ਇੰਦਰਜੀਤ ਸਿੰਘ
ਹਰੇ ਭਰੇ ਤੇ ਖੁਸ਼ਹਾਲ ਸੂਬੇ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਸੂਬੇ ਨੂੰ ਬਾਰਾਂ ਹਜ਼ਾਰ ਤੋਂ ਵੀ ਵੱਧ ਪਿੰਡ ਹੋਣ ਕਰਕੇ ਪਿੰਡਾਂ ਦਾ ਸੂਬਾ ਹੋਣ ਦਾ ਮਾਣ ਹਾਸਿਲ ਹੈ। ਜੇਕਰ ਅਤੀਤ ਦੀ ਬੁੱਕਲ ਵਿੱਚ ਝਾਤ ਮਾਰੀਏ ਤਾਂ ਸਾਨੂੰ ਗਿਆਨ ਹੁੰਦਾ ਹੈ ਕਿ ਜੇਕਰ ਅੱਜ ਹਰ ਪੰਜਾਬੀ ਢਿੱਡ ਭਰ ਕੇ ਸੌਂਦਾ ਹੈ ਤਾਂ ਇਹ ਵੀ ਪਿੰਡਾਂ ਵਿੱਚ ਵੱਸਦੇ ਕਿਸਾਨ ਦੀ ਮਿਹਨਤ ਅਤੇ ਖੇਤ ਮਜਦੂਰਾਂ ਦੀ ਕਿਰਤ ਦਾ ਨਤੀਜਾ ਹੀ ਹੈ। ਜੇਕਰ ਗਹਿਰਾਈ ਨਾਲ ਵਿਚਾਰੀਏ ਤਾਂ ਵਿਕਾਸ ਦਾ ਅਸਲ ਪੈਂਡਾ ਪਿੰਡਾਂ ਤੋਂ ਹੀ ਸ਼ੁਰੂ ਹੁੰਦਾ ਹੈ। ਪ੍ਰੰਤੂ ਪਿੰਡਾਂ ਨੂੰ ਤਰੱਕੀ ਦੇ ਰਾਹ ਤੇ ਉਥੋਂ ਦੀਆਂ ਪੰਚਾਇਤਾਂ ਪਾਉਂਦੀਆਂ ਹਨ। ਪਿੰਡ ਦੇ ਲੋਕਾਂ ਵਲੋਂ ਆਪਣੀ-ਆਪਣੀ ਸੋਚ ਤੇ ਤਵੱਜੋਂ ਸਦਕਾ ਆਪਣੇ-ਆਪਣੇ ਨੁਮਾਇੰਦਿਆਂ ਨੂੰ ਮਤ ਦੇ ਕੇ ਪਿੰਡ ਦਾ ਇੱਕ ਮੁਖੀਆ ਅਰਥਾਤ ਸਰਪੰਚ ਚੁਣਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਪਿੰਡ ਦੇ ਪੰਚਾਂ ਦੀ ਚੋਣ ਹੁੰਦੀ ਹੈ। ਪੰਚ ਅਤੇ ਸਰਪੰਚ ਮਿਲ ਕੇ ਪਿੰਡ ਦੀ ਪੰਚਾਇਤ ਕਹਾਉਂਦੇ ਹਨ। ਇਹ ਕਹਿਣਾ ਕਦੇ ਗਲਤ ਨਹੀਂ ਹੋਵੇਗਾ ਕਿ ਪਿੰਡ ਦੀ ਤਰੱਕੀ ਪਿੰਡ ਦੀ ਪੰਚਾਇਤ ਉੱਤੇ ਨਿਰਭਰ ਕਰਦੀ ਹੈ।
ਹਾਲ ਹੀ ਵਿੱਚ ਸਮੁੱਚੇ ਪੰਜਾਬ ਵਿੱਚ ਪੰਚਾਇਤ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਜੋ ਅੱਜ ਪਿੰਡ ਦੀ ਹਰ ਸੱਥ ਲਈ ਚਰਚਾ ਦਾ ਮੁੱਦਾ ਵੀ ਬਣ ਗਿਆ ਹੈ। ਚਾਹ ਵਾਲੇ ਖੋਖੇ ਤੋਂ ਲੈ ਕੇ ਪਿੰਡ ਦੇ ਥੜੇ ‘ਤੇ ਬੈਠੇ ਲੋਕਾਂ ਵਿੱਚ ਹੁਣ ਪੰਚਾਂ-ਸਰਪੰਚਾਂ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਹਨ। 30 ਦਸੰਬਰ ਨੂੰ ਸੂਬੇ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਸੂਬੇ ਭਰ ਵਿੱਚ ਯੋਗ ਉਮੀਦਵਾਰਾਂ ਨੇ ਆਪਣੀ ਪੰਚੀ-ਸਰਪੰਚੀ ਲਈ ਨਾਮਜ਼ਦਗੀਆਂ ਦਰਜ ਕਰਵਾ ਦਿੱਤੀਆਂ ਹਨ। ਜਿਸਦੇ ਨਾਲ-ਨਾਲ ਜੇਕਰ ਕੋਈ ਉਮੀਦਵਾਰ ਆਪਣੇ ਫਾਰਮ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਕੋਲ ਵੀ 21 ਦਸੰਬਰ ਤੱਕ ਦਾ ਸਮਾਂ ਹੈ। ਇਹਨਾਂ ਮਿਤੀਆਂ ਦੇ ਸਾਹਮਣੇ ਆਉਣ ਨਾਲ ਸਾਰੇ ਜ਼ਿਲ੍ਹਿਆਂ, ਬਲਾਕਾਂ ਤੇ ਬੀ.ਡੀ.ਪੀ.ਓ. ਦਫਤਰਾਂ ਆਦਿ ਅੱਗੇ ਫਾਰਮ ਲੈਣ, ਭਰਨ ਤੇ ਜਮਾਂ ਕਰਾਉਣ ਵਾਲਿਆਂ ਦੀ ਭੀੜ ਲੱਗ ਗਈ ਹੈ। ਸਰਕਾਰੀ ਅਫਸਰ ਵੀ ਇਹਨਾਂ ਤਾਰੀਕਾਂ ਨੂੰ ਮੱਦੇਨਜ਼ਰ ਰੱਖਦਿਆਂ ਆਪਣੀਆਂ-ਆਪਣੀਆਂ ਕਮਰਾਂ ਕੱਸਦੇ ਨਜ਼ਰ ਆ ਰਹੇ ਹਨ।ઠ
ਉਂਝ ਤਾਂ ਪਿੰਡ ਦੇ ਲੋਕਾਂ ਤੇ ਪੰਚਾਇਤ ਨੂੰ ਇਹ ਅਧਿਕਾਰ ਹੈ ਕਿ ਜੇਕਰ ਉਹ ਚਾਹੁਣ ਤਾਂ ਆਪਣੇ ਪਿੰਡ ਦੇ ਪੰਚਾਂ ਤੇ ਸਰਪੰਚ ਨੂੰ ਸਰਬ ਸਹਿਮਤੀ ਨਾਲ ਭਾਵ ਸਾਰਿਆ ਦੀ ਰਜ਼ਾ-ਮੰਦੀ ਨਾਲ ਬਿਨਾਂ ਵੋਟਾਂ ਕਰਵਾਏ ਵੀ ਚੁਣ ਸਕਦੇ ਹਨ। ਜਿਸ ਨਾਲ ਉਹਨਾਂ ਦਾ ਚੋਣਾਂ ‘ਤੇ ਹੋਣ ਵਾਲਾ ਖਰਚਾ ਵੀ ਬਚ ਸਕਦਾ ਹੈ। ਪਰ ਇਹ ਤਦ ਤੱਕ ਹੀ ਸੰਭਵ ਹੈ ਜਦ ਤੱਕ ਪਿੰਡ ਦੇ ਲੋਕ ਤੇ ਪੰਚਾਇਤ ਸਹਿਮਤ ਹੈ। ਨਹੀਂ ਤਾਂ ਪੰਚਾਂ ਅਤੇ ਸਰਪੰਚ ਦੀ ਚੋਣ ਲਈ ਚੋਣਾਂ ਕਰਵਾਉਣਾ ਲਾਜ਼ਮੀ ਬਣ ਜਾਂਦਾ ਹੈ। ਇਥੇ ਇਹ ਗੱਲ ਵੀ ਕਾਫੀ ਵਿਚਾਰਨ ਯੋਗ ਹੈ ਕਿ ਕਈਆਂ ਪਿੰਡਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਇੱਕੋ ਹੀ ਸਰਪੰਚ ਬਣਦਾ ਆ ਰਿਹਾ ਹੈ। ਭਾਵ ਕਿ ਪਿੰਡ ਦੇ ਲੋਕ ਉਸਦੇ ਕੰਮ ਤੋਂ ਖੁਸ਼ ਹਨ ਤੇ ਉਸਦੀ ਜਗ੍ਹਾ ਕਿਸੇ ਹੋਰ ਨੂੰ ਦੇਖਣਾ ਪਸੰਦ ਨਹੀਂ ਕਰਦੇ। ਜਿਸ ਨਾਲ ਪਿੰਡ ਦੇ ਲੋਕਾਂ ਤੇ ਸਰਪੰਚਾਂ ਦੀ ਸੂਝਵਾਨ ਤੇ ਤਰਕਸ਼ੀਲ ਬੁੱਧੀ ਦਾ ਵੀ ਪਤਾ ਚੱਲਦਾ ਹੈ ਜਿਸ ਨਾਲ ਉਹ ਚੋਣਾਂ ਦੇ ਖਰਚ ਨੂੰ ਬਚਾ ਕੇ ਉਸ ਨੂੰ ਪਿੰਡ ਦੇ ਵਿਕਾਸ ਵੱਲ ਲਗਾਉਣ ਵਿੱਚ ਸਫਲ ਰਹਿੰਦੇ ਹਨ। ਪਰ ਕਈ ਪਿੰਡਾਂ ਵਿੱਚ ਪੰਚਾਂ-ਸਰਪੰਚਾਂ ਨੂੰ ਚੋਣ ਉਪਰੰਤ ਚੁਣਿਆ ਜਾਂਦਾ ਹੈ। ਮੁੱਦਾ ਚੋਣਾਂ ਜਾਂ ਬਿਨਾ ਚੋਣਾਂ ਤੋਂ ਪੰਚਾਂ-ਸਰਪੰਚਾਂ ਨੂੰ ਚੁਣਨ ਦਾ ਨਹੀਂ ਹੈ। ਅਸਲ ਮੁੱਦਾ ਪਿੰਡ ਦੇ ਵਿਕਾਸ ਦਾ ਹੈ। ਜੇਕਰ ਪਿੰਡ ਦੇ ਲੋਕ ਆਪਣਾ ਕੀਮਤੀ ਵੋਟ ਪਾ ਕੇ ਜਾਂ ਸਰਬ-ਸਹਿਮਤੀ ਤੇ ਪੂਰੇ ਵਿਸ਼ਵਾਸ ਨਾਲ ਆਪਣੇ ਪਿੰਡ ਦੀ ਪੰਚਾਇਤ ਤੇ ਸਰਪੰਚ ਨੂੰ ਚੁਣਦੇ ਹਨ ਤਾਂ ਪੰਚਾਇਤ ਤੇ ਸਰਪੰਚ ਨੂੰ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਚਾਹੀਦਾ ਹੈ, ਤਾਂ ਜੋ ਪਿੰਡ ਦੇ ਲੋਕਾਂ ਦੇ ਯਕੀਨ ਨੂੰ ਬਰਕਰਾਰ ਰੱਖਿਆ ਜਾ ਸਕੇ।