੀ ਖਾਦ ਦਾ ਅਸਰ ਸਾਲ ਭਰ ਜ਼ਮੀਨ ਵਿਚ ਰਹਿੰਦਾ ਹੈ। ਕੇਂਦਰ ਸਰਕਾਰ ਵੱਲੋਂ ਮਿੱਟੀ ਸਿਹਤ ਕਾਰਡ ਦੀ ਸਕੀਮ ਨਾਲ ਹੀ ਮਾਡਲ ਹੈਲਥ ਪਿੰਡ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਬਲਾਕ ਦਾ ਇਕ ਪਿੰਡ ਚੁਣਿਆ ਜਾਂਦਾ ਹੈ, ਉਥੇ ਸਾਰੇ ਪਿੰਡ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਕੀਤੀ ਜਾਂਦੀ ਹੈ। ਪਿੰਡ ਦਾ ਨਕਸ਼ਾ ਵੀ ਉਥੇ ਲਗਾਇਆ ਜਾਂਦਾ ਹੈ ਜਿਸ ਵਿਚ ਇਹ ਦੱਸਿਆ ਜਾਂਦਾ ਹੈ ਕਿ ਕਿਹੜੇ ਖੇਤ ਵਿਚ ਕਿਸ ਚੀਜ਼ ਦੀ ਘਾਟ ਹੈ।

RELATED ARTICLES
POPULAR POSTS