Breaking News
Home / ਸੰਪਾਦਕੀ / ਅਮਨ-ਸ਼ਾਂਤੀ ਵੱਲ ਇਤਿਹਾਸਕ ਕਦਮ

ਅਮਨ-ਸ਼ਾਂਤੀ ਵੱਲ ਇਤਿਹਾਸਕ ਕਦਮ

ਇਹ ਕੋਈ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਹੈ ਕਿ ਪੰਦਰ੍ਹਵੀਂ ਸਦੀ ‘ਚ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜਾਮੇ ‘ਚ ‘ਜਗਤ ਜਲੰਦੇ’ ਨੂੰ ਠਾਰਨ ਲਈ ‘ਅਮਨ ਦੇ ਦੂਤ’ ਬਣ ਕੇ ਆਏ ਸਨ ਅਤੇ ਉਨ੍ਹਾਂ ਨੇ ਬਾਬਰ ਵਰਗੇ ਹਾਕਮਾਂ ਨੂੰ ਰਾਜ-ਭਾਗ ਦੇ ਵਿਸਥਾਰ ਲਈ ਆਮ ਲੋਕਾਂ ਦਾ ਖੂਨ ਡੋਲ੍ਹਣ ਤੋਂ ਵੰਗਾਰ ਕੇ ਰੋਕਿਆ ਸੀ, ਅਗਲੇ ਸਾਲ ਮਨਾਇਆ ਜਾਣ ਵਾਲਾ ਉਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ, ਪਿਛਲੇ 71 ਸਾਲਾਂ ਤੋਂ ਹੱਦਾਂ-ਸਰਹੱਦਾਂ, ਨਫ਼ਰਤਾਂ ਅਤੇ ਜੰਗਾਂ-ਯੁੱਧਾਂ ਵਿਚ ਇਕ ਦੂਜੇ ਦੇ ਦੁਸ਼ਮਣ ਬਣੀ ਬੈਠੇ ਭਾਰਤ-ਪਾਕਿਸਤਾਨ ਵਿਚਾਲੇ ਦੋਸਤੀ ਤੇ ਵਿਸ਼ਵਾਸ ਦੇ ਇਕ ਨਵੇਂ ਦੌਰ ਦੇ ਆਗਾਜ਼ ਦਾ ਸਬੱਬ ਬਣ ਗਿਆ ਹੈ। 15 ਅਗਸਤ 1947 ਨੂੰ ਹਿੰਦੋਸਤਾਨ ਅੰਗਰੇਜ਼ਾਂ ਤੋਂ ਆਜ਼ਾਦ ਹੋਣ ‘ਤੇ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਹੋਂਦ ਵਿਚ ਆਏ ਸਨ। ਖਿੱਤੇ ਦੀ ਮਜ਼੍ਹਬੀ ਆਧਾਰ ‘ਤੇ ਦੋ ਦੇਸ਼ਾਂ ਦੇ ਰੂਪ ਵਿਚ ਹੋਈ ਵੰਡ ਦੌਰਾਨ 10 ਲੱਖ ਲੋਕਾਂ ਦਾ ਕਤਲੇਆਮ ਅਤੇ ਇਕ ਕਰੋੜ ਲੋਕਾਂ ਦਾ ਜਬਰੀ ਉਜਾੜਾ ਹੋਇਆ। ਇਸ ਦੌਰਾਨ ਸਭ ਤੋਂ ਵੱਧ ਨੁਕਸਾਨ ਪੰਜਾਬ, ਖ਼ਾਸ ਕਰਕੇ ਸਿੱਖਾਂ ਨੂੰ ਝੱਲਣਾ ਪਿਆ। ਪਾਕਿਸਤਾਨ ਵਾਲੇ ਪਾਸਿਓਂ ਹਰੀਆਂ-ਭਰੀਆਂ ਜ਼ਮੀਨਾਂ-ਜਾਇਦਾਦਾਂ, ਘਰ-ਘਾਟ ਅਤੇ ਆਪਣੇ ਗੁਰੂ ਸਾਹਿਬਾਨ ਦੀ ਚਰਨ ਛੋਹ ਜਾਨੋਂ ਪਿਆਰੇ ਪਵਿੱਤਰ ਇਤਿਹਾਸਕ ਗੁਰਧਾਮ ਛੱਡ ਕੇ ਜਾਣਾ ਪਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਹੋਰ ਅਨੇਕਾਂ ਗੁਰਦੁਆਰੇ ਗੁਰਧਾਮ ਪਾਕਿਸਤਾਨ ਵੱਲ ਰਹਿ ਗਏ ਅਤੇ ਸਿੱਖ ਬਹੁਗਿਣਤੀ ਭਾਰਤ ਵਿਚ ਆ ਗਈ।
ਵੰਡ ਵਾਲੇ ਦਿਨ ਤੋਂ ਹੀ ਸਿੱਖਾਂ ਦੇ ਮਨਾਂ ‘ਚ ਪੰਥ ਤੋਂ ਵਿਛੋੜੇ ਗਏ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਤਾਂਘ ਪੈਦਾ ਹੋ ਗਈ ਸੀ। ਸਿੱਖਾਂ ਦੇ ਸਮੂਹਿਕ ਮਨੋਭਾਵਾਂ ਦੀ ਤਰਜ਼ਮਾਨੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 25 ਜਨਵਰੀ 1952 ਨੂੰ ਹੁਕਮਨਾਮਾ ਜਾਰੀ ਕਰਕੇ ਸਿੱਖ ਪੰਥ ਨੂੰ ਅਰਦਾਸ ਵਿਚ ਪੰਥ ਤੋਂ ਵਿਛੋੜੇ ਗਏ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਦਾਤ ਮੰਗਣ ਦੇ ਸ਼ਬਦ ਸ਼ਾਮਲ ਕਰਨ ਦੇ ਆਦੇਸ਼ ਦਿੱਤੇ ਗਏ ਸਨ।
ਪਾਕਿਸਤਾਨ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ, ਜੋ ਕਿ ਭਾਰਤੀ ਸਰਹੱਦ ਤੋਂ ਕੇਵਲ ਸਾਢੇ ਤਿੰਨ ਕੁ ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਹੈ, ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਲਈ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਵਲੋਂ ਇਕ ਅਜਿਹਾ ਲਾਂਘਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਰਾਹੀਂ ਭਾਰਤ ਵਿਚ ਵੱਸਦੇ ਸਿੱਖ ਪਾਕਿਸਤਾਨ ਵਿਚ ਸਰਹੱਦ ਦੀ ਕੰਡਿਆਲੀ ਤਾਰ ਤੋਂ ਸਿਰਫ਼ ਸਾਢੇ ਕੁ ਤਿੰਨ ਕਿਲੋਮੀਟਰ ਦੂਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖ਼ਾਨ ਨੇ ਕਰਤਾਰਪੁਰ ਦੇ ਲਾਂਘੇ ਪ੍ਰਤੀ ਹਾਂ-ਪੱਖੀ ਦਿਸ਼ਾ ਵਿਚ ਹੁੰਗਾਰਾ ਭਰਿਆ ਸੀ, ਜਦੋਂ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਲ ਹੋਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ। ਹੁਣ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਦਾ ਲਾਂਘਾ ਬਣਾਉਣ ਲਈ ਸ਼ੁਰੂਆਤ ਕਰ ਦਿੱਤੀ ਗਈ ਹੈ।
ਪਿਛਲੇ ਦਿਨੀਂ 26 ਨਵੰਬਰ ਨੂੰ ਭਾਰਤ ਵਲੋਂ ਅਤੇ 28 ਨਵੰਬਰ ਨੂੰ ਪਾਕਿਸਤਾਨ ਵਲੋਂ ਕਰਤਾਰਪੁਰ ਦੇ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਸਮਾਗਮ ਰੱਖੇ ਗਏ। ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਮੌਕੇ ਪਾਕਿਸਤਾਨ ਦੀ ਸਰਕਾਰ ਨੇ ਜਿਸ ਤਰ੍ਹਾਂ ਭਾਰਤ ਨਾਲ ਦੋਸਤੀ ਅਤੇ ਸਦਭਾਵਨਾ ਦੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਉਮੰਗ ਪ੍ਰਗਟ ਕੀਤੀ ਹੈ, ਉਹ ਨਿਸ਼ਚੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਂ ਫਿਰ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਦੇਸ਼, ਰੰਗ, ਨਸਲ, ਜਾਤ ਅਤੇ ਮਜ਼੍ਹਬ ਦੇ ਫ਼ਰਕ ਨੂੰ ਪਾਸੇ ਰੱਖ ਕੇ ਪਿਆਰ ਵੰਡਣ ਦਾ ਹੀ ਸੁਨੇਹਾ ਦਿੱਤਾ ਸੀ।
ਬੇਸ਼ੱਕ ਪਿਛਲੇ 71 ਸਾਲਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਨਫ਼ਰਤ, ਦੁਸ਼ਮਣੀ ਅਤੇ ਬੇਵਿਸ਼ਵਾਸੀ ਦੀਆਂ ਡੂੰਘੀਆਂ ਖੱਡਾਂ ਬਣੀਆਂ ਹੋਈਆਂ ਹਨ। ਪਾਕਿਸਤਾਨ ਬਾਰੇ ਇਹ ਪ੍ਰਭਾਵ ਰਿਹਾ ਹੈ ਕਿ ਉਹ ਜਿੱਥੇ ਆਪਣੇ ਗੁਆਂਢੀ ਮੁਲਕ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਦੀ ਭਾਵਨਾ ਨਹੀਂ ਰੱਖਦਾ, ਉਥੇ ਉਹ ਪਿਛਲੀ ਪੌਣੀ ਸਦੀ ਤੋਂ ਲਗਾਤਾਰ ਉੱਤਰੀ ਏਸ਼ੀਆ ਵਿਚ ਅਸਥਿਰਤਾ ਅਤੇ ਅਸ਼ਾਂਤੀ ਪੈਦਾ ਕਰਨ ਲਈ ‘ਅੱਤਵਾਦ’ ਦੀ ਪਨੀਰੀ ਤਿਆਰ ਕਰ ਰਿਹਾ ਹੈ। ਪਰ ਇਹ ਵੀ ਸੱਚਾਈ ਹੈ ਕਿ ਪਾਕਿਸਤਾਨ ਖ਼ੁਦ ਵੀ ਅੱਤਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪਾਕਿਸਤਾਨ ‘ਚ ਅੱਤਵਾਦ ਕਾਰਨ 50 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ 100 ਅਰਬ ਤੋਂ ਵੱਧ ਅਮਰੀਕੀ ਡਾਲਰ ਦਾ ਦੇਸ਼ ਨੂੰ ਨੁਕਸਾਨ ਹੋ ਚੁੱਕਾ ਹੈ। ਅਵਾਮ ਨਿੱਤ ਦਿਨ ਦੀ ਹਿੰਸਾ ਅਤੇ ਸ਼ਰ੍ਹੀਅਤ ਦੇ ਨਾਂਅ ‘ਤੇ ਜ਼ੁਲਮਗੀਰੀ ਤੋਂ ਤੰਗ ਆ ਚੁੱਕੀ ਹੈ। ਇਸੇ ਬਦਲੇ ਹੋਏ ਮਾਹੌਲ ਦੌਰਾਨ ਹੀ ਕੁਝ ਮਹੀਨੇ ਪਹਿਲਾਂ ਪਾਕਿਸਤਾਨ ‘ਚ ਹੋਈਆਂ ਚੋਣਾਂ ਦੌਰਾਨ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਪਾਰਟੀ ਸੱਤਾ ‘ਚ ਆਈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ‘ਕੌਮ’ ਦੇ ਨਾਂਅ ਆਪਣੇ ਪਲੇਠੇ ਸੰਬੋਧਨ ਦੌਰਾਨ ਹੀ ਇਮਰਾਨ ਖ਼ਾਨ ਨੇ ਭਾਰਤ ਸਮੇਤ ਸਾਰੇ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧਾਂ ਦੀ ਕਾਮਨਾ ਕੀਤੀ ਸੀ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਬੇਵਿਸ਼ਵਾਸੀ ਅਤੇ ਦੁਸ਼ਮਣੀ ਦੀਆਂ ਡੂੰਘੀਆਂ ਖੱਡਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਸੱਭਿਆਚਾਰ, ਭੂਗੋਲਿਕ ਬਣਤਰ ਅਤੇ ਸਮੱਸਿਆਵਾਂ, ਚੁਣੌਤੀਆਂ ਵੀ ਲਗਭਗ ਇਕੋ-ਜਿਹੀਆਂ ਹੀ ਹਨ। ਇਸ ਵੇਲੇ ਪਾਕਿਸਤਾਨ ਬਹੁਤ ਬੁਰੇ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਪਾਕਿਸਤਾਨ ਸਿਰ 28 ਖਰਬ ਰੁਪਏ ਦਾ ਕਰਜ਼ਾ ਹੈ। ਪਾਕਿਸਤਾਨ ਨੂੰ ਆਰਥਿਕ ਤੇ ਸਿਹਤ-ਸੰਭਾਲ ਖੇਤਰ ‘ਚ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਸੇਵਾਵਾਂ ਦੇ ਸੰਦਰਭ ਵਿਚ ਇਸ ਵੇਲੇ ਪਾਕਿਸਤਾਨ ਵਿਸ਼ਵ ਦੇ ਉਨ੍ਹਾਂ ਪਹਿਲੇ ਪੰਜ ਦੇਸ਼ਾਂ ‘ਚ ਸ਼ਾਮਲ ਹੈ, ਜਿੱਥੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਾਲ ਮੌਤਾਂ ਦੀ ਦਰ ਸਭ ਤੋਂ ਵਧੇਰੇ ਹੈ। ਅਦਾਲਤਾਂ, ਸਿੱਖਿਆ, ਸਿਹਤ, ਸਿਵਲ ਸੇਵਾਵਾਂ ਦਾ ਢਾਂਚਾ ਅੱਤਵਾਦ ਕਾਰਨ ਬੁਰੀ ਤਰ੍ਹਾਂ ਲੜਖੜਾ ਚੁੱਕਾ ਹੈ।
ਭਾਰਤ ਵਿਚ ਵੀ ਸਮੱਸਿਆਵਾਂ ਤੇ ਚੁਣੌਤੀਆਂ ਲਗਭਗ ਉਹੀ ਹਨ, ਜੋ ਪਾਕਿਸਤਾਨ ਦੀਆਂ ਹਨ। ਪਰ ਆਪਣੇ ਵਿਚਾਲੇ ਬੇਵਿਸ਼ਵਾਸੀ ਦੀ ਕੰਧ ਉਸਾਰੀ ਖੜ੍ਹੇ ਭਾਰਤ ਅਤੇ ਪਾਕਿਸਤਾਨ ਗ਼ਰੀਬੀ ਹਟਾਉਣ, ਬਾਲ ਸੁਰੱਖਿਆ, ਰੁਜ਼ਗਾਰ, ਸਿੱਖਿਆ ਅਤੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਦਾਅ ‘ਤੇ ਲਗਾ ਕੇ ਆਪਣੇ ਬਜਟ ਦਾ ਤਕਰੀਬਨ 40 ਫ਼ੀਸਦੀ ਇਕੱਲੇ ਹਥਿਆਰਾਂ ‘ਤੇ ਹੀ ਖ਼ਰਚ ਕਰ ਰਹੇ ਹਨ। ਜਦੋਂਕਿ ਸਿਹਤ ਤੇ ਸਿੱਖਿਆ ‘ਤੇ ਭਾਰਤ ਆਪਣੇ ਬਜਟ ਦਾ ਤਿੰਨ ਫ਼ੀਸਦੀ ਅਤੇ ਪਾਕਿਸਤਾਨ ਮਹਿਜ ਚਾਰ ਫ਼ੀਸਦੀ ਹੀ ਖ਼ਰਚ ਕਰਦਾ ਹੈ। ਅੱਜ ਦੋਵੇਂ ਪਾਸਿਓਂ ਸਰਹੱਦੀ ਇਲਾਕਿਆਂ ਵਿਚੋਂ ਦਹਿਸ਼ਤ, ਬੇਵਿਸ਼ਵਾਸੀ ਅਤੇ ਗੁਆਂਢੀ ਮੁਲਕ ਪ੍ਰਤੀ ਨਫ਼ਰਤ ਦੀ ਭਾਵਨਾ ਨੂੰ ਖ਼ਤਮ ਕਰਕੇ ਧਾਰਮਿਕ ਸਹਿਹੋਂਦ, ਸਾਂਝੇ ਵਪਾਰ, ਸੱਭਿਆਚਾਰਕ ਸਾਂਝ ਅਤੇ ਸਹਿਚਾਰ ਦੇ ਲਈ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਇਸ ਸ਼ੁਰੂਆਤ ਦਾ ਸਬੱਬ ‘ਕਰਤਾਰਪੁਰ ਦਾ ਲਾਂਘਾ’ ਬਣ ਸਕਦਾ ਹੈ, ਬਸ਼ਰਤੇ ਦੋਵੇਂ ਦੇਸ਼ ਨੇਕ ਨੀਅਤ, ਦ੍ਰਿੜ੍ਹ ਇੱਛਾ-ਸ਼ਕਤੀ ਦੇ ਨਾਲ ਤਬਾਹੀ ਦੀ ਬਜਾਇ ਉਨਤੀ ਲਈ ਕੰਮ ਕਰਨ ਲਈ ਦ੍ਰਿੜ੍ਹਤਾ ਨਾਲ ਤਿਆਰ ਹੋ ਜਾਣ। ਅਜਿਹੇ ਯਤਨ ਅਮਨ-ਸ਼ਾਂਤੀ ਵੱਲ ਇਤਿਹਾਸਕ ਕਦਮ ਸਾਬਤ ਹੋਣਗੇ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …