Breaking News
Home / ਕੈਨੇਡਾ / ਕਾਫ਼ਲੇ ਦੀ ਮੀਟਿੰਗ ਕਵਿਤਾ ਨੂੰ ਸਮਰਪਿਤ ਰਹੀ

ਕਾਫ਼ਲੇ ਦੀ ਮੀਟਿੰਗ ਕਵਿਤਾ ਨੂੰ ਸਮਰਪਿਤ ਰਹੀ

ਪ੍ਰੋ. ਰਾਮ ਸਿੰਘ ਨੇ ਪੰਜਾਬੀ ਕਵਿਤਾ ਦੇ ਇਤਿਹਾਸ ਅਤੇ ਮੁਹਾਂਦਰੇ ਬਾਰੇ ਕੀਤੀ ਖੁੱਲ੍ਹ ਕੇ ਚਰਚਾ
ਬਰੈਂਪਟਨ/ਪਰਮਜੀਤ ਦਿਓਲ : ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਕਵਿਤਾ ਨੂੰ ਸਮਰਪਿਤ ਰਹੀ ਜਿਸ ਵਿੱਚ ਪ੍ਰੋ. ਰਾਮ ਸਿੰਘ ਨੇ ਮੁੱਖ ਭਾਸ਼ਨ ਦਿੱਤਾ ਅਤੇ ਡਾ. ਨਾਹਰ ਸਿੰਘ ਨੇ ਗੱਲ ਨੂੰ ਅੱਗੇ ਤੋਰਿਆ ਜਿਸ ਨਾਲ਼ ਪੰਜਾਬੀ ਕਵਿਤਾ ਦੇ ਇਤਿਹਾਸ ਅਤੇ ਰੂਪ ਬਾਰੇ ਖੁੱਲ੍ਹ ਕੇ ਚਰਚਾ ਹੋਈ।
ਮੀਟਿੰਗ ਦੇ ਸ਼ੁਰੂ ਵਿੱਚ ઑਪਰਸਨਜ਼ ਦਿਵਸ਼ ਬਾਰੇ ਵਿਚਾਰ ਪੇਸ਼ ਕਰਦਿਆਂ ਬ੍ਰਜਿੰਦਰ ਗੁਲਾਟੀ ਨੇ ਕਿਹਾ ਕਿ ਸਿਰਫ ਮਰਦਾਂ ਲਈ ਹੀ ਸੀਮਤ ਸਮਝੇ ਜਾਂਦੇ ਸ਼ਬਦ ”ਪਰਸਨ” ਵਿੱਚ ਔਰਤਾਂ ਦੀ ਸ਼ਮੂਲੀਅਤ ਲਈ ਕੈਨੇਡੀਅਨ ਔਰਤਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਜਿਸ ਲਈ ਐਮਲੀ ਮਰਫ਼ੀ ਨਾਂ ਦੀ ਔਰਤ ਨੂੰ ਆਪਣੀਆਂ ਚਾਰ ਸਾਥਣਾਂ ਨਾਲ਼ ਮਿਲ਼ ਕੇ 1927 ‘ਚ ਕੈਨੇਡਾ ਦੇ ਸੁਪਰੀਮ ਕੋਰਟ ‘ਚ ਵਿੱਢੀ ਲੜਾਈ ਤੋਂ ਲੈ ਕੇ ਲੰਡਨ ਵਿੱਚ ਜੁਡੀਸ਼ਲ ਕਮੇਟੀ ਔਫ ਦੀ ਪ੍ਰੀਵੀ ਕੌਂਸਲ ਔਫ ਗਰੇਟ ਬ੍ਰਿਟਨ ਤੱਕ ਆਪਣਾ ਕੇਸ ਲਿਜਾਣਾ ਪਿਆ ਜਿੱਥੇ 18 ਅਕਤੂਬਰ 1929 ਨੂੰ ਲੌਰਡ ਸਾਂਕੇ ਵੱਲੋਂ ਇਹ ਕਹਿੰਦਿਆਂ ਹੋਇਆਂ ਔਰਤ ਨੂੰ ઑਪਰਸਨ਼ ਸ਼ਬਦ ਵਿੱਚ ਸ਼ਾਮਲ ਕੀਤਾ ਗਿਆ ਕਿ ”ਜਨਤਕ ਦਫ਼ਤਰਾਂ ‘ਚ ਔਰਤਾਂ ਦੀ ਸ਼ਮੂਲੀਅਤ ‘ਤੇ ਪਾਬੰਦੀ ਉਨ੍ਹਾਂ ਦਿਨਾਂ ਦੀ ਰਹਿੰਦ-ਖੂੰਹਦ ਹੈ ਜੋ ਸਾਡੇ ਸਮੇਂ ਤੋਂ ਕਿਤੇ ਵੱਧ ਵਹਿਸ਼ੀ ਸਨ।” ਏਥੇ ਜ਼ਿਕਰ ਕਰਨਾ ਬਣਦਾ ਹੈ ਕਿ ઑਪਰਸਨ਼ ਸ਼ਬਦ ਵਿੱਚ ਔਰਤ ਦੀ ਸ਼ਮੂਲੀਅਤ ਇਸ ਕਰਕੇ ਅਹਿਮ ਸੀ ਕਿ ઑਪਰਸਨ਼ ਦੀ ਪ੍ਰੀਭਾਸ਼ਾ ‘ਚ ਆਉਂਦੇ ਵਿਅਕਤੀ ਨੂੰ ਹੀ ਸਰਕਾਰੀ ਅਹੁਦਿਆਂ ‘ਤੇ ਜਾਂ ਚੋਣਾਂ ਵਿੱਚ ਭਾਗ ਲੈਣ ਦੀ ਆਗਿਆ ਹੁੰਦੀ ਸੀ। ਇਸ ਤਰ੍ਹਾਂ 18 ਅਕਤੂਬਰ 1929 ਦੇ ਇਸ ਅਹਿਮ ਫ਼ੈਸਲੇ ਸਦਕਾ ਹੀ ਔਰਤਾਂ ਲਈ ਸਰਕਾਰੀ ਨੌਕਰੀਆਂ ਅਤੇ ਸਿਆਸਤ ਵਿੱਚ ਸ਼ਮੂਲੀਅਤ ਦੇ ਦਰਵਾਜ਼ੇ ਖੁੱਲ੍ਹੇ ਅਤੇ ਬਾਅਦ ਵਿੱਚ ਫੇਮਸ ਫਾਈਵ਼ ਦੇ ਨਾਂ ਨਾਲ਼ ਮਸ਼ਹੂਰ ਹੋਈਆਂ ਇਹ ਪੰਜੇ ਔਰਤਾਂ ਵੱਖ ਵੱਖ ਸਿਆਸੀ ਖੇਤਰਾਂ ਵਿੱਚ ਸਰਗਰਮ ਹੋ ਕੇ ਅੱਗੇ ਆਈਆਂ। ਕਵਿਤਾ ਬਾਰੇ ਵਿਚਾਰ ਦਿੰਦਿਆਂ ਪ੍ਰੋ. ਰਾਮ ਸਿੰਘ ਨੇ ਕਿਹਾ ਕਿ ਕਵਿਤਾ ਸਾਹਿਤ ਦਾ ਮਹੱਤਵਪੂਰਨ ਅੰਗ ਹੈ, ਬੇਸ਼ੱਕ ਕਵਿਤਾ ਤੋਂ ਪਹਿਲਾਂ ਸੰਗੀਤ ਅਤੇ ਪੇਂਟਿੰਗ ਸਭ ਤੋਂ ਪੁਰਾਣੀਆਂ ਕਲਾਵਾਂ ਨੇ। ਉਨ੍ਹਾਂ ਕਿਹਾ ਕਿ ਅਸਲੀ ਸਾਹਿਤ ਉਹ ਹੀ ਹੈ ਜੋ ਨਿੱਜ ਤੋਂ ਸਮੂਹ ਅਤੇ ਸਮੂਹ ਤੋਂ ਨਿੱਜ ਤੱਕ ਜਾਂਦਾ ਹੈ; ਉਹੀ ਸਾਹਿਤ ਉੱਤਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਵਿਤਾ ਦੀ ਭਾਸ਼ਾ ਰਮਜ਼ਾਂ ਦੀ ਭਾਸ਼ਾ ਹੁੰਦੀ ਹੈ, ਸਿੱਧ-ਪੱਧਰੀ ਨਹੀਂ ਅਤੇ ਸਾਹਿਤ ਦਾ ਮੂਲ਼ ਕੰਮ ਮੁਨੱਖੀ ਮਨ ਦੀਆਂ ਗੰਢਾਂ ਨੂੰ ਖੋਲ੍ਹਣਾ ਹੁੰਦਾ ਹੈ। ਨਾਥਾਂ ਦੀ ਕਵਿਤਾ ਨੂੰ ਨਿੱਜ ਦੀ ਕਵਿਤਾ ਦੱਸਦਿਆਂ ਉਨ੍ਹਾਂ ਕਿਹਾ ਕਿ ਚਾਨਣ-ਮੁਨਾਰੇ ਵਾਂਗ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਚਮਕਣ ਵਾਲ਼ਾ ਕਵੀ ਬਾਬਾ ਫ਼ਰੀਦ ਸੀ ਜਿਸ ਤੋਂ ਮੌਜੂਦਾ ਕਵਿਤਾ ਸੇਧ ਲੈ ਰਹੀ ਹੈ। ਉਨ੍ਹਾਂ ਨੇ ਬਾਬਾ ਫ਼ਰੀਦ, ਗੁਰੁ ਨਾਨਕ ਦੇਵ, ਅਤੇ ਵਾਰਿਸ ਸ਼ਾਹ ਨੂੰ ਪੰਜਾਬੀ ਸਾਹਿਤ ਦੇ ਤਿੰਨ ਪ੍ਰਮੁੱਖ ਪੜਾਅ ਅਤੇ ਤਿੰਨ ਚਾਨਣ-ਮੁਨਾਰੇ ਆਖਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਦੀ ਰਚਨਾ ਵਿੱਚ ਪੰਜਾਬ ਦੀ ਧਰਤੀ ਦੀਆਂ ਵਿਸ਼ੇਸ਼ਤਾਈਆਂ ਅਤੇ ਸੁਭਾਅ ਗੂੰਜਦਾ ਹੈ। ਉਨ੍ਹਾਂ ਕਿਹਾ ਕਿ ਕਵੀ ਸਦੀਆਂ ਪੁਰਾਣੇ ਸੱਭਿਆਚਾਰ ਨੂੰ ਜ਼ਿਹਨ ‘ਚ ਰੱਖ ਕੇ ਰਿੜਕਦਾ ਅਤੇ ਫਿਰ ਉਸਨੂੰ ਵਰਤਮਾਨ ਨਾਲ਼ ਜੋੜ ਕੇ ਨਵੀਂ ਸਿਰਜਣਾ ਕਰਦਾ ਅਤੇ ਉਸਨੂੰ ਨਵੇਂ ਅਰਥ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਵੀ ਭਾਸ਼ਾ ਦਾ ਵੀ ਗ਼ੁਲਾਮ ਨਹੀਂ ਹੁੰਦਾ ਤੇ ਭਾਸ਼ਾ ਨੂੰ ਤੋੜਦਾ-ਮਰੋੜਦਾ ਅਤੇ ਸ਼ਬਦਾਂ ਨੂੰ ਨਵਾਂ ਰੂਪ ਅਤੇ ਨਵੇਂ ਅਰਥ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਵਿਤਾ ਕਵੀ ਦੇ ਸੁਭਾਅ ਅਤੇ ਖ਼ੂਨ ‘ਚੋਂ ਨਿਕਲਦੀ ਹੈ, ਦਿਮਾਗ਼ ‘ਚੋਂ ਨਹੀਂ।
ਡਾ. ਨਾਹਰ ਸਿੰਘ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਜਦੋਂ ਕਵੀ ਸਮੂਹਿਕ ਦੀ ਵੀ ਗੱਲ ਕਰਦਾ ਹੈ ਤਾਂ ਵੀ ਉਸਦਾ ਦਰਦ ਸਾਡਾ ਆਪਣਾ ਦਰਦ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਕਵਿਤਾ ਦੰਭ ਦੇ ਖਿਲਾਫ ਬੋਲਦੀ ਹੈ ਅਤੇ ਦਮੋਦਰ ਧੀਆਂ ਦੇ ਦੁੱਖ ਦੀ ਅਤੇ ਉਨ੍ਹਾਂ ਦੇ ਹੱਕ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਬੰਦਾ ਜੋ ਸੁਪਨਾ ਵੇਖਦਾ ਹੈ, ਉਹ ਵੀ ਕਵਿਤਾ ਹੀ ਹੁੰਦਾ ਹੈ ਕਿਉਂਕਿ ਉਸ ਅੰਦਰ ਵੀ ਸਿਰਜਣਾ (ਕ੍ਰੀਏਟਿਵਟੀ) ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਸਲ ਕਵਿਤਾ ਉਹੀ ਹੈ ਜੋ ਮਨੁੱਖ ਦੀ ਪੂਰਨ ਸੁਤੰਤਰਤਾ ਦੀ ਗੱਲ ਕਰਦੀ ਹੈ। ਜਰਨੈਲ ਸਿੰਘ ਕਹਾਣੀਕਾਰ, ਪੂਰਨ ਸਿੰਘ ਪਾਂਧੀ, ਜਸਵਿੰਦਰ ਸੰਧੂ, ਗੁਰਦੇਵ ਸਿੰਘ ਮਾਨ, ਅਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਕਵਿਤਾ ਦੇ ਵਿਸ਼ੇ ‘ਤੇ ਗੱਲਬਾਤ ਏਨੀ ਦਿਲਚਸਪ ਅਤੇ ਜਾਣਕਾਰੀ ਭਰਪੂਰ ਰਹੀ ਕਿ ਮੀਟਿੰਗ ਤੇ ਅਖੀਰ ਵਿੱਚ ਸਿਰਫ ਗਰੀਬਦਾਸ ਦੀ ਕਵਿਤਾ ਅਤੇ ਰਿੰਟੂ ਭਾਟੀਆ ਦੀ ਆਵਾਜ਼ ਵਿੱਚ ਇੱਕ ਗ਼ਜ਼ਲ ਹੀ ਸੁਣ ਕੇ। ਪ੍ਰਿੰਸੀਪਲ ਸਰਵਣ ਸਿੰਘ ਨੇ ਕਾਫ਼ਲੇ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਸਿਫ਼ਤ ਕਰਦਿਆਂ ਤਿੰਨਾਂ ਸੰਚਾਲਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਚਾਲਕਾਂ ਦੀ ਇਸ ਤਿੱਗੜੀ ਦੀ ਏਕਤਾ ਅਤੇ ਪ੍ਰਬੰਧ ਸਦਕਾ ਮੀਟਿੰਗਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੀਟਿੰਗ ਦੇ ਅਖੀਰ ਵਿੱਚ ਜਰਨੈਲ ਸਿੰਘ ਕਹਾਣੀਕਾਰ ਨੇ ਸਭ ਦਾ ਧੰਨਵਾਦ ਕੀਤਾ।
ਮੀਟਿੰਗ ਵਿੱਚ ਭੁਪਿੰਦਰ ਦੁਲੈ, ਕਿਰਪਾਲ ਸਿੰਘ ਪੰਨੂੰ, ਕੁਲਵਿੰਦਰ ਸਿੰਘ ਸਿੱਧੂ, ਪ੍ਰੋ. ਆਸ਼ਕ ਰਹੀਲ, ਯਾਹਿਦਾ ਰਹੀਮ, ਸੁਰਿੰਦਰਜੀਤ ਕੌਰ, ਜਸਵਿੰਦਰ ਸਿੰਘ, ਸੁਰਿੰਦਰ ਖਹਿਰਾ, ਸੁਖਦੇਵ ਸਿੰਘ ਭੱਠਲ, ਅਤੇ ਜਸਪਾਲ ਢਿੱਲੋਂ ਸ਼ਾਮਲ ਸਨ। ਮੀਟਿੰਗ ਦੇ ਪ੍ਰਬੰਧਕੀ ਕੰਮ ਨੂੰ ਬ੍ਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਪਰਮਜੀਤ ਦਿਓਲ ਅਤੇ ਗੁਰਜਿੰਦਰ ਸੰਘੇੜਾ ਵੱਲੋਂ ਤਨਦੇਹੀ ਨਾਲ਼ ਨਿਭਾਇਆ ਗਿਆ ਜਦਕਿ ਸਟੇਜ ਦੀ ਕਾਰਵਾਈ ਕੁਲਵਿੰਦਰ ਖਹਿਰਾ ਨੇ ਨਿਭਾਈ।

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ
Remembrance Day ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸਾਬਕਾ ਫੌਜੀ ਕਰਮਚਾਰੀਆਂ ਵੱਲੋਂ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਅਗਵਾਈ ਹੇਠ ਦੋ ਪ੍ਰੋਗਰਾਮ ਉਲੀਕੇ ਗਏ ਹਨ। ਪਹਿਲਾ ਪ੍ਰੋਗਰਾਮ 11 ਨਵੰਬਰ ਸੋਮਵਾਰ ਨੂੰ ਸਵੇਰੇ ਸਾਢੇ ਦਸ ਵਜੇ 3430 Derry Road East Mississauga ਦੇ Paul Coffey Park ਵਿਖੇ ਅਰੰਭ ਹੋਵੇਗਾ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਹੋਰ ਪ੍ਰੋਗਰਾਮ ਅਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸਾਰੇ ਸਾਬਕਾ ਫੌਜੀ ਕਰਮਚਾਰੀਆਂ ਨੂੰ ਮੈਡਲ ਲਗਾ ਕੇ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਦੂਸਰਾ ਪ੍ਰੋਗਰਾਮ 16 ਨਵੰਬਰ ਸਨਿਚਰਵਾਰ ਨੂੰ 7166 Airport Road Mississauga ਵਿਖੇ Airport Bukhara Restorant ਵਿੱਚ ਸਵੇਰੇ ਸਾਢੇ ਦਸ ਵਜੇ ਅਰੰਭ ਹੋਵੇਗਾ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਗੋਸ਼ਟੀ ਅਤੇ ਸੈਮੀਨਾਰ ਹੋਵੇਗਾ। ਚਾਹ ਨਾਸ਼ਤਾ ਅਤੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੇ ਸਾਬਕਾ ਫੌਜੀ ਕਰਮਚਾਰੀਆਂ ਨੂੰ ਸ਼ਰੀਕ ਹੋਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਲੇਡੀਜ਼ ਅਤੇ ਬੱਚੇ ਨਹੀਂ ਆ ਸਕਦੇ ਇਸ ਲਈ ਮੁਆਫੀ ਚਾਹੁੰਦੇ ਹਾਂ। ਲੈ.ਕ. ਨਰਵੰਤ ਸਿੰਘ ਸੋਹੀ (ਮੀਤ ਪ੍ਰਧਾਨ) 905-741-2666.

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …