ਐੱਮ.ਪੀ. ਮਨਿੰਦਰ ਸਿੱਧੂ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਵੱਲੋਂ ਸ਼ਿਰਕਤ ਕਰਨ ਨਾਲ ਮਾਹੌਲ ਬੜਾ ਖੁਸ਼ਗੁਆਰ ਬਣਿਆ
ਬਰੈਂਪਟਨ/ਡਾ.ਝੰਡ : 25 ਦਸੰਬਰ ਨੂੰ ਕ੍ਰਿਸਮਸ ਅਤੇ ਹੋਰ ਕੁਝ ਦਿਨਾਂ ਨੂੰ ਨਵੇਂ ਸਾਲ 2020 ਦੀ ਹੋਣ ਵਾਲੀ ਸ਼ੁਭ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਦੇ ਮੈਂਬਰਾਂ ਨੇ ਲੰਘੇ ਸ਼ੁੱਕਰਵਾਰ 20 ਦਸੰਬਰ ਨੂੰ ਜੀ.ਟੀ.ਐੱਮ. ਆਫ਼ਿਸ ਦੇ ਪਿਛਲੇ ਪਾਸੇ ਵਾਲੇ ਹਾਲ ਵਿਚ ਸਲਾਨਾ ਡਿਨਰ-ਪਾਰਟੀ ਕੀਤੀ ਜਿਸ ਵਿਚ ਕਲੱਬ ਦੇ ਸਮੂਹ ਮੈਂਬਰ, ਵਾਲੰਟੀਅਰ, ਸਪਾਂਸਰਜ਼ ਅਤੇ ਮੀਡੀਆ ਦੇ ਮੈਂਬਰ ਸ਼ਾਮਲ ਹੋਏ। ਇਸ ਪਾਰਟੀ ਦੀ ਇਹ ਖ਼ਾਸੀਅਤ ਸੀ ਕਿ ਇਸ ਵਿਚ ਬਰੈਂਪਟਨ ਈਸਟ ਤੋਂ ਨਵੇਂ ਚੁਣੇ ਗਏ ਨੌਜੁਆਨ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਉਨ੍ਹਾਂ ਦੇ ਆਫ਼ਿਸ ਅਸਿਸਟੈਂਟ ਸ਼ਰਨ ਬਾਸੀ ਅਤੇ ਵਾਰਡ ਨੰਬਰ 9-10 ਦੀ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਇਸ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।
ਸ਼ਾਮ ਦੇ ਲੱਗਭੱਗ ਸੱਤ ਵਜੇ ਆਰੰਭ ਹੋਈ ਪਾਰਟੀ ਵਿਚ ਸਕੂਲ-ਟਰੱਸਟੀ ਬਲਬੀਰ ਸੋਹੀ ਦਾ ਆਉਣਾ ਅਤੇ ਆ ਕੇ ਇਸ ਰੱਨਰਜ਼ ਕਲੱਬ ਦੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਕਲੱਬ ਲਈ ਬੜੇ ਮਾਣ ਵਾਲੀ ਗੱਲ ਸੀ। ਇਸ ਮੌਕੇ ਮੈਂਬਰਾਂ, ਵਾਲੰਟੀਅਰਾਂ ਅਤੇ ਸਪਾਂਸਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਇਸ ਕਲੱਬ ਦੇ ਮੈਂਬਰ ਪਿਛਲੇ 6-7 ਸਾਲਾਂ ਤੋਂ ਵੱਖ-ਵੱਖ ਦੌੜਾਂ ਵਿਚ ਸ਼ਾਮਲ ਹੋ ਕੇ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਦਾ ਸ਼ੁਭ-ਸੁਨੇਹਾ ਦੇ ਰਹੇ ਹਨ। ਬੱਚਿਆਂ ਦੀ ਸਹੀ ਪ੍ਰਵਰਿਸ਼ ਅਤੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਵਧੇਰੇ ਸਮਾਂ ਦੇਣ ‘ઑਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਪੜ੍ਹਾਈ ਦੇ ਨਾਲ ਨਾਲ ਇਨ੍ਹਾਂ ਦੀ ਚੰਗੀ ਸਰੀਰਕ ਤੇ ਦਿਮਾਗ਼ੀ ਸਿਹਤ ਹੋਣਾ ਬਹੁਤ ਹੀ ਜ਼ਰੂਰੀ ਹੈ। ਇਕ ਤਾਜ਼ੇ ਅਧਿਐਨ ਦਾ ਹਵਾਲਾ ਦਿੰਦਆਂ ਉਨ੍ਹਾਂ ਕਿਹਾ ਕਿ ਕੇਵਲ 35 ਫੀਸਦੀ ਬੱਚੇ ਹੀ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਰਨਾ ਪਸੰਦ ਕਰਦੇ ਹਨ ਅਤੇ 65 ਫੀਸਦੀ ਵੀਡੀਓ-ਗੇਮਾਂ, ਗੱਪ-ਸ਼ੱਪ ਅਤੇ ਹੋਰ ਵਾਧੂ-ਘਾਟੂ ਕੰਮਾਂ ਵਿਚ ਬਿਜ਼ੀ ਰਹਿੰਦੇ ਹਨ। ਸਾਨੂੰ ਦਿਨੋਂ-ਦਿਨ ਵੱਧ ਰਹੇ ਇਸ ਜੈੱਨਰੇਸ਼ਨ-ਗੈਪ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਖੇਡਾਂ, ਉਸਾਰੂ ਮਨੋਰੰਜਨ ਅਤੇ ਹੋਰ ਸਾਰਥਿਕ-ਕ੍ਰਿਆਵਾਂ (ਕਰੀਏਰਿਵ-ਐਕਟੀਵਿਟੀਜ਼) ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਲੱਬ ਮੈਂਬਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਬੱਚਿਆਂ ਨੂੰ ਆਪਣੀ ਕਲੱਬ ਨਾਲ ਜੋੜਨ ਲਈ ਕਿਹਾ। ਇਸ ਤੋਂ ਕੁਝ ਦੇਰ ਬਾਅਦ ਹੀ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਅਤੇ ਸ਼ਰਨ ਬਾਸੀ ਦੇ ਆਉਣ ਨਾਲ ਮਾਹੌਲ ਹੋਰ ਵੀ ਖ਼ੁਸ਼ਗੁਆਰ ਹੋ ਗਿਆ। ਮਨਿੰਦਰ ਸਿੱਧੂ ਨੇ ਆਪਣੇ ਵੱਲੋਂ ਕਲੱਬ ਨੂੰ ਸੁਭ-ਕਾਮਨਾਵਾਂ ਦਿੰਦਿਆਂ ਹੋਇਆਂ ਇਸ ਨੂੰ ਹੋਰ ਵੀ ਚੜ੍ਹਦੀਆਂ-ਕਲਾਂ ਵਿਚ ਲਿਜਾਣ ਲਈ ਕਿਹਾ। ਜਦੋਂ ਉਨ੍ਹਾਂ ਨੂੰ ਕਲੱਬ ਦੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ ਦੇ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਅਪ੍ਰੈਲ 2020 ਵਿਚ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਦੌੜ ਵਿਚ ਭਾਗ ਲੈਣ ਅਤੇ ਇਸ ਦੇ ਇਕ ਹੋਰ ਮੈਂਬਰ ਸੰਜੂ ਗੁਪਤਾ ਦੇ ਇਸ ਸਾਲ 2019 ਦੌਰਾਨ 55 ਵੱਖ-ਵੱਖ ਦੌੜਾਂ ਵਿਚ ਹਿੱਸਾ ਲੈਣ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਬੜੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਧਿਆਨ ਸੋਹਲ ਤੇ ਸੰਜੂ ਗੁਪਤਾ ਨੂੰ ਸ਼ੁੱਭ-ਇੱਛਾਵਾਂ ਦਿੱਤੀਆਂ।
ਕਲੱਬ ਦੇ ਮੈਂਬਰਾਂ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖ਼ੁੱਲ੍ਹੇ ਹਨ ਅਤੇ ਉਹ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲ ਸਕਦੇ ਹਨ। ਪਾਰਟੀ ਵਿਚ ਮੈਂਬਰਾਂ ਵੱਲੋਂ ਪੌਸ਼ਟਿਕ ਸਨੈਕਸ ਅਤੇ ਖਾਣ-ਪੀਣ ਦੇ ਹੋਰ ਕਈ ਪ੍ਰਕਾਰ ਦੇ ਪਦਾਰਥਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਦੀ ਵਿਸ਼ੇਸ਼ਤਾ ਇਸ ਗੱਲੋਂ ਵੀ ਸੀ ਕਿ ਇਹ ਸਾਰੇ ਖਾਧ-ਪਦਾਰਥ ਮੈਂਬਰਾਂ ਵੱਲੋਂ ਆਪਣੇ ਘਰਾਂ ਵਿਚ ਹੀ ਤਿਆਰ ਕਰਕੇ ਲਿਆਂਦੇ ਗਏ ਸਨ ਅਤੇ ਰੈਸਟੋਰੈਂਟਾਂ ਦੇ ਮਸਾਲਿਆਂ ਵਾਲੇ ਭੋਜਨਾਂ ਤੋਂ ਪੂਰਾ ਪ੍ਰਹੇਜ਼ ਕੀਤਾ ਗਿਆ।
ਸਾਰਿਆਂ ਨੇ ਮਿਲ ਕੇ ਇਨ੍ਹਾਂ ਦਾ ਖ਼ੂਬ ਅਨੰਦ ਮਾਣਿਆਂ। ਇਸ ਦੌਰਾਨ ਚੁਟਕਲੇ-ਬਾਜ਼ੀ ਤੇ ਹਾਸਾ-ਠੱਠਾ ਖ਼ੂਬ ਚੱਲਦਾ ਰਿਹਾ। ਕਲੱਬ ਦੇ ਕਈ ਮੈਂਬਰਾਂ ਤੇ ਮਹਿਮਾਨਾਂ ਵੱਲੋਂ ਗੀਤਾਂ ਤੇ ਗ਼ਜਲਾਂ ਦਾ ਵੀ ਦੌਰ ਚੱਲਿਆ ਜਿਸ ਵਿਚ ਕੁਲਦੀਪ ਗਿੱਲ, ਸੰਜੂ ਗੁਪਤਾ, ਰਾਕੇਸ਼ ਸ਼ ਸੁਖਦੇਵ ਝੰਡ, ਜਸਵੀਰ ਪਾਸੀ ਤੇ ਕਈ ਹੋਰਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਪ੍ਰਧਾਨ ਹਰਭਜਨ ਸਿੰਘ ਵੱਲੋਂ ਸਾਰੇ ਮੈਂਬਰਾਂ, ਸਪਾਂਸਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਨਵੇਂ ਸਾਲ 2020 ਲਈ ਸ਼ੁਭ-ਇੱਛਾਵਾਂ ਸਾਂਝੀਆਂ ਕੀਤੀਆਂ ਗਈਆਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …