ਜੋਬਨਪ੍ਰੀਤ ਸਿੰਘ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਮੋਗਾ/ਬਿਊਰੋ ਨਿਊਜ਼
ਪੱਟੀ ਤੋਂ ਕਾਰ ਰਾਹੀਂ ਚੰਡੀਗੜ੍ਹ ਜਾ ਰਹੇ ਦੋ ਪੱਤਰਕਾਰਾਂ ‘ਤੇ ਮੋਗਾ ਦੇ ਪਿੰਡ ਬੁਗੀਪੁਰਾ ਨੇੜੇ ਲੰਘੀ ਰਾਤ ਕਰੀਬ ਦਸ ਵਜੇ ਪਿੱਛਿਓਂ ਆਏ ਕਾਰ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ‘ਚ ਇਕ ਪੱਤਰਕਾਰ ਜੋਬਨਪ੍ਰੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੂਜਾ ਅੰਚਿਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਤਰਨਤਾਰਨ ਜ਼ਿਲ੍ਹੇ ਦੇ ਪੱਟੀ ਨਿਵਾਸੀ ਪੱਤਰਕਾਰ ਜੋਬਨਪ੍ਰੀਤ ਸਿੰਘ ਤੇ ਅੰਚਿਤ ਸਿੰਘ ਕਾਰ ਰਾਹੀਂ ਚੰਡੀਗੜ੍ਹ ਜਾ ਰਹੇ ਸਨ। ਜ਼ਖ਼ਮੀ ਅਚਿੰਤ ਸਿੰਘ ਨੂੰ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ। ਜੋਬਨਪ੍ਰੀਤ ਸਿੰਘ ਦੀ ਮੌਤ ਹੋਣ ਦੀ ਪੁਸ਼ਟੀ ਡੀਐੱਸਪੀ ਬਾਜਵਾ ਨੇ ਕੀਤੀ ਹੈ, ਪਰ ਫਾਇਰਿੰਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਜਿਸ ਤਰ੍ਹਾਂ ਪੰਜਾਬ ਵਿਚ ਕਤਲ, ਲੁੱਟ ਖੋਹ ਅਤੇ ਛੇੜ ਛਾੜ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਸ ਨੂੰ ਲੈ ਕੇ ਪੰਜਾਬ ਦਾ ਵਾਸੀ ਨਿਰਾਸ਼ਾ ਦੇ ਆਲਮ ਵਿਚ ਹੈ ਤੇ ਸਰਕਾਰ ਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ।

