ਮੁੜ ਵਰਤੋਂ ਯੋਗ ਸਪੇਸ ਸ਼ਟਲ ਦੀ ਸਫ਼ਲਤਾ ਬਾਅਦ ਪੁਲਾੜ ਯਾਤਰਾ ਦਸ ਗੁਣਾ ਸਸਤੀ ਹੋਣ ਦੀ ਉਮੀਦ
ਬੰਗਲੌਰ/ਬਿਊਰੋ ਨਿਊਜ਼
ਭਾਰਤ ਨੇ ਆਪਣੇ ਪਹਿਲੇ ਸਵਦੇਸ਼ੀ ਪੁਲਾੜ ਵਾਹਨ ਦੀ ਸਫ਼ਲਤਾਪੂਰਵਕ ਅਜ਼ਮਾਇਸ਼ ਕੀਤੀ ਹੈ। ਇਸ ਮੁੜ ਵਰਤੋਂ ਯੋਗ ਵਾਹਨ (ਆਰਐਲਵੀ-ਟੀਡੀ) ਨੇ ਆਪਣੀ ਪਹਿਲੀ ਅਜ਼ਮਾਇਸ਼ ਵਿੱਚ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ ਹੈ, ਜਿਸ ਨਾਲ ਪੁਲਾੜ ਯਾਤਰਾ ਨੂੰ ਭਵਿੱਖ ਵਿੱਚ ਆਸਾਨ ਤੇ ਦਸ ਗੁਣਾ ਸਸਤਾ ਬਣਾਇਆ ਜਾ ਸਕੇਗਾ।
ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਨੇ ਐਸਯੂਵੀ ਆਕਾਰ ਦੇ ਇਸ ਪੁਲਾੜ ਵਾਹਨ ਦੀ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਅਜ਼ਮਾਇਸ਼ ਕੀਤੀ। ઠਮਾਨਵ-ਰਹਿਤ ਸਵਦੇਸ਼ੀ ਮਾਡਲ ਸਪੇਸ ਸ਼ਟਲ ਦੀ ਅਜ਼ਮਾਇਸ਼ ਨਾਲ ਭਾਰਤ ਮੁੜ ਵਰਤੋਂ ਯੋਗ ਪੁਲਾੜ ਵਾਹਨ ਤਿਆਰ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਨਾਸਾ ਨੇ ਸਪੇਸ ਸ਼ਟਲ ਪ੍ਰੋਗਰਾਮ 2011 ਵਿੱਚ ਬੰਦ ਕਰ ਦਿੱਤਾ ਸੀ।
ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਛੱਡੇ ਗਏ ਇਸ ਆਰਐਲਵੀ-ਟੀਡੀ ਨੂੰ ਵਿਸ਼ੇਸ਼ ਰਾਕੇਟ ਬੂਸਟਰ ਰਾਹੀਂ 65 ਕਿਲੋਮੀਟਰ ਤੋਂ ਵੱਧ ਉੱਚਾਈ ‘ਤੇ ਵਾਯੂਮੰਡਲ ਵਿੱਚ ਭੇਜਿਆ ਗਿਆ। ਬੰਗਾਲ ਦੀ ਖਾੜੀ ਵਿੱਚ ਡਿੱਗਣ ਤੋਂ ਪਹਿਲਾਂ ਇਸ ਨੂੰ ਪੁਲਾੜ ਵਿੱਚ ਦਾਖ਼ਲ ਕੀਤਾ ਗਿਆ। ‘ਜਹਾਜ਼’ ਵਰਗਾ ਦਿਸਣ ਵਾਲਾ 6.5 ਮੀਟਰ ਲੰਬਾ ਇਹ ਵਾਹਨ ਇਕ ਵਿਸ਼ੇਸ਼ ਰਾਕੇਟ ਬੂਸਟਰ ਦੀ ਮਦਦ ਨਾਲ ਵਾਯੂਮੰਡਲ ਵਿੱਚ ਭੇਜਿਆ ਗਿਆ ਅਤੇ ਇਸ ਦੀ ਉਡਾਣ ਕੁੱਲ 770 ਸੈਕਿੰਡ ਦੀ ਰਹੀ। ਇਸ ਵਾਹਨ ਦਾ ਵਜ਼ਨ 1.75 ਟਨ ਸੀ।
ਇਸਰੋ ਅਨੁਸਾਰ 65 ਕਿਲੋਮੀਟਰ ਦੀ ਉੱਚਾਈ ਤੋਂ ਆਰਐਲਵੀ-ਟੀਡੀ ਹੇਠਾਂ ਵੱਲ ਆਉਣਾ ਸ਼ੁਰੂ ਹੋਇਆ ਅਤੇ ਤਕਰੀਬਨ ਮੈਕ 5 (ਧੁਨੀ ਦੀ ਰਫ਼ਤਾਰ ઠਤੋਂ ਪੰਜ ਗੁਣਾ) ਰਫ਼ਤਾਰ ਨਾਲ ਇਸ ਦਾ ਵਾਯੂਮੰਡਲ ਵਿੱਚ ਪੁਨਰ ਦਾਖ਼ਲਾ ਹੋਇਆ।
ਇਸ ਵਾਹਨ ਦੀ ਦਿਸ਼ਾ ਸੂਚਕ, ਗਾਈਡੈਂਸ ਅਤੇ ਕੰਟਰੋਲ ਪ੍ਰਣਾਲੀ ਸੁਰੱਖਿਅਤ ਹੇਠਾਂ ਆਉਣ ਦੇ ਗੇੜ ਦੌਰਾਨ ਕਾਫ਼ੀ ਸਟੀਕ ਰਹੀ। ਇਸਰੋ ਨੇ ਕਿਹਾ ਕਿ ਪੁਨਰ ਪ੍ਰਵੇਸ਼ ਦੌਰਾਨ ਜ਼ਿਆਦਾ ਤਾਪਮਾਨ ਤੋਂ ਬਚਣ ਲਈ ਥਰਮਲ ਪ੍ਰੋਟੈਕਸ਼ਨ ਸਿਸਟਮ (ਟੀਪੀਐਸ) ਲੱਗੇ ਹੋਣ ਕਾਰਨ ਕਾਫ਼ੀ ਮਦਦ ਮਿਲੀ। ਆਰਐਲਵੀ-ਟੀਡੀ ਆਪਣੇ ਉਦੇਸ਼ ਨੂੰ ਪੂਰਾ ਕਰਦਾ ਸਫ਼ਲਤਾਪੂਰਨ ਬੰਗਾਲ ਦੀ ਖਾੜੀ ਵਿੱਚ ਨਿਰਧਾਰਤ ਸਥਾਨ ‘ਤੇ ਡਿੱਗਿਆ। ਇਹ ਜਗ੍ਹਾ ਸ੍ਰੀਹਰੀਕੋਟਾ ਤੋਂ ਤਕਰੀਬਨ 450 ਕਿਲੋਮੀਟਰ ਦੂਰ ਹੈ। ਇਹ ਪੁਲਾੜ ਵਾਹਨ ਪਾਣੀ ਵਿੱਚ ਡਿੱਗਣ ਸਾਰ ਖਿੰਡ ਗਿਆ ਕਿਉਂਕਿ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਦੀ ਸੀ ਕਿ ਇਹ ਤੈਰ ਨਹੀਂ ਸਕਿਆ।
ਸਰਕਾਰ ਨੇ ਆਰਐਲਵੀ-ਟੀਡੀ ਪ੍ਰਾਜੈਕਟ ਉਤੇ 95 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਆਰਐਲਵੀ ਦਾ ਉਦੇਸ਼ ਪ੍ਰਿਥਵੀ ਕੋਲ ਉਪਗ੍ਰਹਿ ਨੂੰ ਪੰਧ ‘ਤੇ ਪਾਉਣਾ ਅਤੇ ਫਿਰ ਵਾਯੂਮੰਡਲ ਵਿੱਚ ਦਾਖ਼ਲ ਹੋਣਾ ਹੈ।ਇਸਰੋ ਦੇ ਬਿਆਨ ਮੁਤਾਬਕ ਇਸ ਉਡਾਣ ਵਿੱਚ ਦਿਸ਼ਾ ਸੂਚਕ, ਗਾਈਡੈਂਸ ਅਤੇ ਕੰਟਰੋਲ, ਮੁੜ ਦਾਖ਼ਲਾ ਮਿਸ਼ਨ ਪ੍ਰਬੰਧਨ ਸਮਰੱਥਾ ਦੀ ਸਫ਼ਲਤਾਪੂਰਕ ਪੁਸ਼ਟੀ ਹੋ ਗਈ ਹੈ।
ਮੁੜ ਵਰਤੋਂ ਯੋਗ ਰਾਕੇਟ ਤਿਆਰ ਕਰਨ ‘ਤੇ ਲੱਗ ਸਕਦੇ ਹਨ 10 ਸਾਲ: ਮਾਧਵਨ
ਹੈਦਰਾਬਾਦ: ਆਰਐਲਵੀ-ਟੀਡੀ ਦੀ ਸਫ਼ਲ ਅਜ਼ਾਇਸ਼ ਨੂੰ ਪਹਿਲੀ ਪੁਲਾਂਘ ਦੱਸਦਿਆਂ ਉੱਘੇ ਪੁਲਾੜ ਵਿਗਿਆਨੀ ਜੀ ਮਾਧਵਨ ਨਾਇਰ ਨੇ ਕਿਹਾ ਕਿ ਮੁੜ ਵਰਤੋਂ ਯੋਗ ਰਾਕੇਟ ਤਿਆਰ ਕਰਨ ਲਈ ਹਾਲੇ ਵੀ ਭਾਰਤ ਨੂੰ 10 ਸਾਲ ਲੱਗ ਸਕਦੇ ਹਨ। ਇਸਰੋ ਦੇ ਸਾਬਕਾ ਚੇਅਰਮੈਨ ਮਾਧਵਨ ਨੇ ਕਿਹਾ, ‘ਜੇਕਰ ਤੁਸੀਂ ਪੁਲਾੜ ਯਾਤਰਾ ਦਾ ਖਰਚਾ ਘਟਾਉਣਾ ਹੈ ਤਾਂ ਪੁਰਜ਼ਿਆਂ ਦੀ ਮੁੜ ਵਰਤੋਂ ਕਰਨੀ ਹੋਵੇਗੀ। ਇਸ ਲਈ ਸਫ਼ਲ ਅਜ਼ਮਾਇਸ਼ ਅਸਲ ਉਦੇਸ਼ ਵੱਲ ਪਹਿਲੀ ਪੁਲਾਂਘ ਹੈ।’
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …