14.3 C
Toronto
Wednesday, October 15, 2025
spot_img
Homeਪੰਜਾਬਦੀਪਕ ਚਨਾਰਥਲ ਦੀ ਅਨੁਵਾਦਿਤ ਕਿਤਾਬ 'ਆਟੇ ਦਾ ਦੀਵਾ' ਹੋਈ ਲੋਕ ਅਰਪਣ

ਦੀਪਕ ਚਨਾਰਥਲ ਦੀ ਅਨੁਵਾਦਿਤ ਕਿਤਾਬ ‘ਆਟੇ ਦਾ ਦੀਵਾ’ ਹੋਈ ਲੋਕ ਅਰਪਣ

ਕਿਤਾਬ ਦੇ ਮੂਲ ਲੇਖਕ ਹਨ ਨਾਮਵਰ ਸਾਹਿਤਕਾਰ ਸਿਮਰ ਸਦੋਸ਼
ਜਲੰਧਰ : ਸੀਨੀਅਰ ਪੱਤਰਕਾਰ ਅਤੇ ਉਚ ਕੋਟੀ ਦੇ ਸਾਹਿਤਕਾਰ ਸਿਮਰ ਸਦੋਸ਼ ਹੋਰਾਂ ਦੀ ਲਿਖੀ ਗਈ ਹਿੰਦੀ ਮਿੰਨੀ ਕਹਾਣੀਆਂ ਦੀ ਕਿਤਾਬ ‘ਏਕ ਮੁੱਠੀ ਆਸਮਾਂ’ ਨੂੰ ਨੌਜਵਾਨ ਪੱਤਰਕਾਰ, ਕਵੀ ਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਵਲੋਂ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ। ਦੀਪਕ ਚਨਾਰਥਲ ਦੀ ਇਹ ਅਨੁਵਾਦਿਤ ਕਿਤਾਬ ‘ਆਟੇ ਦਾ ਦੀਵਾ’ ਜਲੰਧਰ ਪ੍ਰੈਸ ਕਲੱਬ ਵਿਚ ਨਾਮਵਰ ਹਸਤੀਆਂ ਵਲੋਂ ਲੋਕ ਅਰਪਣ ਕੀਤੀ ਗਈ। ਜਿਸ ਉਪਰੰਤ ਇਸ ਉਤੇ ਅਤੇ ਸਾਹਿਤਕ ਲਿਖਤਾਂ ਸਬੰਧੀ ਗੰਭੀਰ ਵਿਚਾਰਾਂ ਵੀ ਹੋਈਆਂ। ਇਸ ਪੁਸਤਕ ਰਿਲੀਜ਼ ਸਮਾਗਮ ਦੀ ਪ੍ਰਧਾਨਗੀ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕੀਤੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਨਾਮਵਰ ਲੇਖਕ ਅਤੇ ਜਲੰਧਰ ਦੇ ਲੰਮੇ ਸਮੇਂ ਤੱਕ ਕਮਿਸ਼ਨਰ ਰਹੇ ਜੰਗ ਬਹਾਦੁਰ ਗੋਇਲ ਹੋਰਾਂ ਨੇ ਸ਼ਿਰਕਤ ਕੀਤੀ।ਸਿਮਰ ਸਦੋਸ਼ ਅਤੇ ਦੀਪਕ ਚਨਾਰਥਲ ਦੇ ਨਾਲ ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਉਘੇ ਸਾਹਿਤਕਾਰ ਪ੍ਰੇਮ ਵਿੱਜ, ਮੋਹਨ ਸਪਰਾ, ਅਜੇ ਸ਼ਰਮਾ ਆਦਿ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਕਰਵਾਏ ਗਏ ਇਸ ਸਮਾਗਮ ਵਿਚ ਆਏ ਮਹਿਮਾਨਾਂ ਦਾ ਸਵਾਗਤ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੋਰਾਂ ਨੇ ਕਰਦਿਆਂ ਮੂਲ ਲੇਖਕ ਅਤੇ ਅਨੁਵਾਦਿਤ ਲੇਖਕ ਨੂੰ ਵਧਾਈਆਂ ਦਿੱਤੀਆਂ। ਪੁਸਤਕ ਰਿਲੀਜ਼ ਤੋਂ ਬਾਅਦ ਜਿੱਥੇ ਦੀਪਕ ਚਨਾਰਥਲ ਨੇ ਸਿਮਰ ਸਦੋਸ਼ ਜੀ ਦੀ ਲਿਖਣ ਸ਼ੈਲੀ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਮੈਂ ਪੱਤਰਕਾਰਤਾ ਦੇ ਖੇਤਰ ਵਿਚ ਵੀ ਸਿਮਰ ਸਦੋਸ਼ ਜੀ ਕੋਲੋਂ ਵੱਡਾ ਗਿਆਨ ਹਾਸਲ ਕੀਤਾ ਹੈ। ਮੁੱਖ ਮਹਿਮਾਨ ਜੰਗ ਬਹਾਦੁਰ ਗੋਇਲ ਅਤੇ ਪ੍ਰਧਾਨਗੀ ਕਰ ਰਹੇ ਡਾ. ਲਖਵਿੰਦਰ ਜੌਹਲ ਨੇ ਵੀ ਦੋਵਾਂ ਲੇਖਕਾਂ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਮਿੰਨੀ ਕਹਾਣੀ ਪੜ੍ਹੀ ਜਾਣ ਵਾਲੀ ਸਾਹਿਤ ਦੀ ਇਕ ਸਭ ਤੋਂ ਸੁੰਦਰ ਵਿਧਾ ਹੈ। ਉਨ੍ਹਾਂ ਕਿਹਾ ਕਿ ਹਿੰਦੀ ਕਹਾਣੀਆਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਲਈ ਦੀਪਕ ਚਨਾਰਥਲ ਦਾ ਪੰਜਾਬੀ ਪ੍ਰਤੀ ਮੋਹ ਸਾਫ ਝਲਕਦਾ ਹੈ। ਇਸ ਮੌਕੇ ਮੋਹਨ ਸਪਰਾ, ਅਜੇ ਸ਼ਰਮਾ, ਪ੍ਰੇਮ ਵਿੱਜ, ਮਨਜੀਤ ਕੌਰ ਮੀਤ ਸਮੇਤ ਹੋਰਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਜਦੋਂ ਕਿ ਸਮੁੱਚੇ ਸਮਾਗਮ ਦੀ ਕਾਰਵਾਈ ਭੁਪਿੰਦਰ ਮਲਿਕ ਹੋਰਾਂ ਨੇ ਬਾਖੂਬੀ ਨਿਭਾਈ। ਇਸ ਪੁਸਤਕ ਰਿਲੀਜ਼ ਸਮਾਗਮ ਵਿਚ ਰਾਕੇਸ਼ ਸ਼ਰਮਾ, ਪਾਲ ਅਜ਼ਨਬੀ, ਡਾ. ਅਵਤਾਰ ਸਿੰਘ ਪਤੰਗ, ਸੰਜੀਵ ਸ਼ਾਰਧਾ ਅਤੇ ਸੰਤੋਖ ਸਿੰਘ ਸਮੇਤ ਹੋਰ ਲੇਖਕ, ਸਾਹਿਤਕਾਰ ਤੇ ਸ਼ਬਦਾਂ ਨੂੰ ਪਿਆਰ ਕਰਨ ਵਾਲੀਆਂ ਹਸਤੀਆਂ ਮੌਜੂਦ ਸਨ।
ਜਲੰਧਰ ਮੇਰੀ ਜਨਮ ਤੇ ਕਰਮ ਭੂਮੀ : ਦੀਪਕ ਚਨਾਰਥਲ
ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰਨ ਵਾਲੇ ਉਘੇ ਪੱਤਰਕਾਰ ਤੇ ਲੇਖਕ ਦੀਪਕ ਚਨਾਰਥਲ ਨੇ ਜਲੰਧਰ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਲੰਧਰ ਮੇਰੀ ਜਨਮ ਭੂਮੀ ਅਤੇ ਕਰਮ ਭੂਮੀ ਹੈ।ਦੀਪਕ ਸ਼ਰਮਾ ਚਨਾਰਥਲ ਨੇ ਜਾਣਕਾਰੀ ਦਿੱਤੀ ਕਿ ਮੇਰਾ ਜਨਮ ਜਲੰਧਰ ਸ਼ਹਿਰ ਦੇ ਬਸਤੀ ਗੁਜਾਂ ‘ਚ ਹੋਇਆ ਤੇ ਮੈਂ ਆਪਣੀ ਪੱਤਰਕਾਰਤਾ ਦੇ ਸਫਰ ਦੀ ਸ਼ੁਰੂਆਤ ਵੀ ਜਲੰਧਰ ਤੋਂ ਹੀ ਕੀਤੀ (ਅਜੀਤ ਸਮਾਚਾਰ ਦੇ ਪੱਤਰਕਾਰ ਬਣਨ ਨਾਲ ਸ਼ੁਰੂਆਤ ਤੇ ਫਿਰ ਡੈਸਕ ‘ਤੇ ਵੀ ਸੇਵਾ ਨਿਭਾਈ)। ਇਸ ਲਈ ਜਲੰਧਰ ਦੀ ਧਰਤੀ ਨੂੰ ਮੈਂ ਸੱਜਦਾ ਕਰਦਾ ਹਾਂ, ਜਿਸ ਨੇ ਮੈਨੂੰ ਜੀਵਨ ਜਾਂਚ ਸਿਖਾਈ ਹੈ।

RELATED ARTICLES
POPULAR POSTS