ਕਿਹਾ- ਪੰਜਾਬ ਇਕੱਲੇ ਖਹਿਰਾ ਦਾ ਨਹੀਂ, ਸਗੋਂ ਸਮੁੱਚੇ ਪੰਜਾਬੀਆਂ ਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਹੈ ਕਿ ਪੰਜਾਬ ਇਕੱਲੇ ਖਹਿਰਾ ਦਾ ਨਹੀਂ ਬਲਕਿ ਸਮੁੱਚੇ ਪੰਜਾਬੀਆਂ ਦਾ ਹੈ। ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਮਗਰੋਂ ਹੀ ਖਹਿਰਾ ਨੂੰ ਪੰਜਾਬ ਨੂੰ ਖ਼ੁਦਮੁਖਤਾਰ ਬਣਾਉਣ ਦੀ ਯਾਦ ਆਈ। ਉਨ੍ਹਾਂ ਵੱਲੋਂ ਪਾਰਟੀ ਨੂੰ ਤੋੜਨ ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਤੇ ਦਿੱਲੀ ਦਾ ਮੁੱਦਾ ਬਣਾਉਣ ਦੀ ਚਾਲ ਖੇਡੀ ਗਈ ਹੈ।
ਮਾਨ ਨੇ ਖਹਿਰਾ ਤੇ ਸੰਧੂ ਦਾ ਪਿਛੋਕੜ ਦੱਸਦਿਆਂ ਦਲੀਲਾਂ ਸਮੇਤ ਦੋਵਾਂ ‘ਤੇ ਤਾਬੜਤੋੜ ਹੱਲਾ ਬੋਲਿਆ। ਖਹਿਰਾ ਧੜੇ ਵੱਲੋਂ ਲਗਾਤਾਰ ਨਿਸ਼ਾਨਾ ਬਣਾਏ ਜਾ ਰਹੇ ਭਗਵੰਤ ਮਾਨ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਚੁੱਪ ਸੀ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇਗਾ ਪਰ ਹੁਣ ਜਦੋਂ ਪਾਣੀ ਸਿਰ ਉਤੋਂ ਦੀ ਲੰਘ ਗਿਆ ਹੈ ਤਾਂ ਪਾਰਟੀ ਨੂੰ ਤੋੜਨ ਵਾਲਿਆਂ (ਖਹਿਰਾ ਤੇ ਸੰਧੂ) ਨੂੰ ਉਨ੍ਹਾਂ ਦੀ ਔਕਾਤ ਵਿਖਾਉਣੀ ਲਾਜ਼ਮੀ ਬਣ ਗਈ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪ੍ਰਤੀ ਮੇਰੇ ਪਿਆਰ ਤੇ ਪ੍ਰਤੀਬੱਧਤਾ ਲਈ ਮੈਨੂੰ ਖਹਿਰੇ ਦੀ ਐੱਨਓਸੀ ਦੀ ਲੋੜ ਨਹੀਂ।
ਖਹਿਰਾ ਆਪਣੇ ਤੋਂ ਸਿਵਾਏ ਕਿਸੇ ਨੂੰ ਵੀ ਆਗੂ ਨਹੀਂ ਮੰਨਦਾ : ਮਾਨ ਨੇ ਕਿਹਾ ਕਿ ਖਹਿਰਾ ਨੂੰ ਖ਼ੁਦਮੁਖ਼ਤਾਰੀ ਉਦੋਂ ਕਿਉਂ ਚੇਤੇ ਨਹੀਂ ਆਈ, ਜਦੋਂ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਗੋਡੀਂ ਹੱਥ ਲਾਉਂਦੇ ਹੁੰਦੇ ਸਨ। ਉਸ ਵੇਲੇ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਪਾਰਟੀ ਦਾ ਬੁਲਾਰਾ ਥਾਪਿਆ ਸੀ ਪਰ 15 ਦਿਨਾਂ ਅੰਦਰ ਹੀ ਉਸੇ ਬਾਜਵਾ ਨੂੰ ਧੋਖਾ ਦੇ ਕੇ ਖਹਿਰਾ ਪੱਤਰਾ ਵਾਚ ਗਏ ਸਨ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਪਹਿਲਾਂ ਸੋਨੀਆ ਗਾਂਧੀ, ਫੇਰ ਰਾਹੁਲ ਗਾਂਧੀ, ਫੇਰ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਬਾਜਵਾ ਅਤੇ ਹੁਣ ਅਰਵਿੰਦ ਕੇਜਰੀਵਾਲ ਸਾਰਿਆਂ ਨਾਲ ਮੌਕਾਪ੍ਰਸਤੀ ਦੀ ਰਾਜਨੀਤੀ ਖੇਡੀ ਹੈ ਅਤੇ ਆਪਣੇ ਤੋਂ ਸਿਵਾਏ ਹੋਰ ਕਿਸੇ ਨੂੰ ਆਗੂ ਨਹੀਂ ਮੰਨਦਾ। ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖਹਿਰਾ ਬਹੁਤ ਤਿਕੜਮਬਾਜ਼ ਤੇ ਚਲਾਕ ਹੈ, ਇਸ ਦੇ ਪਿੱਛੇ ਨਾ ਲੱਗ ਜਾਇਓ।
ਮੇਰੀ ਬਿਮਾਰੀ ਦਾ ਉਡਾਇਆ ਗਿਆ ਮਜ਼ਾਕ : ਭਗਵੰਤ ਮਾਨ ਨੇ ਕਿਹਾ ਕਿ ਉਹ 25 ਜੁਲਾਈ ਨੂੰ ਹੀ ਬਿਮਾਰ ਹੋ ਗਏ ਸਨ ਤੇ ਉਨ੍ਹਾਂ ਨੂੰ 26 ਤਰੀਕ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਸੀ ਕਿਉਂਕਿ ਗੁਰਦੇ ਵਿਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਪਰ ਖਹਿਰਾ ਧੜੇ ਨੇ ਉਨ੍ਹਾਂ ਦੀ ਬਿਮਾਰੀ ਦਾ ਮਜ਼ਾਕ ਉਡਾਇਆ।
ਮਾਨ ਨੇ ਕਿਹਾ ਕਿ ਖਹਿਰਾ ਨੂੰ ਜਦੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹਿਆ ਗਿਆ ਤਾਂ ਉਹ ਪੰਜਾਬ ਤੇ ਦਿੱਲੀ ਦੀ ਜੰਗ ਦੀਆਂ ਗੱਲਾਂ ਕਰਨ ਲੱਗ ਗਏ। ਇਹ ਪੰਜਾਬ ਤੇ ਦਿੱਲੀ ਪਤਾ ਨਹੀਂ ਅਚਾਨਕ ਕਿੱਥੋਂ ਆ ਗਏ।
ਕੰਵਰ ਸੰਧੂ ਦੱਸਣ, ਉਨ੍ਹਾਂ ਕੋਲੋਂ ਟਿਕਟ ਲਈ ਆਮ ਆਦਮੀ ਪਾਰਟੀ ਨੇ ਕਿੰਨੇ ਪੈਸੇ ਲਏ ਸਨ
‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਨਾਲ-ਨਾਲ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੂੰ ਵੀ ਨਿਸ਼ਾਨੇ ‘ਤੇ ਲਿਆ। ਮਾਨ ਨੇ ਕਿਹਾ ਕਿ ਉਹ ਦੋ ਹਫਤਿਆਂ ਤੋਂ ਬਿਮਾਰ ਸਨ। ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ। ਇਸੇ ਦੌਰਾਨ ਖਹਿਰਾ ਨੂੰ 16 ਵਿਧਾਇਕਾਂ ਦੀ ਮਰਜ਼ੀ ਨਾਲ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ‘ਤੇ ਪੈਸੇ ਲੈ ਕੇ ਟਿਕਟਾਂ ਦੇਣ ਦਾ ਆਰੋਪ ਲਗਾਇਆ ਜਾ ਰਿਹਾ ਹੈ। ਕੰਵਰ ਸੰਧੂ ਖਰੜ ਦੀ ਬਜਾਏ ਕਿਤੋਂ ਹੋਰ ਚੋਣ ਲੜਨ ਨੂੰ ਤਿਆਰ ਹੀ ਨਹੀਂ ਹੋਏ, ਬਲਕਿ ਨਰਿੰਦਰ ਸਿੰਘ ਸ਼ੇਰਗਿੱਲ ਦੀ ਟਿਕਟ ਕੱਟ ਕੇ ਕੰਵਰ ਸੰਧੂ ਨੂੰ ਦਿੱਤੀ ਗਈ। ਹੁਣ ਕੰਵਰ ਸੰਧੂ ਦੱਸਣ ਕਿ ਉਸ ਕੋਲੋਂ ਪਾਰਟੀ ਨੇ ਟਿਕਟ ਦੇਣ ਲਈ ਕਿੰਨੇ ਪੈਸੇ ਲਏ ਸਨ।
ਕੰਵਰ ਸੰਧੂ ਨੇ ਕਿਹਾ ਸੀ ; ਮੈਨੂੰ ਬਣਾ ਦਿਓ ਐੱਲਓਪੀ, ਖਹਿਰਾ ਨੂੰ ਸੰਭਾਲ ਲਵਾਂਗਾ
ਚੰਡੀਗੜ੍ਹ : ਭਗਵੰਤ ਮਾਨ ਤੇ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਜਿਸ ਵੇਲੇ ਵਿਰੋਧੀ ਧਿਰ ਦੇ ਆਗੂ ਬਾਰੇ ਵਿਵਾਦ ਚੱਲ ਰਿਹਾ ਸੀ, ਉਸ ਵੇਲੇ ਦਿੱਲੀ ਵਿਚ ਕੰਵਰ ਸੰਧੂ ਨੇ ਮਨੀਸ਼ ਸਿਸੋਦੀਆ ਨੂੰ ਮੀਟਿੰਗ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਆਗੂ (ਐੱਲਓਪੀ) ਬਣਾ ਦਿੱਤਾ ਜਾਵੇ। ਉਹ ਖਹਿਰਾ ਨੂੰ ਆਪੇ ਸੰਭਾਲ ਲੈਣਗੇ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਇਹ ਗੱਲ ਉਨ੍ਹਾਂ, ਭਗਵੰਤ ਮਾਨ ਤੇ ਸਿਸੋਦੀਆ ਦੀ ਮੌਜੂਦਗੀ ਵਿਚ ਹੋਈ ਸੀ।
ਪਾਰਟੀ ਦਫ਼ਤਰ ਲਈ ਕੋਠੀ ਨਹੀਂ ਸੀ ਦਿੱਤੀ ਖਹਿਰਾ ਨੇ : ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਗਿਆ ਤਾਂ ਪਾਰਟੀ ਨੇ ਕਿਹਾ ਕਿ ਬਜਟ ਨਹੀਂ ਹੈ, ਉਨ੍ਹਾਂ ਦੀ ਕੋਠੀ ਵਿਚ ਦੋ ਕਮਰਿਆਂ ਵਿਚ ਪਾਰਟੀ ਦਾ ਦਫ਼ਤਰ ਬਣਾ ਦਿੱਤਾ ਜਾਵੇ ਤਾਂ ਕਿਸ ਤਰ੍ਹਾਂ ਰਹੇਗਾ। ਇਸ ਤੋਂ ਬਾਅਦ ਜਦੋਂ ਉਹ ਵਿਰੋਧੀ ਧਿਰ ਦੇ ਆਗੂ ਬਣ ਗਏ ਤਾਂ ਕੋਠੀ ਵਿਚ ਪਾਰਟੀ ਦਾ ਦਫ਼ਤਰ ਖੁੱਲ੍ਹਵਾਉਣ ਤੋਂ ਮੁਕਰ ਗਏ।
ਪੁੱਤਰ ਨੂੰ ਲਾਂਚ ਕਰ ਰਹੇ ਨੇ ਖਹਿਰਾ : ਮਾਨ ਨੇ ਇਹ ਵੀ ਦੋਸ਼ ਲਾਇਆ ਕਿ ਖਹਿਰਾ ਨੇ ਬਠਿੰਡੇ ਦੀ ਕਨਵੈਨਸ਼ਨ ਵਿਚ ਆਪਣੇ ਪੁੱਤਰ ਮਹਿਤਾਬ ਸਿੰਘ ਨੂੰ ਵੀ ਲਾਂਚ ਕਰ ਦਿੱਤਾ ਹੈ। ਇਹ ਪਰਿਵਾਰਵਾਦ ਦੀ ਸਿਆਸਤ ਨਹੀਂ ਤਾਂ ਕੀ ਹੈ। ਖਹਿਰਾ ਜੋ ਕਰਨ ਸਹੀ ਤੇ ਪਾਰਟੀ ਜੋ ਕਰੇ ਉਹ ਗ਼ਲਤ ਹੈ? ਪਾਰਟੀ ਖਹਿਰਾ ਦੇ ਹਿਸਾਬ ਨਾਲ ਨਹੀਂ ਚੱਲੇਗੀ ਬਲਕਿ ਖਹਿਰਾ ਨੇ ਪਾਰਟੀ ਵਿਚ ਰਹਿਣਾ ਹੈ ਤਾਂ ਪਾਰਟੀ ਦੇ ਅਨੁਸ਼ਾਸਨ ਤੇ ਕਾਨੂੰਨ ਅਨੁਸਾਰ ਚੱਲਣਾ ਪਵੇਗਾ।
ਕਾਂਗਰਸ ਨਾਲ ਗਠਜੋੜ ਦੀ ਕੋਈ ਗੱਲ ਨਹੀਂ : ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗਠਜੋੜ ਦੀ ਕੋਈ ਗੱਲਬਾਤ ਨਹੀਂ ਹੋਈ ਹੈ। ਮੈਨੂੰੰ ਪ੍ਰਧਾਨਗੀ ਸਵੀਕਾਰ ਨਹੀਂ, ਪਹਿਲਾਂ ਕੇਜਰੀਵਾਲ ਤੋਂ ਮਾਫ਼ੀ ਦਾ ਸਪੱਸ਼ਟੀਕਰਨ ਲਵਾਂਗਾ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਨੂੰ ਲੈ ਕੇ ਪਾਰਟੀ ਵੱਲੋਂ ਅਜੇ ਤਕ ਕੋਈ ਗੱਲਬਾਤ ਨਹੀਂ ਕੀਤੀ ਗਈ। ਭਾਵੇਂ ਹੀ ਪੰਜਾਬ ਇਕਾਈ ਨੇ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਬਾਰੇ ਪਾਰਟੀ ਹਾਈ ਕਮਾਨ ਨੂੰ ਲਿਖ ਦਿੱਤਾ ਹੈ ਪਰ ਉਹ ਪ੍ਰਧਾਨ ਨਹੀਂ ਬਣਨਾ ਚਾਹੁੰਦੇ। ਜੇ ਪ੍ਰਧਾਨਗੀ ਲੈਣਗੇ ਤਾਂ ਪਹਿਲਾਂ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਤੋਂ ਨਸ਼ੇ ਦੇ ਮੁੱਦੇ ‘ਤੇ ਮਾਫ਼ੀ ਮੰਗਣ ਬਾਰੇ ਸਪੱਸ਼ਟੀਕਰਨ ਲੈਣ ਤੋਂ ਬਾਅਦ ਲੈਣਗੇ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …