-2.3 C
Toronto
Thursday, December 4, 2025
spot_img
Homeਪੰਜਾਬਅਰਦਾਸ ਹੋਈ ਪੂਰੀ, ਖੁੱਲ੍ਹਿਆ ਕਰਤਾਰਪੁਰ ਲਾਂਘਾ

ਅਰਦਾਸ ਹੋਈ ਪੂਰੀ, ਖੁੱਲ੍ਹਿਆ ਕਰਤਾਰਪੁਰ ਲਾਂਘਾ

ਭਾਰਤ ‘ਚ ਨਰਿੰਦਰ ਮੋਦੀ ਤੇ ਪਾਕਿਸਤਾਨ ‘ਚ ਇਮਰਾਨ ਖਾਨ ਨੇ ਕੀਤਾ ਉਦਘਾਟਨ
ਸੰਗਤ ਲਈ ਬਿਨਾ ਵੀਜ਼ੇ ਤੋਂ ਲਾਂਘੇ ਦੀ ਹੋਈ ਸ਼ੁਰੂਆਤ
ਪਹਿਲੇ ਜਥੇ ‘ਚ ਡਾ. ਮਨਮੋਹਨ ਸਿੰਘ, ਕੈਪਟਨ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ ਤੇ ਸੰਨੀ ਦਿਓਲ ਵੀ ਗਏ
ਗੁਰੂ ਨਾਨਕ ਦੇਵ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਸਰੋਤ : ਨਰਿੰਦਰ ਮੋਦੀ
ਕਰਤਾਰਪੁਰ ਸਾਹਿਬ ਸਿੱਖਾਂ ਦਾ ਮੱਕਾ : ਇਮਰਾਨ ਖਾਨ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼
ਆਜ਼ਾਦੀ ਦੇ ਕਰੀਬ 72 ਵਰ੍ਹਿਆਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ-ਦੀਦਾਰ ਦੀ ਸਿੱਖਾਂ ਦੀ ਮੰਗ ਪੂਰੀ ਹੋ ਗਈ ਹੈ। ਸੰਗਤ ਲਈ ਬਿਨਾ ਵੀਜ਼ਾ ਲਾਂਘੇ ਦੀ ਸ਼ੁਰੂਆਤ 9 ਨਵੰਬਰ ਤੋਂ ਹੋ ਗਈ ਹੈ। ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਦੋਂਕਿ ਪਾਕਿਸਤਾਨ ‘ਚ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕੀਤਾ ਗਿਆ। ਲਾਂਘਾ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੇ ਪਹਿਲੇ ਵਫ਼ਦ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ। ਸਿੱਖ ਸ਼ਰਧਾਲੂਆਂ ਦਾ ਇਹ ਵਫ਼ਦ ਮੱਥਾ ਟੇਕਣ ਮਗਰੋਂ ਸ਼ਾਮ ਨੂੰ ਡੇਰਾ ਬਾਬਾ ਨਾਨਕ ਪਰਤ ਆਇਆ। ਦੋਵੇਂ ਮੁਲਕਾਂ ਨੇ ਨਫ਼ਰਤਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਰਾਹੀਂ ਮੁੜ ਮੁਹੱਬਤ ਅਤੇ ਪਿਆਰ ਦੀ ਬਾਤ ਛੇੜੀ ਹੈ। ਇਸ ਸਬੰਧ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮ ਦੋਵਾਂ ਦੇਸ਼ਾਂ ਵਿਚਾਲੇ ਪੁਲ ਬਣੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਾਰ-ਵਾਰ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਵਰਨਣ ਕੀਤਾ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਦਾ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ। ਦੂਜੇ ਪਾਸੇ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿਚ ਬਣਾਈ ਗਈ ਇਕ ਵੱਡੀ ਸ੍ਰੀ ਸਾਹਿਬ ਅਤੇ ਪੱਥਰ ਤੋਂ ਪਰਦਾ ਹਟਾ ਕੇ ਉਦਘਾਟਨ ਦੀ ਰਸਮ ਨੂੰ ਪੂਰਾ ਕੀਤਾ। ਆਪਣੇ ਸੰਬੋਧਨ ‘ਚ ਕਰਤਾਰਪੁਰ ਸਾਹਿਬ ਨੂੰ ਸਿੱਖਾਂ ਦਾ ਮੱਕਾ ਦੱਸਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਸਿੱਖ ਆਪਣੇ ‘ਮਦੀਨੇ’ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਥੇ ਹਾਜ਼ਰ ਸਿੱਖਾਂ ਦੇ ਚਿਹਰੇ ਤੋਂ ਝਲਕਦੀ ਖੁਸ਼ੀ ਨੂੰ ਵੇਖ ਕੇ ਉਨ੍ਹਾਂ ਦਾ ਮਨ ਵੀ ਵਧੇਰੇ ਖੁਸ਼ ਹੈ।
ਵਜ਼ੀਰੇ ਆਜ਼ਮ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੀ ਸਿੱਖ ਕੌਮ ਵਾਸਤੇ ਅਹਿਮੀਅਤ ਦਾ ਪਤਾ ਉਨ੍ਹਾਂ ਨੂੰ ਇਕ ਵਰ੍ਹੇ ਪਹਿਲਾਂ ਲੱਗਾ ਸੀ ਅਤੇ ਉਨ੍ਹਾਂ ਇਸ ਲਾਂਘੇ ਨੂੰ ਖੋਲ੍ਹਣ ਦਾ ਨਿਰਣਾ ਲਿਆ ਸੀ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਦੇ ਵਕਫ਼ੇ ਵਿਚ ਪਾਕਿਸਤਾਨੀਆਂ ਨੇ ਇਥੇ ਵੱਡੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਆਖਿਆ ਕਿ ਲੀਡਰ ਉਹੀ ਹੁੰਦਾ ਹੈ, ਜੋ ਇਨਸਾਨਾਂ ਨੂੰ ਇਕੱਠਾ ਕਰਦਾ ਹੈ, ਉਨ੍ਹਾਂ ਵਿਚ ਨਫ਼ਰਤ ਨਹੀਂ ਫੈਲਾਉਂਦਾ ਹੈ ਅਤੇ ਨਫਰਤ ਫੈਲਾ ਕੇ ਵੋਟਾਂ ਨਹੀਂ ਮੰਗਦਾ ਹੈ।
ਦੱਖਣੀ ਅਫ਼ਰੀਕਾ ਦੇ ਆਗੂ ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਉਸ ਨੇ 26 ਸਾਲ ਜੇਲ੍ਹ ਵਿਚ ਰਹਿ ਕੇ ਤਸ਼ੱਦਦ ਝੱਲਣ ਦੇ ਬਾਵਜੂਦ ਤਸ਼ੱਦਦ ਕਰਨ ਵਾਲਿਆਂ ਨੂੰ ਮੁਆਫ਼ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀਰ ਪੈਗੰਬਰਾਂ ਨੇ ਵੀ ਇਨਸਾਨੀਅਤ ਦੀ ਗੱਲ ਕੀਤੀ ਹੈ। ਇਮਰਾਨ ਨੇ ਕਿਹਾ, ”ਜਦੋਂ ਮੈਂ ਵਜ਼ੀਰੇ ਆਜ਼ਮ ਬਣਿਆ ਸੀ ਤਾਂ ਆਪਣੇ ਹਮਰੁਤਬਾ ਨਰਿੰਦਰ ਮੋਦੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੁਖਾਲੇ ਸਬੰਧ ਬਣਾਉਣ ਦਾ ਹੋਕਾ ਦਿੱਤਾ ਸੀ।” ਉਨ੍ਹਾਂ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਵੱਡੀ ਗਿਣਤੀ ਵਿਚ ਤਾਇਨਾਤ ਭਾਰਤੀ ਫ਼ੌਜ ਵਲੋਂ ਕਸ਼ਮੀਰੀਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ”ਗੁਰੂ ਨਾਨਕ ਦੇਵ ਜੀ ਦੀ ਬਾਣੀ ਕੇਵਲ ਭਾਰਤ ਦੀ ਧਰੋਹਰ ਨਹੀਂ ਸਗੋਂ ਪੂਰੀ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ। ਕੌਰੀਡੋਰ ਅਤੇ ਚੈੱਕਪੋਸਟ ਦੋਹਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਅਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ।”
ਮੋਦੀ ਨੇ 562 ਸ਼ਰਧਾਲੂਆਂ ਦੇ ਪਲੇਠੇ ਜਥੇ ਨੂੰ ਕਰਤਾਰਪੁਰ ਰਵਾਨਾ ਕੀਤਾ
ਡੇਰਾ ਬਾਬਾ ਨਾਨਕ ਵਿਖੇ ਚੈੱਕ ਪੋਸਟ ਤੇ ਲਾਂਘੇ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨੇ ਨਿਸ਼ਾਨ ਸਾਹਿਬ ਫਹਿਰਾ ਕੇ 562 ਸਿੱਖ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਬਿਨਾਂ ਵੀਜ਼ਾ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਸਿੱਖ ਸ਼ਰਧਾਲੂਆਂ ਦੇ ਇਸ ਉੱਚ ਪੱਧਰੀ ਵਫ਼ਦ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਅਤੇ ਸੋਮ ਪ੍ਰਕਾਸ਼, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਸ਼ਾਮਲ ਸਨ।

RELATED ARTICLES
POPULAR POSTS