Breaking News
Home / ਭਾਰਤ / ਹਵਾਈ ਫੌਜ ਕਿਸੇ ਵੀ ਚੁਣੌਤੀ ਦਾ ਟਾਕਰਾ ਕਰਨ ਲਈ ਤਿਆਰ : ਧਨੋਆ

ਹਵਾਈ ਫੌਜ ਕਿਸੇ ਵੀ ਚੁਣੌਤੀ ਦਾ ਟਾਕਰਾ ਕਰਨ ਲਈ ਤਿਆਰ : ਧਨੋਆ

36 ਰਾਫ਼ਾਲ ਲੜਾਕੂ ਜੈੱਟ ਤੇ ਰੂਸ ਦੀਆਂ ਬਣੀ ਐੱਸ-400 ਮਿਜ਼ਾਇਲ ਪ੍ਰਣਾਲੀ ਸੁਰੱਖਿਆ ਬਲਾਂ ਦੀ ਸਮਰੱਥਾ ਹੋਰ ਵਧੇਗੀ
ਹਿੰਡਨ : ਭਾਰਤੀ ਹਵਾਈ ਫੌਜ ਦੇ ਮੁਖੀ ਬੀ.ਐਸ.ਧਨੋਆ ਨੇ ਕਿਹਾ ਕਿ ਆਈਏਐਫ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਹਮੇਸ਼ਾਂ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ 36 ਰਾਫ਼ਾਲ ਲੜਾਕੂ ਜੈੱਟ ਤੇ ਰੂਸ ਦੀਆਂ ਬਣੀ ਐੱਸ-400 ਮਿਜ਼ਾਇਲ ਪ੍ਰਣਾਲੀ ਹਵਾਈ ਸੈਨਾ ਦਾ ਹਿੱਸਾ ਬਣਨ ਨਾਲ ਸੁਰੱਖਿਆ ਬਲਾਂ ਦੀ ਸਮਰੱਥਾ ਹੋਰ ਵਧ ਜਾਵੇਗੀ। ਉਂਜ ਹਵਾਈ ਹਾਦਸਿਆਂ ਦੀ ਵਧਦੀ ਗਿਣਤੀ ਦਰਮਿਆਨ ਏਅਰ ਚੀਫ਼ ਮਾਰਸ਼ਲ ਨੇ ਸਾਫ਼ ਕਰ ਦਿੱਤਾ ਕਿ ਐਰੋਸਪੇਸ ਸੁਰੱਖਿਆ ਅਜਿਹਾ ਖੇਤਰ ਹੈ ਜਿਸ ਪ੍ਰਤੀ ਲਗਾਤਾਰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਨ ਅਮਾਨ ਵੇਲੇ ਹਵਾਈ ਜਹਾਜ਼ਾਂ ਦਾ ਨੁਕਸਾਨ ਨਾ ਸਿਰਫ਼ ਮਹਿੰਗਾ ਪੈਂਦਾ ਹੈ ਬਲਕਿ ਇਸ ਨਾਲ ਜੰਗੀ ਕਾਬਲੀਅਤ ਵੀ ਮੱਠੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਗ਼ਲਤੀ ਕਰਕੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਯਤਨ ਜਾਰੀ ਹਨ। ਪਾਇਲਟਾਂ ਤੇ ਹੋਰਨਾਂ ਤਕਨੀਸ਼ੀਅਨਾਂ ਨੂੰ ਲੋੜੀਂਦੀ ਬਿਹਤਰ ਸਿਖਲਾਈ ਮੁਹੱਈਆ ਕੀਤੀ ਜਾ ਰਹੀ ਹੈ ਤਾਂ ਕਿ ਉਹ ਵਿਰਸੇ ਵਿੱਚ ਮਿਲੇ ਜਹਾਜ਼ਾਂ ਤੇ ਹਥਿਆਰਾਂ ਸਮੇਤ ਮੌਜੂਦਾ ਪੀੜ੍ਹੀ ਦੇ ਜੰਗੀ ਜਹਾਜ਼ਾਂ ਨੂੰ ਲੈ ਕੇ ਦਰਪੇਸ਼ ਚੁਣੌਤੀਆਂ ਨਾਲ ਸਿੱਝ ਸਕਣ। ਇਥੇ ਏਅਰ ਫੋਰਸ ਡੇਅ ਮੌਕੇ ਆਪਣੀ ਤਕਰੀਰ ਵਿਚ ਐਡਮਿਰਲ ਧਨੋਆ ਨੇ ਕਿਹਾ, ‘ਆਈਏਐਫ ਮੁਲਕ ਦੀ ਰੱਖਿਆ ਨੂੰ ਦਰਪੇਸ਼ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਤਿਆਰ ਹੈ। ਪਿਛਲੇ ਇਕ ਸਾਲ ਵਿੱਚ ਆਈਏਐਫ ਨੇ ਆਪਣੀ ਸਮਰੱਥਾ ਨੂੰ ਵਿਕਸਤ ਕਰਦਿਆਂ ਕਈ ਅਪਰੇਸ਼ਨਲ ਮੀਲ ਪੱਥਰ ਸਰ ਕੀਤੇ ਹਨ।’ ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਟਾਕਰੇ ਪੱਖੋਂ ਤਿਆਰ ਬਰ ਤਿਆਰ ਰਹੇ ਅਤੇ ਘੱਟ ਸਮੇਂ ਵਿੱਚ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਆਪਣੇ ਕੰਬੈਟ ਸਿਸਟਮ ਨੂੰ ਵੀ ਤਿਆਰ ਰੱਖੇ।

Check Also

‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕੇਜਰੀਵਾਲ ਦੀ ਰਿਹਾਇਸ਼ ’ਤੇ ਹੋਈ ਕੁੱਟਮਾਰ

ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ’ਤੇ ਕੁੱਟਮਾਰ ਕਰਨ ਦਾ ਲਗਾਇਆ ਆਰੋਪ ਨਵੀਂ ਦਿੱਲੀ/ਬਿਊਰੋ …