15.2 C
Toronto
Monday, September 15, 2025
spot_img
Homeਪੰਜਾਬਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਨਵੇਂ ਦਰਵਾਜ਼ੇ ਗੁਰਮਤਿ ਰਵਾਇਤਾਂ ਮੁਤਾਬਕ ਸਥਾਪਤ

ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਨਵੇਂ ਦਰਵਾਜ਼ੇ ਗੁਰਮਤਿ ਰਵਾਇਤਾਂ ਮੁਤਾਬਕ ਸਥਾਪਤ

ਦਰਵਾਜ਼ਿਆਂ ਦੀ ਪੁਰਾਤਨ ਦਿੱਖ ਰੱਖੀ ਬਰਕਰਾਰ, ਦਰਵਾਜ਼ੇ ‘ਤੇ 60 ਕਿੱਲੋ ਚਾਂਦੀ ਦੀ ਪਰਤ ਚੜ੍ਹਾਈ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਵਿਚ ਨਵੇਂ ਤਿਆਰ ਕੀਤੇ ਗਏ ਵੱਡ ਆਕਾਰੀ ਦਰਵਾਜ਼ੇ ਗੁਰਮਤਿ ਰਵਾਇਤਾਂ ਮੁਤਾਬਕ ਸਥਾਪਤ ਕਰ ਦਿੱਤੇ ਗਏ ਹਨ, ਜਦਕਿ ਇੱਥੋਂ ਉਤਾਰੇ ਗਏ ਲਗਪਗ 200 ਸਾਲ ਪੁਰਾਣੇ ਦਰਵਾਜ਼ੇ ਹੁਣ ਸੰਭਾਲ ਕੇ ਸੰਗਤ ਦੇ ਦਰਸ਼ਨਾਂ ਲਈ ਰੱਖੇ ਜਾਣਗੇ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਸਮਾਗਮ ਕਰਵਾਇਆ ਜਿਸ ਤਹਿਤ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗੁਰਮਤਿ ਸਮਾਗਮ ਕੀਤਾ ਗਿਆ। ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮਗਰੋਂ ਸੰਗਤ ਦੇ ਸਹਿਯੋਗ ਨਾਲ ਦਰਸ਼ਨੀ ਡਿਉਢੀ ਵਿਚ ਇਹ ਨਵੇਂ ਦਰਵਾਜ਼ੇ ਸਥਾਪਤ ਕੀਤੇ ਗਏ। ਇਹ ਦਰਵਾਜ਼ੇ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਕੋਲੋਂ ਕਾਰ ਸੇਵਾ ਰਾਹੀਂ ਤਿਆਰ ਕਰਾਏ ਗਏ ਹਨ। ਇਹ ਦਰਵਾਜ਼ੇ ਇੱਥੋਂ ਉਤਾਰੇ ਗਏ ਪੁਰਾਤਨ ਦਰਵਾਜ਼ਿਆਂ ਦੀ ਹੂਬਹੂ ਨਕਲ ਹੈ। ਇਨ੍ਹਾਂ ਨੂੰ ਤਿਆਰ ਕਰਨ ਲਈ ਕਾਲੀ ਟਾਹਲੀ ਦੀ ਲੱਕੜ ਵਰਤੀ ਗਈ ਹੈ। ਦਰਵਾਜ਼ੇ ਦੇ ਇੱਕ ਪਾਸੇ ਚਾਂਦੀ ਦੀ ਪਰਤ ਲਾਈ ਗਈ ਹੈ ਤੇ ਇਸ ਲਈ ਤਕਰੀਬਨ 60 ਕਿਲੋ ਚਾਂਦੀ ਵਰਤੀ ਗਈ ਹੈ। ਦਰਵਾਜ਼ੇ ਦੇ ਦੂਜੇ ਪਾਸੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ, ਜਿਸ ਵਾਸਤੇ ਸਮੁੰਦਰੀ ਸਿੱਪੀ ਵਰਤੀ ਗਈ ਹੈ।
ਪੁਰਾਤਨ ਦਰਵਾਜ਼ਿਆਂ ਵਿਚ ਸਿੱਪੀ ਦੀ ਥਾਂ ਤੇ ਹਾਥੀ ਦੰਦ ਦੀ ਵਰਤੋਂ ਕੀਤੀ ਹੋਈ ਸੀ। ਦਰਵਾਜ਼ੇ ‘ਤੇ ਮੀਨਾਕਾਰੀ ਵਾਸਤੇ ਆਗਰਾ ਅਤੇ ਅੰਮ੍ਰਿਤਸਰ ਦੇ ਕਾਰੀਗਰਾਂ ਨੇ ਕੰਮ ਕੀਤਾ ਹੈ। ਦਰਵਾਜ਼ਿਆਂ ਦੀ ਉਚਾਈ 118 ਇੰਚ (9 ਫੁੱਟ 10 ਇੰਚ) ਅਤੇ ਚੌੜਾਈ 110 ਇੰਚ (9 ਫੁੱਟ 2 ਇੰਚ) ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਦਰਵਾਜ਼ੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਤਿਆਰ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਇੱਥੋਂ ਹਟਾਏ ਗਏ ਪੁਰਾਣੇ ਦਰਵਾਜ਼ੇ ਸੰਭਾਲ ਕੇ ਰੱਖੇ ਜਾਣਗੇ। ਇਹ ਦਰਵਾਜ਼ੇ ਇਤਿਹਾਸ ਦਾ ਹਿੱਸਾ ਹਨ ਅਤੇ ਇਹ ਸੰਗਤ ਦੇ ਦਰਸ਼ਨਾਂ ਵਾਸਤੇ ਰੱਖੇ ਜਾਣਗੇ। ਉਨ੍ਹਾਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਕਾਰ ਸੇਵਾ ਸੰਪਰਦਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਦਰਵਾਜ਼ਿਆਂ ਬਾਰੇ ਮੁੜ ਚਰਚਾ ਛਿੜਨ ਦੇ ਆਸਾਰ
ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਇਹ ਕਹੇ ਜਾਣ ਕਿ ਦਰਸ਼ਨੀ ਡਿਉਢੀ ਦੇ ਪੁਰਾਤਨ ਦਰਵਾਜ਼ੇ ਸੋਮਨਾਥ ਦੇ ਮੰਦਰ ਨਾਲ ਸਬੰਧਤ ਹਨ, ਨਾਲ ਇਨ੍ਹਾਂ ਦਰਵਾਜ਼ਿਆਂ ਨੂੰ ਲੈ ਕੇ ਮੁੜ ਚਰਚਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇੱਥੇ ਸੰਗਤ ਨੂੰ ਸੰਬੋਧਨ ਦੌਰਾਨ ਉਨ੍ਹਾਂ ਇਸ ਦਾ ਜ਼ਿਕਰ ਕੀਤਾ ਹੈ। ਪਹਿਲਾਂ ਵੀ ਇਸ ਬਾਰੇ ਚਰਚਾ ਰਹਿ ਚੁੱਕੀ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਆਖ ਕੇ ਚਰਚਾ ਖਤਮ ਕੀਤੀ ਗਈ ਸੀ ਕਿ ਸੋਮਨਾਥ ਮੰਦਰ ਦੇ ਦਰਵਾਜ਼ਿਆਂ ਦਾ ਆਕਾਰ ਛੋਟਾ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ਿਆਂ ਦਾ ਆਕਾਰ ਵੱਡਾ ਹੈ। ਜ਼ਿਕਰਯੋਗ ਹੈ ਕਿ ਜਦੋਂ ਸੋਮਨਾਥ ਮੰਦਰ ਨੂੰ ਧਾੜਵੀਆਂ ਨੇ ਲੁੱਟਿਆ ਸੀ ਤੇ ਇਨ੍ਹਾਂ ਕੋਲੋਂ ਲੁੱਟਿਆ ਹੋਇਆ ਇਹ ਸਾਮਾਨ ਉਸ ਵੇਲੇ ਸਿੱਖਾਂ ਨੇ ਛੁਡਵਾ ਲਿਆ ਸੀ।

RELATED ARTICLES
POPULAR POSTS