Breaking News
Home / ਪੰਜਾਬ / ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਵਿਚ ਮਾਈ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ ਦਾ ਮਾਮਲਾ

‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਵਿਚ ਮਾਈ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ ਦਾ ਮਾਮਲਾ

ਸਿੱਧੂ ਮੂਸੇਵਾਲਾ ਖਿਲਾਫ ਵਿਵਾਦ ਵਧਿਆ ਤਾਂ ਮੰਗ ਲਈ ਮਾਫੀ
ਮੂਸੇਵਾਲਾ ਖਿਲਾਫ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਕੀਤਾ ਰੋਸ ਵਿਖਾਵਾ
ਮਾਨਸਾ : ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਵਿਚ ਮਾਈ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ ਦੇ ਵਿਰੋਧ ਮੂਸੇਵਾਲਾ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੀਤ ਵਿਚ ਸਿੱਖ ਜਰਨੈਲ ਮਾਈ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ, ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਸਿੱਖੀ ਭਾਵਨਾ ਨੂੰ ਠੇਸ ਪਹੁੰਚਣ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਜ਼ਿਲ੍ਹਾ ਮਾਨਸਾ ਦੀ ਥਾਣਾ ਸਦਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਨੇ ਸ਼ਿਕਾਇਤ ਦਰਜ ਕਰਵਾਈ ਹੈ। ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਚੈਨ ਸਿੰਘ ਅਤਲਾ ਸਮੇਤ ਹੋਰ ਵੀ ਕਈ ਆਗੂਆਂ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਲੰਮੇ ਸਮੇਂ ਤੋਂ ਭੱਦੀ ਸ਼ਬਦਾਵਲੀ ਵਰਤ ਕੇ ਤੇ ਲੱਚਰ ਗੀਤ ਗਾ ਕੇ ਮਾਂ ਬੋਲੀ ਦਾ ਨਿਰਾਦਰ ਕਰ ਰਿਹਾ ਹੈ। ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਸਿੱਧੂ ਨੇ ਆਪਣੇ ਗੀਤ ਵਿਚਲੇ ਅੰਤਰਿਆਂ ‘ਚ ਮਾਤਾ ਭਾਗੋ ਦਾ ਨਾਂ ਵਰਤ ਕੇ ਪੂਜਣਯੋਗ ਹਸਤੀ ਦਾ ਨਿਰਾਦਰ ਕੀਤਾ ਹੈ। ਆਗੂਆਂ ਨੇ ਸਿੱਧੂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਅਧੀਨ ਸਿੱਧੂ ਖਿਲਾਫ ਕੇਸ ਦਰਜ ਕੀਤਾ ਜਾਵੇ। ਮਾਨਸਾ ਦੇ ਐੱਸ.ਐੱਸ.ਪੀ ਡਾ. ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਥਾਣਾ ਸਦਰ ਮਾਨਸਾ ਵਿੱਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਨੇ ਗੀਤ ਦੀ ਸੀ.ਡੀ ਦੀ ਕਾਪੀ ਮੰਗਵਾ ਲਈ ਹੈ ਅਤੇ ਜਾਂਚ ਉਪਰੰਤ ਬਾਕਾਇਦਾ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਨੇ ਮੂਸੇਵਾਲਾ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਇਕ ਗੀਤ ‘ਚ ਸਿੱਖ ਇਤਿਹਾਸ ਦੀ ਸਤਿਕਾਰਯੋਗ ਸ਼ਖਸੀਅਤ ਮਾਤਾ ਭਾਗ ਕੌਰ ਜੀ ਦੀ ਤੌਹੀਨ ਮਗਰੋਂ ਸਿੱਖ ਜਗਤ ਅੰਦਰ ਭਾਰੀ ਰੋਸ ਦੀ ਲਹਿਰ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ‘ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਗਾਇਕ ਦਾ ਕਸੂਰ ਮਾਫ਼ੀਯੋਗ ਨਹੀਂ ਹੈ ਅਤੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਮੂਸੇਵਾਲਾ ਨੇ ਅਕਾਲ ਤਖਤ ਸਾਹਿਬ ਤੋਂ ਮੰਗੀ ਮਾਫੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮਾਫੀ ਮੰਗ ਲਈ ਹੈ। ਆਪਣੇ ਗੀਤ ਵਿਚ ਮਾਤਾ ਭਾਗ ਕੌਰ ਦਾ ਜ਼ਿਕਰ ਕਰਨ ‘ਤੇ ਵਿਵਾਦਾਂ ਵਿਚ ਘਿਰੇ ਸਿੱਧੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਮਾਤਾ ਭਾਗ ਕੌਰ ਦਾ ਨਾਂ ਵਰਤਣ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਇਸ ਲਈ ਉਹ ਸਿੱਖ ਕੌਮ ਤੋਂ ਆਪਣੀ ਗਲਤੀ ਲਈ ਮਾਫੀ ਮੰਗਦੇ ਹਨ।

Check Also

ਸ਼੍ਰੋਮਣੀ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ

ਵਰਕਿੰਗ ਕਮੇਟੀ ਨੇ ਇਜਲਾਸ ਸੱਦਿਆ; ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਦਰਕਿਨਾਰ ਕਰ ਕੇ …