Breaking News
Home / ਪੰਜਾਬ / ਆਮ ਆਦਮੀ ਪਾਰਟੀ ਲਈ ਹੁਣ ਸੋਸ਼ਲ ਮੀਡੀਆ ਹੀ ਬਣਿਆ ਸਿਰਦਰਦੀ

ਆਮ ਆਦਮੀ ਪਾਰਟੀ ਲਈ ਹੁਣ ਸੋਸ਼ਲ ਮੀਡੀਆ ਹੀ ਬਣਿਆ ਸਿਰਦਰਦੀ

ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਖਹਿਰਾ ਖਿਲਾਫ ਡਟੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਉਭਾਰ ਦਾ ਜ਼ਰੀਆ ਬਣਿਆ ਸੋਸ਼ਲ ਮੀਡੀਆ ਹੀ ਹੁਣ ਪਾਰਟੀ ਲਈ ਸਿਰਦਰਦੀ ਬਣ ਰਿਹਾ ਹੈ। ‘ਆਪ’ ਪੰਜਾਬ ਦੀਆਂ ਤਿੰਨ ਮਹਿਲਾ ਵਿਧਾਇਕਾਂ ਸਰਵਜੀਤ ਕੌਰ ਮਾਣੂੰਕੇ (ਵਿਰੋਧੀ ਧਿਰ ਦੀ ਉਪ ਨੇਤਾ), ਪ੍ਰੋ. ਬਲਜਿੰਦਰ ਕੌਰ ਤੇ ਰੁਪਿੰਦਰ ਕੌਰ ਰੂਬੀ ਵਿਰੁੱਧ ਸੋਸ਼ਲ ਮੀਡੀਆ ਉਪਰ ਭੱਦੀਆਂ ਟਿੱਪਣੀਆਂ ਕੀਤੀਆਂ ਜਾਣ ਕਾਰਨ ਹੀ ਹੁਣ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਦਾ ਟਕਰਾਅ ਚੱਲ ਰਿਹਾ ਹੈ। ਇਸੇ ਤਰ੍ਹਾਂ ਰਾਇਸ਼ੁਮਾਰੀ-2020 ਬਾਰੇ ਛਿੜੇ ਵਿਵਾਦ ਦੌਰਾਨ ਵੀ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋਣ ਕਾਰਨ ਡਾ. ਬਲਬੀਰ ਸਿੰਘ ਅਤੇ ਖਹਿਰਾ ਵਿਚਕਾਰ ਟਕਰਾਅ ਵਧਿਆ ਸੀ। ਇਸ ਤੋਂ ਇਲਾਵਾ ‘ਆਪ’ ਨੇ ਹੀ ਸਿਆਸੀ ਤੌਰ ‘ਤੇ ਸਟਿੰਗ ਕਰਨ ਦੀ ‘ਪਿਰਤ’ ਪਾਈ ਸੀ, ਪਰ ਇਸ ਦੀ ਸਭ ਤੋਂ ਵੱਧ ਮਾਰ ਇਸੇ ਪਾਰਟੀ ਦੇ ਆਗੂਆਂ ਨੂੰ ਹੀ ਪਈ ਹੈ। ਪਿਛਲੇ ਦਿਨੀਂ ਪੰਜਾਬ ਇਕਾਈ ਦੇ ਸੰਗਠਨ ਸਿਰਜਕ ਗੈਰੀ ਵੜਿੰਗ ਅਤੇ ‘ਆਪ’ ਦੇ ਹੀ ਇਕ ਆਗੂ ਸੁਮੀਤ ਯਾਦਵ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਦੀ ਜਾਰੀ ਸਟਿੰਗ ਆਡੀਓ ਵੀ ਹਾਈਕਮਾਂਡ ਅਤੇ ਖਹਿਰਾ ਵਿਚਕਾਰ ਪਏ ਖੱਪੇ ਦਾ ਇਕ ਕਾਰਨ ਬਣਿਆ ਹੈ। ਦਰਅਸਲ, ਇਸ ਵਿੱਚ ਵੜਿੰਗ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਖਹਿਰਾ ਦੇ ਪਰ ਕਿਵੇਂ ਕੱਟੇ ਜਾਣਗੇ, ਜਿਸ ਦਾ ਖਹਿਰਾ ਵੱਲੋਂ ਬੁਰਾ ਮਨਾਇਆ ਗਿਆ। ਉਨ੍ਹਾਂ ਇਹ ਮਾਮਲਾ ਹਾਈਕਮਾਂਡ ਕੋਲ ਵੀ ਉਠਾਇਆ ਸੀ।
ਇਸ ਵੇਲੇ ਸੋਸ਼ਲ ਮੀਡੀਆ ਉਪਰ ‘ਆਪ’ ਵੱਲੋਂ ਕੀਤੀ ਜਾਂਦੀ ਸਿਆਸਤ ਕਾਰਨ ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਅਤੇ ਸੁਖਪਾਲ ਖਹਿਰਾ ਵਿਚਕਾਰ ਤਿੱਖਾ ਟਕਰਾਅ ਚੱਲ ਰਿਹਾ ਹੈ। ਇਨ੍ਹਾਂ ਮਹਿਲਾ ਵਿਧਾਇਕਾਂ ਨੇ ਸਿੱਧੇ ਦੋਸ਼ ਲਾਏ ਹਨ ਕਿ ਖਹਿਰਾ ਦੀ ਟੀਮ ਦੇ ਇਕ ਆਗੂ ਵੱਲੋਂ ਉਨ੍ਹਾਂ ਪ੍ਰਤੀ ਕੀਤੀਆਂ ਟਿੱਪਣੀਆਂ ਅਪਮਾਨਜਨਕ ਹਨ।
ਮਹਿਲਾ ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ ਖਹਿਰਾ ਨੇ ਆਪਣੀ ਕਨਵੈਨਸ਼ਨ ਵਿੱਚ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਸੱਦਾ ਦੇ ਕੇ ਵੀ ਲੋਕਾਂ ਨੂੰ ਭੜਕਾ ਕੇ ਮਾਹੌਲ ਖ਼ਰਾਬ ਕਰਨ ਦਾ ਯਤਨ ਕੀਤਾ ਹੈ, ਜਿਸ ਬਾਰੇ ਖਹਿਰਾ ਸਪਸ਼ਟ ਕਰ ਚੁੱਕੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸਟਿੰਗ ਦਾ ਹਵਾਲਾ ਦੇ ਕੇ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਵੀ ‘ਆਪ’ ਲਈ ਮਾਰੂ ਸਾਬਿਤ ਹੋਈ ਸੀ। ਫਿਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਤੋਂ ਨਰਾਜ਼ ਕਈ ਆਗੂਆਂ ਨੇ ਸਟਿੰਗ, ਵੀਡੀਓਜ਼ ਤੇ ਆਡੀਓਜ਼ ਜਾਰੀ ਕਰਕੇ ਲੀਡਰਸ਼ਿਪ ਉਪਰ ਕਈ ਗੰਭੀਰ ਦੋਸ਼ ਲਾਏ ਗਏ ਸਨ।
ਪਾਰਟੀ ਦੇ ਉਚ ਆਗੂ ਅਕਸਰ ਆਪਣੀਆਂ ਕਾਰਾਂ ਜਾਂ ਕੋਠੀਆਂ ਵਿੱਚ ਬੈਠ ਕੇ ਸੋਸ਼ਲ ਮੀਡੀਆ ‘ਤੇ ਹੀ ਲਾਈਵ ਹੁੰਦੇ ਹਨ। ਕਈ ਆਗੂ ਤਾਂ ਰੈਲੀਆਂ-ਧਰਨਿਆਂ ਦੌਰਾਨ ਵੀ ਜਨਤਾ ਨੂੰ ਸੰਬੋਧਨ ਕਰਨ ਦੀ ਥਾਂ ਫੇਸਬੁੱਕ ‘ਤੇ ਲਾਈਵ ਹੋ ਕੇ ਟਾਹਰਾਂ ਮਾਰਦੇ ਦੇਖੇ ਜਾ ਸਕਦੇ ਹਨ। ਇੱਥੋਂ ਤੱਕ ਕਿ ਕੁਝ ਵੱਡੇ ਆਗੂ ਤਾਂ ਪ੍ਰੈੱਸ ਕਾਨਫਰੰਸ ਦੌਰਾਨ ਵੀ ਪੱਤਰਕਾਰਾਂ ਨੂੰ ਸੰਬੋਧਨ ਹੋਣ ਦੀ ਥਾਂ ਆਪਣੇ ਦੇਸ਼-ਵਿਦੇਸ਼ ਦੇ ‘ਅਥਾਹ’ ਚਹੇਤਿਆਂ ਨੂੰ ਸੰਬੋਧਨ ਕਰਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਪਾਰਟੀ ਅਤੇ ਅਜਿਹੇ ਆਗੂਆਂ ਦਾ ਗ੍ਰਾਫ਼ ਹੇਠਾਂ ਡਿੱਗਦਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਕੌਮੀ ਆਗੂਆਂ ਨੇ ਸਾਰੀ ਸਿਆਸੀ ਟੇਕ ਸੋਸ਼ਲ ਮੀਡੀਆ ਦੇ ‘ਲਾਈਕਜ਼’ ਉਤੇ ਹੀ ਰੱਖੀ ਸੀ ਤੇ ਇਹੋ ਕਾਰਨ ਹੋ ਸਕਦਾ ਹੈ ਕਿ ਇਸ ਪਾਰਟੀ ਦਾ ਮਿੱਥਿਆ 100 ਸੀਟਾਂ ਦਾ ਅੰਕੜਾ 20 ‘ਤੇ ਹੀ ਡਿੱਗ ਪਿਆ ਸੀ।

ਖਹਿਰਾ ਨੇ ਮਜੀਠੀਆ ਨਾਲ ਕਿਉਂ ਕੀਤੀ ਗੁਪਤ ਮੀਟਿੰਗ : ਹਰਪਾਲ ਚੀਮਾ
ਬਠਿੰਡਾ : ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ (‘ਆਪ’) ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਜੀਠੀਆ ਮੁਲਾਕਾਤ ਮਾਮਲੇ ‘ਤੇ ਬਾਗ਼ੀ ਨੇਤਾ ਸੁਖਪਾਲ ਖਹਿਰਾ ਉੱਪਰ ਉਂਗਲ ਉਠਾਈ ਹੈ। ਐਡਵੋਕੇਟ ਚੀਮਾ ਨੇ ਆਖਿਆ ਕਿ ਸੁਖਪਾਲ ਸਿੰਘ ਖਹਿਰਾ ਸਪੱਸ਼ਟ ਕਰਨ ਕਿ ਉਨ੍ਹਾਂ ਦਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਬਠਿੰਡਾ ਰੈਲੀ ਤੋਂ ਪਹਿਲਾਂ ਮੁਲਾਕਾਤ ਕਰਨ ਦਾ ਕੀ ਮੰਤਵ ਸੀ। ਉਨ੍ਹਾਂ ਆਖਿਆ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ, ਜਿਸ ਕਰਕੇ ਖਹਿਰਾ ਇਸ ਮਾਮਲੇ ‘ਤੇ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰਨ। ਉਨ੍ਹਾਂ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਹਾਲੇ ਵੀ ਖਹਿਰਾ ਨਾਲ ਗੁਪਤ ਮੀਟਿੰਗ ਹੋਣ ਤੋਂ ਇਨਕਾਰ ਨਹੀਂ ਕਰ ਰਹੇ ਹਨ ਅਤੇ ਨਾ ਹੀ ਖਹਿਰਾ ਨੇ ‘ਗੁਪਤ ਮੀਟਿੰਗ’ ਦੀਆਂ ਖ਼ਬਰਾਂ ਨੂੰ ਰੱਦ ਕੀਤਾ ਹੈ। ਦੱਸਣਯੋਗ ਹੈ ਕਿ ਇਹ ਚਰਚਾ ਚੱਲੀ ਸੀ ਕਿ ਸੁਖਪਾਲ ਖਹਿਰਾ ਨੇ ਬਠਿੰਡਾ ਰੈਲੀ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨਾਲ ਗੁਪਤ ਮੀਟਿੰਗ ਕੀਤੀ ਸੀ, ਜਿਸ ਦੀ ਅਧਿਕਾਰਤ ਤੌਰ ‘ਤੇ ਕਿਧਰੋਂ ਕੋਈ ਪੁਸ਼ਟੀ ਨਹੀਂ ਹੋਈ ਸੀ। ਏਨਾ ਜ਼ਰੂਰ ਸੀ ਕਿ ਮਜੀਠੀਆ ਨੇ ਇਸ ਮੀਟਿੰਗ ਨੂੰ ਰੱਦ ਨਹੀਂ ਕੀਤਾ ਸੀ। ਮਾਮਲਾ ਉਦੋਂ ਤੂਲ ਫੜ ਗਿਆ ਜਦੋਂ ਬਠਿੰਡਾ ਰੈਲੀ ਵਿੱਚ ਖਹਿਰਾ ਨੇ ਆਪਣੇ 50 ਮਿੰਟ ਦੇ ਭਾਸ਼ਣ ਵਿੱਚ ਮਜੀਠੀਆ ਦਾ ਨਾਮ ਇੱਕ ਵਾਰ ਵੀ ਪ੍ਰਮੁੱਖਤਾ ਨਾਲ ਨਹੀਂ ਲਿਆ। ਖਹਿਰਾ ਨੇ ਰੈਲੀ ਵਿੱਚ ਸਿਰਫ਼ ਏਨਾ ਆਖਿਆ ਕਿ ਜਦੋਂ ਉਨ੍ਹਾਂ ਨੇ ਮਜੀਠੀਆ ਦਾ ਕੇਸ ਸੀਬੀਆਈ ਨੂੰ ਦੇਣ ਲਈ ਆਖਿਆ ਸੀ ਤਾਂ ਉਦੋਂ ਮੁੱਖ ਮੰਤਰੀ ਨੇ ਟਾਲ-ਮਟੋਲ ਕੀਤੀ ਜਦਕਿ ਬਹਿਬਲ ਗੋਲੀ ਕਾਂਡ ਦਾ ਮਾਮਲਾ ਫ਼ੌਰੀ ਸੀਬੀਆਈ ਨੂੰ ਦੇ ਦਿੱਤਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ‘ਮਜੀਠੀਆ ਮੁਲਾਕਾਤ’ ਨੂੰ ਲੈ ਕੇ ਪੰਜਾਬੀਆਂ ਦੇ ਮਨਾਂ ਵਿਚ ਸ਼ੰਕੇ ਉੱਠੇ ਹਨ ਅਤੇ ਖਹਿਰਾ ਨੂੰ ਇਸ ਮਾਮਲੇ ‘ਤੇ ਸਪਸ਼ਟ ਕਰਨਾ ਚਾਹੀਦਾ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …