ਲੋਕ ਸਭਾ ਚੋਣਾਂ 2024 ਲਈ ਬਣੇ ‘ਸਟੇਟ ਆਈਕੋਨ’
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਚੋਣ ਅਫਸਰ ਦੇ ਦਫਤਰ ਵੱਲੋਂ ਭਾਰਤੀ ਕਿ੍ਰਕਟਰ ਸ਼ੁਭਮਨ ਗਿੱਲ ਨੂੰ ‘ਸਟੇਟ ਆਈਕੋਨ’ ਬਣਾਇਆ ਗਿਆ ਹੈ। ਇਸੇ ਦੌਰਾਨ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਾਸੀ ਸ਼ੁਭਮਨ ਗਿੱਲ ਕਿ੍ਰਕਟ ਪ੍ਰੇਮੀਆਂ ਖਾਸਕਰ ਨੌਜਵਾਨਾਂ ਵਿਚ ਕਾਫੀ ਮਕਬੂਲ ਹੈ ਅਤੇ ਆਗਾਮੀ ਲੋਕ ਸਭਾ ਚੋਣਾਂ 2024 ਦੌਰਾਨ 70 ਫੀਸਦੀ ਤੋਂ ਜ਼ਿਆਦਾ ਵੋਟਾਂ ਪਵਾਉਣ ਦਾ ਟੀਚਾ ਪ੍ਰਾਪਤ ਕਰਨ ਵਿਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਰਾਹੀਂ ਵੋਟਰ ਜਾਗਰੂਕਤਾ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਇਸ ਵਾਰ ਵੋਟਾਂ ਦਾ 70 ਪਾਰ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਤਰਸੇਮ ਜੱਸੜ ਨੂੰ ਵੀ ‘ਸਟੇਟ ਆਈਕੋਨ’ ਨਿਯੁਕਤ ਕੀਤਾ ਜਾ ਚੁੱਕਾ ਹੈ। ਸਿਬਿਨ ਸੀ ਨੇ ਦੱਸਿਆ ਕਿ ਸ਼ੁਭਮਨ ਗਿੱਲ ਤੇ ਤਰਸੇਮ ਜੱਸੜ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।