ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਵਿਚਾਰਾਂ; ਰਾਹੁਲ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਸੰਸਦ ਮੈਂਬਰਾਂ ਹੋਈ ਬੈਠਕ ਦੌਰਾਨ ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਦੁਬਾਰਾ ਤੋਂ ਆਗੂ ਚੁਣ ਲਿਆ ਗਿਆ। ਉਨ੍ਹਾਂ ਦੇ ਨਾਮ ਦੀ ਤਜਵੀਜ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੇਸ਼ ਕੀਤੀ ਜਦੋਂ ਕਿ ਝਾਰਖੰਡ ਦੇ ਸੰਸਦ ਮੈਂਬਰ ਜੋਤੀਮਣੀ ਐਸ ਅਤੇ ਕੇਰਲ ਦੇ ਸੰਸਦ ਮੈਂਬਰ ਕੇ ਸੁਧਾਕਰਨ ਨੇ ਇਸ ਦੀ ਤਾਈਦ ਕੀਤੀ। ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਈ ‘ਫ਼ੈਸਲਾਕੁਨ ਕਦਮ’ ਉਠਾਉਣ ਬਾਰੇ ਵਿਚਾਰਾਂ ਹੋ ਰਹੀਆਂ ਹਨ। ਸੀਪੀਪੀ ਆਗੂ ਚੁਣੇ ਜਾਣ ਮਗਰੋਂ ਆਪਣੇ ਭਾਸ਼ਣ ਵਿਚ ਸੋਨੀਆ ਗਾਂਧੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਹੌਸਲਾ ਨਾ ਛੱਡਣ ਅਤੇ ਵਿਰੋਧੀ ਧਿਰ ਵਜੋਂ ਭੂਮਿਕਾ ਨੂੰ ਅਸਰਦਾਰ ਢੰਗ ਨਾਲ ਨਿਭਾਉਣ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਕਾਂਗਰਸ ਆਗੂ ਰਾਜ ਸਭਾ ਵਿਚ ਸਮਾਨ ਵਿਚਾਰਾਂ ਵਾਲੀਆਂ ਪਾਰਟੀਆਂ ਨਾਲ ਤਾਲਮੇਲ ਅਤੇ ਸਹਿਯੋਗ ਨੂੰ ਯਕੀਨੀ ਬਣਾਉਣ।
ਸੰਸਦ ਮੈਂਬਰਾਂ ਨੂੰ ਉਨ੍ਹਾਂ ਕਿਹਾ ਕਿ ਸੰਸਦ ਵਿਚ ਜਿਹੜੇ ਮੁੱਦੇ ਉਹ ਉਠਾਉਣ, ਉਹ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਮਨਾਂ ‘ਤੇ ਅਸਰ ਪਾਉਣੇ ਚਾਹੀਦੇ ਹਨ। ਯੂਪੀਏ ਚੇਅਰਪਰਸਨ ਨੇ ਕਿਹਾ ਕਿ ਸਰਕਾਰ ਦੇ ਸੁਧਾਰਵਾਦੀ ਕਦਮਾਂ ਨੂੰ ਹਮਾਇਤ ਦੇਣ ਵਿਚ ਪਾਰਟੀ ਉਸਾਰੂ ਭੂਮਿਕਾ ਨਿਭਾਏਗੀ ਪਰ ਉਹ ‘ਵੰਡਪਾਊ ਅਤੇ ਪਿਛਾਂਹ ਖਿੱਚਣ ਵਾਲੀਆਂ ਕਾਰਵਾਈਆਂ’ ਦਾ ਵਿਰੋਧ ਕਰਦੀ ਰਹੇਗੀ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੋਟ ਪਾਉਣ ਵਾਲੇ 12.3 ਕਰੋੜ ਵੋਟਰਾਂ ਦਾ ਧੰਨਵਾਦ ਵੀ ਕੀਤਾ ਅਤੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਵਜੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਬਹਾਦਰੀ ਨਾਲ ਚੋਣਾਂ ਲੜੀਆਂ ਅਤੇ ਸਰਕਾਰ ਦੀਆਂ ਕੋਤਾਹੀਆਂ ਦਾ ਪਰਦਾਫਾਸ਼ ਕੀਤਾ।
ਵਿਰੋਧੀ ਧਿਰ ਦੇ ਆਗੂ ਵਜੋਂ ਦਾਅਵਾ ਪੇਸ਼ ਨਹੀਂ ਕਰੇਗੀ ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਕਿਹਾ ਕਿ ਉਹ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਰਸਮੀ ਤੌਰ ‘ਤੇ ਦਾਅਵਾ ਪੇਸ਼ ਨਹੀਂ ਕਰੇਗੀ। ਕਾਂਗਰਸ ਤਰਜਮਾਨ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸ ਦੇ 52 ਸੰਸਦ ਮੈਂਬਰ ਚੁਣੇ ਗਏ ਹਨ ਅਤੇ ਉਸ ਨੂੰ ਅਹੁਦੇ ਦੀ ਦਾਅਵੇਦਾਰੀ ਲਈ ਦੋ ਹੋਰ ਸੀਟਾਂ ਦੀ ਲੋੜ ਹੈ ਪਰ ਉਹ ਦਾਅਵਾ ਪੇਸ਼ ਨਹੀਂ ਕਰੇਗੀ। ਨੇਮਾਂ ਮੁਤਾਬਕ 545 ਮੈਂਬਰੀ ਲੋਕ ਸਭਾ ਵਿਚ ਕਿਸੇ ਵੀ ਪਾਰਟੀ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ 10 ਫ਼ੀਸਦੀ ਸੀਟਾਂ ਦੀ ਲੋੜ ਹੁੰਦੀ ਹੈ। ਧਿਆਨ ਰਹੇ ਕਿ ਐਨਡੀਏ ਨੇ ਲੋਕ ਸਭਾ ਚੋਣਾਂ ਵਿਚ ਵੱਡੀ ਜਿੱਤ ਦਰਜ ਕੀਤੀ ਸੀ।
ਨਵੇਂ ਕਾਂਗਰਸ ਸੰਸਦ ਮੈਂਬਰ ਬਹਾਦਰਾਂ ਵਾਂਗ ਕੰਮ ਕਰਨ: ਰਾਹੁਲ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ 52 ਚੁਣੇ ਗਏ ਸੰਸਦ ਮੈਂਬਰ ਸੰਵਿਧਾਨ ਅਤੇ ਸੰਸਥਾਵਾਂ ਦੀ ਰਾਖੀ ਲਈ ‘ਸ਼ੇਰਾਂ ਵਾਂਗ ਬਹਾਦਰ’ ਬਣ ਕੇ ਕੰਮ ਕਰਨਗੇ। ਨਵੇਂ ਸੰਸਦ ਮੈਂਬਰਾਂ ਨਾਲ ਤਸਵੀਰ ਨੂੰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਾਂਗਰਸ ਆਗੂ ਬਿਨਾਂ ਕਿਸੇ ਡਰ ਦੇ ਵਿਰੋਧੀ ਧਿਰ ਵਜੋਂ ਆਪਣੇ ਫਰਜ਼ ਨਿਭਾਉਣਗੇ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …