Breaking News
Home / ਪੰਜਾਬ / ਆਪ’ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਬੱਲ ਦਾ ਹੋਇਆ ਆਨੰਦ ਕਾਰਜ

ਆਪ’ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਬੱਲ ਦਾ ਹੋਇਆ ਆਨੰਦ ਕਾਰਜ

ਸਾਦੇ ਤਰੀਕੇ ਨਾਲ ਹੋਇਆ ਵਿਆਹ, ਨਹੀਂ ਚਲਾਇਆ ਗਿਆ ਡੀ.ਜੇ.
ਤਲਵੰਡੀ ਸਾਬੋ : ਆਮ ਆਦਮੀ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ ‘ਆਪ’ ਦੇ ਮਾਝਾ ਜ਼ੋਨ ਦੇ ਯੂਥ ਵਿੰਗ ਇੰਚਾਰਜ ਸੁਖਰਾਜ ਸਿੰਘ ਬੱਲ ਐਤਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਵਿਆਹ ਦੀ ਰਸਮ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗ੍ਹਾ ਰਾਮ ਤੀਰਥ ਵਿਚ ਗੁਰ ਮਰਿਆਦਾ ਅਨੁਸਾਰ ਹੋਈ। ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਘਰ ਨੇੜੇ ਇਕ ਖੁੱਲ੍ਹੇ ਪੰਡਾਲ ਵਿਚ ਸਾਦੇ ਤਰੀਕੇ ਅਤੇ ਗੁਰ ਮਰਿਆਦਾ ਅਨੁਸਾਰ ਦੋਵਾਂ ਦਾ ਵਿਆਹ ਕਾਰਜ ਹੋਇਆ। ਵਿਆਹ ਮੌਕੇ ਡੀ.ਜੇ ਆਦਿ ਨਹੀਂ ਚਲਾਇਆ ਗਿਆ, ਬਲਕਿ ਕੀਰਤਨ ਹੁੰਦਾ ਰਿਹਾ। ਦੋਵਾਂ ਪਰਿਵਾਰਾਂ ਨੇ ਸਿਰੋਪਾਓ ਪਾ ਕੇ ਮਿਲਣੀ ਕੀਤੀ। ਆਨੰਦ ਕਾਰਜ ਤੋਂ ਬਾਅਦ ਸਭ ਤੋਂ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਛਿਆਨਵੇ ਕਰੋੜੀ (ਨਿਹੰਗ ਸਿੰਘਾਂ) ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਅਤੇ ਸੰਤ ਸੇਵਕ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਛੋਟਾ ਸਿੰਘ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਵਿਆਹ ਸਮਾਗਮ ਮੌਕੇ ‘ਆਪ’ ਦੇ ਬਾਗ਼ੀ ਧੜੇ ਦਾ ਕੋਈ ਵਿਧਾਇਕ ਨਜ਼ਰ ਨਹੀਂ ਆਇਆ। ਵਿਆਹ ਸਮਾਗਮ ਵਿਚ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੈ ਸਿੰਘ, ਕੈਬਨਿਟ ਮੰਤਰੀ (ਦਿੱਲੀ) ਗੋਪਾਲ ਰਾਏ ਤੇ ਵਿਧਾਨ ਸਭਾ ਦਿੱਲੀ ਦੇ ਡਿਪਟੀ ਸਪੀਕਰ ਰਾਖੀ ਬਿਰਲਾ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਜਾਇਬ ਸਿੰਘ ਭੱਟੀ ਪਹਿਲਾਂ ਹੀ ਵਿਧਾਇਕਾ ਦੇ ਘਰ ਪੁੱਜ ਕੇ ਉਨ੍ਹਾਂ ਨੂੰ ਵਧਾਈ ਦੇ ਗਏ ਸਨ। ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਤੇ ਡਿਪਟੀ ਕਮਿਸ਼ਨਰ (ਬਠਿੰਡਾ) ਡਾਕਟਰ ਪ੍ਰਨੀਤ ਵਿਧਾਇਕਾ ਦੇ ਘਰ ਮੁਬਾਰਕਬਾਦ ਦੇਣ ਪੁੱਜੇ। ਆਨੰਦ ਕਾਰਜ ਦੀ ਰਸਮ ਮੌਕੇ ਪ੍ਰਿੰਸੀਪਲ ਬੁੱਧ ਰਾਮ ਅਤੇ ਮੀਤ ਹੇਅਰ (ਦੋਵੇਂ ਵਿਧਾਇਕ ‘ਆਪ’), ਹਰਮਿੰਦਰ ਸਿੰਘ ਜੱਸੀ ਤੇ ਚਿਰੰਜੀ ਲਾਲ ਗਰਗ (ਦੋਵੇਂ ਸਾਬਕਾ ਮੰਤਰੀ), ਅਜੀਤਇੰਦਰ ਸਿੰਘ ਮੋਫਰ, ਗੁਰਮੀਤ ਸਿੰਘ ਖੁੱਡੀਆਂ ਆਦਿ ਨੇ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਪਾਰਟੀ ‘ਚ ਪਹੁੰਚੇ ਕੇਜਰੀਵਾਲ, ਜਾਖੜ ਤੇ ਸੁਖਬੀਰ ਬਾਦਲ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਬੱਲ ਲੰਘੇ ਐਤਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਅੱਜ ਅੰਮ੍ਰਿਤਸਰ ਵਿੱਚ ਇਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ। ਇਸ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅੰਮ੍ਰਿਤਸਰ ਪੁੱਜੇ। ਇਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਸੁਨੀਲ ਜਾਖੜ ਅਤੇ ਸੁਖਬੀਰ ਬਾਦਲ ਤੇ ਹੋਰ ਕਈ ਵੱਡੇ ਆਗੂ ਸ਼ਾਮਲ ਹਨ। ਵਿਧਾਇਕਾ ਬਲਜਿੰਦਰ ਕੌਰ ਦਾ ਆਨੰਦ ਕਾਰਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿੱਚ ਹੋਇਆ ਸੀ। ਉਨ੍ਹਾਂ ਦੇ ਪਤੀ ਸੁਖਰਾਜ ਬੱਲ ਵੀ ਮਾਝਾ ‘ਆਪ’ ਜ਼ੋਨ ਦੇ ਇੰਚਾਰਜ ਹਨ।

Check Also

ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗਾਂਧੀ ਪਟਿਆਲਾ ਤੋਂ ਅਤੇ ਖਹਿਰਾ ਸੰਗਰੂਰ ਤੋਂ ਹਨ ਚੋਣ ਮੈਦਾਨ ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ …