Breaking News
Home / ਭਾਰਤ / ਮੀਟੂ ਯੌਨ ਸ਼ੋਸ਼ਣ ਦੇ ਆਰੋਪਾਂ ‘ਤੇ ਅਹੁਦਾ ਛੱਡਣ ਵਾਲੇ ਸਾਬਕਾ ਵਿਦੇਸ਼ ਰਾਜ ਮੰਤਰੀ ‘ਤੇ ਹੁਣ ਬਲਾਤਕਾਰ ਦਾ ਆਰੋਪ

ਮੀਟੂ ਯੌਨ ਸ਼ੋਸ਼ਣ ਦੇ ਆਰੋਪਾਂ ‘ਤੇ ਅਹੁਦਾ ਛੱਡਣ ਵਾਲੇ ਸਾਬਕਾ ਵਿਦੇਸ਼ ਰਾਜ ਮੰਤਰੀ ‘ਤੇ ਹੁਣ ਬਲਾਤਕਾਰ ਦਾ ਆਰੋਪ

ਅਮਰੀਕੀ ਸੰਪਾਦਕ ਦਾ ਆਰੋਪ – ਐਮ.ਜੇ. ਅਕਬਰ ਨੇ 23 ਸਾਲ ਪਹਿਲਾਂ ਜੈਪੁਰ ‘ਚ ਕੀਤਾ ਸੀ ਬਲਾਤਕਾਰ
ਅਕਬਰ ਬੋਲੇ – ਸਹਿਮਤੀ ਨਾਲ ਬਣੇ ਸਨ ਸਬੰਧ, ਰਿਸ਼ਤਾ ਕਈ ਮਹੀਨੇ ਲੰਬਾ ਖਿੱਚਿਆ ਸੀ
ਅਕਬਰ ਦੀ ਪਤਨੀ ਵੀ ਬਚਾਅ ਵਿਚ ਉਤਰੀ, ਕਿਹਾ-ਇਸ ਮਹਿਲਾ ਕਰਕੇ ਸਾਡਾ ਘਰ ਟੁੱਟਣ ਵਾਲਾ ਸੀ
ਵਾਸ਼ਿੰਗਟਨ : ਸੰਪਾਦਕ ਰਹਿਣ ਦੇ ਦੌਰਾਨ 20 ਤੋਂ ਜ਼ਿਆਦਾ ਮਹਿਲਾ ਪੱਤਰਕਾਰਾਂ ਦੇ ਯੌਨ ਸ਼ੋਸ਼ਣ ਦੇ ਆਰੋਪ ਝੱਲ ਰਹੇ ਸਾਬਕਾ ਵਿਦੇਸ਼ ਮੰਤਰੀ ਐਮਜੇ ਅਕਬਰ ‘ਤੇ ਹੁਣ ਬਲਾਤਕਾਰ ਦਾ ਆਰੋਪ ਲੱਗਾ ਹੈ। ਵਾਸ਼ਿੰਗਟਨ ਦੇ ਇਕ ਪ੍ਰਮੁੱਖ ਮੀਡੀਆ ਹਾਊਸ ਦੀ ਸੰਪਾਦਕ ਨੇ ਦਾਅਵਾ ਕੀਤਾ ਕਿ ਅਕਬਰ ਨੇ 23 ਸਾਲ ਪਹਿਲਾਂ ਜੈਪੁਰ ਵਿਚ ਉਸ ਨਾਲ ਬਲਾਤਕਾਰ ਕੀਤਾ ਸੀ। ਵਿਰੋਧ ਕਰਨ ‘ਤੇ ਨੌਕਰੀ ਤੋਂ ਕੱਢਣ ਤੱਕ ਦੀ ਧਮਕੀ ਦਿੱਤੀ ਸੀ।
ਅਮਰੀਕਾ ਦੇ ਨੈਸ਼ਨਲ ਪਬਲਿਕ ਰੇਡੀਓ ਵਿਚ ਕਾਰਜਕਾਰੀ ਸੰਪਾਦਕ ਨੇ ਵਾਸ਼ਿੰਗਟਨ ਪੋਸਟ ਵਿਚ ਲੇਖ ਲਿਖ ਕੇ ਆਪਣੀ ਕਹਾਣੀ ਬਣਾਈ ਹੈ। ਹਾਲਾਂਕਿ, ਅਕਬਰ ਨੇ ਆਰੋਪ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੋਵਾਂ ਵਿਚ ਸਹਿਮਤੀ ਨਾਲ ਸਬੰਧ ਬਣੇ ਸਨ। ਅਕਬਰ ਦੀ ਪਤਨੀ ਮਲਿਕਾ ਅਕਬਰ ਨੇ ਵੀ ਆਰੋਪ ਲਗਾਉਣ ਵਾਲੀ ਸੰਪਾਦਕ ਨੂੰ ਝੂਠਾ ਕਰਾਰ ਦਿੱਤਾ ਹੈ। ਮਲਿਕਾ ਨੇ ਕਿਹਾ ਕਿ ਇਸ ਮਹਿਲਾ ਕਰਕੇ ਹੀ ਉਨ੍ਹਾਂ ਦਾ ਘਰ ਟੁੱਟਣ ਦੇ ਕਗਾਰ ‘ਤੇ ਪਹੁੰਚ ਗਿਆ ਸੀ। ਜ਼ਿਕਰਯੋਗ ਹੈ ਕਿ ਅਕਬਰ ‘ਤੇ 16 ਮਹਿਲਾਵਾਂ ਨਾਲ ਯੌਨ ਸ਼ੋਸ਼ਣ ਦੇ ਆਰੋਪ ਲੱਗੇ ਸਨ। ਆਰੋਪਾਂ ਦੀ ਸ਼ੁਰੂਆਤ 8 ਅਕਤੂਬਰ ਨੂੰ ਪ੍ਰੀਆ ਰਮਾਨੀ ਦੇ ਇਕ ਟਵੀਟ ਤੋਂ ਬਾਅਦ ਹੋਈ ਸੀ।
ਦਰਦ ਭਰੀਆਂ ਯਾਦਾਂ ੲ ਪਸੰਦ ਦਾ ਕੰਮ ਕਰਨ ਦੀ ਮੈਨੂੰ ਕੀਮਤ ਚੁਕਾਉਣੀ ਪਈ, ਨੌਕਰੀ ਖੁੱਸਣ ਦੇ ਡਰ ਨਾਲ ਸਭ ਕੁਝ ਸਹਿੰਦੀ ਰਹੀ
ਇਹ ਮੇਰੇ ਜੀਵਨ ਦੀ ਸਭ ਤੋਂ ਦਰਦ ਭਰੀਆਂ ਯਾਦਾਂ ਹਨ। 23 ਸਾਲ ਤੋਂ ਦਬਾ ਰੱਖੀਆਂ ਸਨ। ਮੈਂ 22 ਸਾਲ ਦੀ ਸੀ, ਜਦ ‘ਏਸ਼ੀਅਨ ਏਜ਼’ ਵਿਚ ਕੰਮ ਸ਼ੁਰੂ ਕੀਤਾ। ਸਾਲ ਭਰ ਵਿਚ ਅਕਬਰ ਨੇ ਮੈਨੂੰ ਓਪ-ਏਡ ਪੇਜ਼ ਦਾ ਐਡੀਟਰ ਬਣਾ ਦਿੱਤਾ। ਆਪਣੀ ਪਸੰਦ ਦੇ ਕੰਮ ਲਈ ਮੈਨੂੰ ਬਹੁਤ ਜਲਦ ਕੀਮਤ ਚੁਕਾਉਣੀ ਪਈ। 1994 ਵਿਚ ਇਕ ਦਿਨ ਪੇਜ਼ ਦਿਖਾਉਣ ਅਕਬਰ ਦੇ ਕੈਬਿਨ ਵਿਚ ਗਈ। ਉਥੇ ਉਸ ਨੇ ਮੈਨੂੰ ‘ਕਿਸ’ ਕੀਤਾ। ਮੈਂ ਸ਼ਰਮਿੰਦਗੀ ਭਰੇ ਚਿਹਰੇ ਨਾਲ ਬਾਹਰ ਨਿਕਲੀ। ਦੂਜੀ ਘਟਨਾ ਮੁੰਬਈ ਵਿਚ ਹੋਈ। ਇਕ ਮੈਗਜ਼ੀਨ ਦੀ ਲਾਂਚਿੰਗ ਲਈ ਮੈਨੂੰ ਬੁਲਾਇਆ ਗਿਆ। ਲੇਆਊਟ ਚੈਕ ਕਰਨ ਦੇ ਬਹਾਨੇ ਮੈਨੂੰ ਤਾਜ ਹੋਟਲ ਦੇ ਕਮਰੇ ਵਿਚ ਬੁਲਾਇਆ। ਇਹ ‘ਕਿਸ’ ਕਰਨ ਲੱਗਾ ਤਾਂ ਮੈਂ ਲੜ ਪਈ। ਧੱਕਾ ਦੇ ਕੇ ਬਾਹਰ ਨਿਕਲਣ ਲੱਗੀ ਤਾਂ ਮੇਰਾ ਚਿਹਰਾ ਨੋਚ ਲਿਆ। ਦਿੱਲੀ ਪਰਤ ਕੇ ਅਕਬਰ ਨੇ ਮੈਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ। ਫਿਰ ਇਕ ਅਸਾਈਨਮੈਂਟ ‘ਤੇ ਸਾਨੂੰ ਜੈਪੁਰ ਜਾਣਾ ਪਿਆ। ਸਟੋਰੀ ‘ਤੇ ਚਰਚਾ ਦੇ ਬਹਾਨੇ ਅਕਬਰ ਨੇ ਮੈਨੂੰ ਕਮਰੇ ਵਿਚ ਬੁਲਾਇਆ। ਇੱਥੇ ਮੇਰੇ ਕੱਪੜੇ ਪਾੜੇ ਅਤੇ ਬਲਾਤਕਾਰ ਕੀਤਾ। ਪੁਲਿਸ ਨੂੰ ਦੱਸਣ ਦੀ ਬਜਾਏ ਮੈਂ ਸ਼ਰਮ ਮਹਿਸੂਸ ਕਰਦੀ ਰਹੀ। ਮੈਨੂੰ ਲੱਗਿਆ ਕਿ ਮੇਰੇ ‘ਤੇ ਕੋਈ ਭਰੋਸਾ ਨਹੀਂ ਕਰੇਗਾ। ਖੁਦ ਨੂੰ ਹੀ ਦੋਸ਼ ਦਿੰਦੀ ਰਹੀ। ਅਕਬਰ ਦਿਨ ਬ ਦਿਨ ਹਾਵੀ ਹੋ ਰਿਹਾ ਸੀ। ਦਫਤਰ ਵਿਚ ਕਿਸੇ ਹੋਰ ਪੁਰਸ਼ ਨਾਲ ਗੱਲ ਕਰਦੀ ਤਾਂ ਉਹ ਖਿਝਦਾ ਸੀ। ਮੈਂ ਸ਼ਾਇਦ ਨੌਕਰੀ ਖੁੱਸਣ ਦੇ ਡਰ ਕਰਕੇ ਇਹ ਸਭ ਸਹਿ ਰਹੀ ਸੀ। ਤਿਲ-ਤਿਲ ਕਰਕੇ ਮਰ ਰਹੀ ਸੀ। 1994 ਦੀਆਂ ਚੋਣਾਂ ਤੋਂ ਬਾਅਦ ਕਿਹਾ ਕਿ ਇਨਾਮ ਦੇ ਤੌਰ ‘ਤੇ ਮੈਨੂੰ ਅਮਰੀਕਾ ਜਾਂ ਬ੍ਰਿਟੇਨ ਭੇਜਿਆ ਜਾਵੇਗਾ। ਮੈਂ ਖੁਸ਼ ਸੀ ਕਿ ਦਿੱਲੀ ਤੋਂ ਦੂਰ ਰਹਿ ਕੇ ਸ਼ੋਸ਼ਣ ਤੋਂ ਬਚ ਜਾਵਾਂਗੀ। ਪਰ ਇਹ ਸਾਜਿਸ਼ ਸੀ ਕਿ ਜਦ ਵੀ ਉਹ ਉਸ ਸ਼ਹਿਰ ਵਿਚ ਆਵੇ ਤਾਂ ਮੇਰੇ ਕੋਲ ਬਚਣ ਦਾ ਕੋਈ ਤਰੀਕਾ ਨਾ ਰਹੇ। ਲੰਡਨ ਦਫਤਰ ਵਿਚ ਕਿਸੇ ਨਾਲ ਗੱਲ ਕਰਦੇ ਦੇਖ ਕੇ ਉਸ ਨੇ ਮੇਰੇ ‘ਤੇ ਹਮਲਾ ਕਰ ਦਿੱਤਾ। ਮੈਂ ਕਿਸੇ ਤਰ੍ਹਾਂ ਬਚ ਕੇ ਦੌੜੀ। ਇਸ ਤੋਂ ਬਾਅਦ ਮੈਂ ਨੌਕਰੀ ਛੱਡ ਦਿੱਤੀ।
ਅਮਰੀਕਾ ਵਿਚ ਕੰਮ ਕਰ ਰਹੀ ਪੱਤਰਕਾਰ ਦੀ ਆਪਬੀਤੀ
ਸਹਿਮਤੀ ਨਾਲ ਸਨ ਰਿਸ਼ਤੇ, ਪਰ ਚੰਗੇ ਮੋੜ ‘ਤੇ ਖਤਮ ਨਹੀਂ ਹੋਏ
ਮੇਰੇ ਅਤੇ ਉਸ ਮਹਿਲਾ ਵਿਚਕਾਰ 1994 ਵਿਚ ਸਹਿਮਤੀ ਨਾਲ ਸਬੰਧ ਬਣੇ ਸਨ। ਰਿਸ਼ਤਾ ਕੁਝ ਮਹੀਨਾ ਚੱਲਿਆ। ਚਰਚਾਵਾਂ ਛਿੜਨ ‘ਤੇ ਮੇਰੇ ਘਰ ਅਤੇ ਜੀਵਨ ਵਿਚ ਕਲੇਸ਼ ਵੀ ਹੋਇਆ। ਸਹਿਮਤੀ ਨਾਲ ਬਣਿਆ ਇਹ ਰਿਸ਼ਤਾ ਸ਼ਾਇਦ ਚੰਗੇ ਮੋੜ ‘ਤੇ ਖਤਮ ਨਹੀਂ ਹੋਇਆ ਸੀ। ਮੇਰੇ ਨਾਲ ਕੰਮ ਕਰ ਚੁੱਕੇ ਕਈ ਵਿਅਕਤੀ ਗਵਾਹੀ ਦੇਣ ਨੂੰ ਤਿਆਰ ਹਨ ਕਿ ਉਸਦੇ ਹਾਵ-ਭਾਵ ਵਿਚ ਕਦੀ ਨਹੀਂ ਲੱਗਾ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ਵਿਚ ਹਨ। – ਐਮ ਜੇ ਅਕਬਰ
ਅਕਬਰ ਦੀ ਪਤਨੀ ਬੋਲੀ ੲ ਦੇਰ ਰਾਤ ਫੋਨ ਕਰਦੀ ਸੀ ਉਹ, ਮੇਰੇ ਸਾਹਮਣੇ ਮੇਰੇ ਪਤੀ ਲਈ ਦਿਖਾਉਂਦੀ ਸੀ ਪਿਆਰ
ਮੈਂ ਹੁਣ ਤੱਕ ਚੁੱਪ ਸੀ। ਪਰ ਪਤੀ ‘ਤੇ ਲੱਗੇ ਬਲਾਤਕਾਰ ਦੇ ਆਰੋਪਾਂ ਨੇ ਸੱਚ ਸਾਹਮਣੇ ਰੱਖਣ ਲਈ ਮਜਬੂਰ ਕਰ ਦਿੱਤਾ। ਕਰੀਬ 20 ਸਾਲ ਪਹਿਲਾਂ ਉਸ ਮਹਿਲਾ ਕਰਕੇ ਸਾਡਾ ਘਰ ਟੁੱਟਣ ਦੀ ਕਗਾਰ ‘ਤੇ ਸੀ। ਮੇਰੇ ਪਤੀ ਕੋਲ ਉਸਦੇ ਦੇਰ ਰਾਤ ਤੱਕ ਫੋਨ ਕਾਲ ਅਤੇ ਮੇਰੇ ਸਾਹਮਣੇ ਹੀ ਮੇਰੇ ਪਤੀ ਲਈ ਪਿਆਰ ਦਿਖਾਉਣ ਨਾਲ ਮੈਨੂੰ ਉਸਦੇ ਰਿਸ਼ਤਿਆਂ ਦੀ ਭਿਣਕ ਲੱਗੀ। ਇਕ ਪਾਰਟੀ ਵਿਚ ਦੇਖਿਆ ਕਿ ਉਹ ਦੋਵੇਂ ਬਹੁਤ ਕਰੀਬ ਆ ਕੇ ਡਾਂਸ ਕਰ ਰਹੇ ਸਨ। ਮੇਰਾ ਆਪਣੇ ਪਤੀ ਨਾਲ ਇਸ ਸਬੰਧੀ ਕਈ ਵਾਰ ਵਿਵਾਦ ਵੀ ਹੋਇਆ। ਫਿਰ ਉਨ੍ਹਾਂ ਨੇ ਪਰਿਵਾਰ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ। ਉਹ ਮਹਿਲਾ ਅਫਸਰ ਸਾਡੇ ਘਰ ਡ੍ਰਿੰਕ ਅਤੇ ਹੋਰ ਖਾਣੇ ‘ਤੇ ਵੀ ਆਉਂਦੀ ਸੀ। ਪਰ ਕਦੀ ਨਹੀਂ ਲੱਗਿਆ ਕਿ ਉਸਦਾ ਯੌਨ ਸ਼ੋਸ਼ਣ ਹੋਇਆ ਹੈ। ਮੈਨੂੰ ਨਹੀਂ ਪਤਾ ਕਿ ਉਹ ਝੂਠ ਕਿਉਂ ਬੋਲ ਰਹੀ ਹੈ। – ਮਲਿਕਾ ਅਕਬਰ, ਐਮਕੇ ਅਕਬਰ ਦੀ ਪਤਨੀ

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …