Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ

ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ ਸਖਤ ਕਦਮ ਚੁੱਕਾਂਗੇ : ਰਾਜਪਾਲ
ਪੰਜਾਬ ‘ਚ ਅਮਨ ਸ਼ਾਂਤੀ ਨੂੰ ਹਰ ਕੀਮਤ ‘ਤੇ ਰੱਖਿਆ ਜਾਵੇਗਾ ਬਹਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਬਜਟ ਸੈਸ਼ਨ ਸ਼ੁਰੂਆਤ ਮੰਗਲਵਾਰ ਨੂੰ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਈ। ਰਾਜਪਾਲ ਨੇ ਆਪਣੇ ਭਾਸ਼ਣ ਵਿਚ ਮੌਜੂਦਾ ਸਰਕਾਰ ਦੀਆਂ ਗੈਂਗਸਟਰਾਂ, ਨਸ਼ਾ ਤਸਕਰਾਂ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਾਬੂ ਕਰਨ ਅਤੇ ਸਰਕਾਰ ਵਲੋਂ ਤੰਦਰੁਸਤ ਪੰਜਾਬ ਪ੍ਰੋਗਰਾਮ ਹੇਠ ਮਿਲਾਵਟਖੋਰੀ ਵਿਰੁੱਧ ਵਿੱਢੀ ਮੁਹਿੰਮ ਦਾ ਜ਼ਿਕਰ ਕੀਤਾ। ਆਪਣੇ ਭਾਸ਼ਣ ਨੂੰ ਪੜ੍ਹਦਿਆਂ ਰਾਜਪਾਲ ਨੇ ਰਾਜ ਸਰਕਾਰ ਵਲੋਂ ਸਪੱਸ਼ਟ ਕੀਤਾ ਕਿ ਸੂਬੇ ਵਿਚ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਹਰ ਕੀਮਤ ‘ਤੇ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਸਜ਼ਾਵਾਂ ਦਿਵਾਉਣ ਵਿਚ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸੂਬੇ ਵਿਚ ਖੇਤੀ ਅਤੇ ਉਦਯੋਗਾਂ ਲਈ ਪਾਣੀ ਦਾ ਵੱਡਾ ਸੰਕਟ ਹੋਣ ਦੀ ਗੱਲ ਪ੍ਰਵਾਨ ਕੀਤੀ ਹੈ। ਰਾਜਪਾਲ ਨੇ ਕਿਹਾ ਕਿ ਸਰਕਾਰ ਦੇ ਪੁਰਜ਼ੋਰ ਯਤਨਾਂ ਦੇ ਬਾਵਜੂਦ ਨਿਵੇਸ਼ਕ ਡਰੇ ਹੋਏ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਭਵਿੱਖ ਵਿਚ ਢੁੱਕਵੀਂ ਗੁਣਵੱਤਾ ਵਾਲੇ ਪਾਣੀ ਦੀ ਅਣਹੋਂਦ ਨਜ਼ਰ ਆ ਰਹੀ ਹੈ। ਸਰਕਾਰ ਨੇ ਮੰਨਿਆ ਹੈ ਕਿ ਪੰਜਾਬ ਦਾ ਦੋ ਤਿਹਾਈ ਹਿੱਸਾ ਜ਼ਮੀਨੀ ਪਾਣੀ ਦੀ ਕਮੀ ਕਾਰਨ ਖ਼ਤਰੇ ਦੇ ਨਿਸ਼ਾਨ (ਡਾਰਕ ਜ਼ੋਨ) ਤੱਕ ਪਹੁੰਚ ਗਿਆ ਹੈ। ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪਹਿਲੀ ਵਾਰ ਇਹ ਮੰਨਿਆ ਗਿਆ ਹੈ ਕਿ ਸੂਬੇ ਵਿਚ ਨਿਵੇਸ਼ਕਾਂ ਦੇ ਨਾ ਆਉਣ ਦਾ ਇਕ ਵੱਡਾ ਕਾਰਨ ਪਾਣੀ ਦੀ ਅਣਹੋਂਦ ਵੀ ਹੈ। ਰਾਜਪਾਲ ਦੇ ਭਾਸ਼ਨ ਦਾ ਸਭ ਤੋਂ ਅਹਿਮ ਪੱਖ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿਚ ਚੰਡੀਗੜ੍ਹ ਉਪਰ ਹੱਕ ਨਹੀਂ ਜਤਾਇਆ ਅਤੇ ਨਾ ਹੀ ਪੰਜਾਬੀ ਬੋਲਦੇ ਇਲਾਕੇ ਸ਼ਾਮਲ ਕਰਾਉਣ ਦਾ ਅਹਿਦ ਕੀਤਾ ਹੈ। ਸੂਬੇ ਦੇ ਇਕ ਹੋਰ ਬੁਨਿਆਦੀ ਮੁੱਦੇ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਵੀ ਵਿਵਾਦਤ ਸਤਲੁਜ ਯਮੁਨਾ ਲਿੰਕ ਨਹਿਰ ਦਾ ਜ਼ਿਕਰ ਕੀਤੇ ਬਿਨਾ ਸਿਰਫ਼ ਇਹੀ ਕਿਹਾ ਗਿਆ ਹੈ ਕਿ ਸਰਕਾਰ ਨੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਹਰ ਸੰਭਵ ਪ੍ਰਸ਼ਾਸਕੀ ਤੇ ਕਾਨੂੰਨੀ ਚਾਰਾਜੋਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਨ ਦੌਰਾਨ ਪਹਿਲਾਂ ਤਾਂ ਹੰਗਾਮਾ ਕੀਤੀ ਤੇ ਫਿਰ ਸਦਨ ਦੇ ਵਿਚਕਾਰ ਜਾ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮਗਰੋਂ ਸੈਸ਼ਨ ਦਾ ਬਾਈਕਾਟ ਕੀਤਾ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਵੀ ਭਾਸ਼ਨ ਦਾ ਬਾਈਕਾਟ ਕੀਤਾ। ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਨੇ ਆਪਣੇ ਭਾਸ਼ਨ ਵਿੱਚ ਕਾਂਗਰਸ ਦੀਆਂ ਯੋਜਨਾਵਾਂ ਦਾ ਗੁਣਗਾਨ ਕੀਤਾ। ਸੂਬੇ ਵਿਚ 2015 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ‘ਤੇ ਬੋਲਦਿਆਂ ਵੀ.ਪੀ. ਸਿੰਘ ਬਦਨੌਰ ਨੇ ਕਿਹਾ ਕਿ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿਛਲੇ ਸੈਸ਼ਨ ਦੌਰਾਨ ਕੀਤੀ ਸਿਫਾਰਸ਼ ਮੁਤਾਬਕ ਗਠਿਤ ਵਿਸ਼ੇਸ਼ ਜਾਂਚ ਟੀਮ ਜਲਦੀ ਆਪਣੇ ਕਾਰਜ ਨੂੰ ਮੁਕੰਮਲ ਕਰੇਗੀ।
ਰਾਜਪਾਲ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਮਾਮਲੇ ਵਿਚ ਵੀ ਸਰਕਾਰ ਦੀ ਸਿਫ਼ਤ ਕੀਤੀ ਤੇ ਦਾਅਵਾ ਕਰਦਿਆਂ ਕਿਹਾ ਕਿ ਐਨਡੀਪੀਐੱਸ ਐਕਟ ਅਧੀਨ 25,092 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 556 ਕਿੱਲੋ ਤੋਂ ਵਧੇਰੇ ਹੈਰੋਇਨ ਜ਼ਬਤ ਕੀਤੀ ਗਈ ਹੈ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …