5.9 C
Toronto
Saturday, November 8, 2025
spot_img
Homeਪੰਜਾਬਇਰਾਨ ਦੀਆਂ ਦੋ ਯੂਨੀਵਰਸਿਟੀਆਂ ਵਿਚ ਸਥਾਪਤ ਹੋਵੇਗੀ ਗੁਰੂ ਨਾਨਕ ਚੇਅਰ

ਇਰਾਨ ਦੀਆਂ ਦੋ ਯੂਨੀਵਰਸਿਟੀਆਂ ਵਿਚ ਸਥਾਪਤ ਹੋਵੇਗੀ ਗੁਰੂ ਨਾਨਕ ਚੇਅਰ

ਇਰਾਨ ਤੋਂ ਪਹੁੰਚੇ ਵਫਦ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਰਾਨ ਦੀਆਂ ਦੋ ਯੂਨੀਵਰਸਿਟੀਆਂ ਵਿਚ ਗੁਰੂ ਸਾਹਿਬ ਦੇ ਜੀਵਨ, ਸਿੱਖਿਆਵਾਂ ਤੇ ਫ਼ਲਸਫ਼ੇ ਦੇ ਅਧਿਐਨ ਸਬੰਧੀ ਚੇਅਰ ਸਥਾਪਿਤ ਹੋਵੇਗੀ। ਇਨ੍ਹਾਂ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਦੇ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਰਾਨ ਤੋਂ ਆਏ ਵਫ਼ਦ ਵਿਚ ਯੂਨੀਵਰਸਿਟੀ ਆਫ਼ ਰਿਲੀਜਨਜ਼ ਦੇ ਉਪ ਕੁਲਪਤੀ ਡਾ. ਅਬੁਲ ਹਸਨ ਨਵਾਬ, ਅਲਮੁਸਤਫ਼ਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਨੁਮਾਇੰਦੇ ਮੁਹੰਮਦ ਰਜ਼ਾ ਸੁਲੇਹ, ਸਈਅਦ ਅਫਰੋਜ਼ ਨਕਵੀ ਅਤੇ ਇਰਾਨ ਦੇ ਵਸਨੀਕ ਪਰਵਿੰਦਰ ਸਿੰਘ ਚੰਡੋਕ ਸ਼ਾਮਲ ਸਨ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਡਾ. ਨਵਾਬ ਨੇ ਆਖਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਯੂਨੀਵਰਸਿਟੀ ਆਫ ਰਿਲੀਜਨਜ਼ ਵਿਚ ਗੁਰੂ ਨਾਨਕ ਦੇਵ ਦੀ ਚੇਅਰ ਸਥਾਪਿਤ ਕਰਨ ਜਾ ਰਹੇ ਹਨ, ਜਿੱਥੇ ਗੁਰੂ ਸਾਹਿਬ ਦੇ ਜੀਵਨ, ਫ਼ਲਸਫ਼ੇ ਅਤੇ ਸਿੱਖਿਆਵਾਂ ਬਾਰੇ ਅਧਿਐਨ ਤੇ ਖੋਜ ਕਾਰਜ ਹੋਵੇਗਾ। ਸਈਅਦ ਅਫਰੋਜ਼ ਨੇ ਦੱਸਿਆ ਕਿ ਜਲਦੀ ਕੁਝ ਸਿੱਖ ਵਿਦਵਾਨਾਂ ਦਾ ਵਫ਼ਦ ਇਰਾਨ ਦੌਰੇ ‘ਤੇ ਜਾਵੇਗਾ ਅਤੇ ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਦਾ ਦੌਰਾ ਕਰੇਗਾ, ਜਿੱਥੇ ਚੇਅਰ ਸਥਾਪਤੀ ਬਾਰੇ ਆਪਸੀ ਸਮਝੌਤੇ ਦੀ ਰਸਮ ਬਾਰੇ ਚਰਚਾ ਹੋਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਹਜ਼ਰਤ ਮੁਹੰਮਦ ਦਾ 1450ਵਾਂ ਪੁਰਬ ਮਨਾ ਰਹੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੇਅਰ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਧਿਐਨ ਅਤੇ ਖੋਜ ਕਾਰਜ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ਼੍ਰੋਮਣੀ ਕਮੇਟੀ ਮਦਦ ਮੁਹੱਈਆ ਕਰੇਗੀ। ਇਰਾਨ ਤੋਂ ਆਏ ਵਫ਼ਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ।

RELATED ARTICLES
POPULAR POSTS