Breaking News
Home / ਪੰਜਾਬ / ਸੜਕ ਹਾਦਸੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਨੀਤ ਕੌਰ ਨੇ ਦਿੱਤੀ ਵਿੱਤੀ ਮੱਦਦ

ਸੜਕ ਹਾਦਸੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਨੀਤ ਕੌਰ ਨੇ ਦਿੱਤੀ ਵਿੱਤੀ ਮੱਦਦ

ਪਟਿਆਲਾ ਦੇ ਥਾਪਰ ਚੌਕ ‘ਚ ਵਾਪਰੇ ਹਾਦਸੇ ਦੌਰਾਨ ਗਈਆਂ ਸਨ ਤਿੰਨ ਜਾਨਾਂ
ਪਟਿਆਲਾ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ ਦੌਰਾਨ ਲੰਘੀ 29 ਮਾਰਚ ਨੂੰ ਪਟਿਆਲਾ ਦੇ ਥਾਪਰ ਚੌਕ ‘ਤੇ ਤੇਜ਼ ਰਫ਼ਤਾਰ ਇੱਕ ਫਾਰਚੂਨਰ ਗੱਡੀ ਨੇ ਛੇ ਧਰਨਾਕਾਰੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਸੀ। ਇਨ੍ਹਾਂ ਵਿੱਚੋਂ ਰਣਜੀਤ ਨਗਰ ਵਾਸੀ 66 ਸਾਲਾ ਇੰਦਰਜੀਤ ਸਿੰਘ, ਇੰਦਰਪੁਰਾ ਵਾਸੀ 16 ਸਾਲਾ ਪਰਮਵੀਰ ਸਿੰਘ ਤੇ ਏਕਤਾ ਨਗਰ ਦੇ ਵਾਸੀ 2 ਸਾਲਾ ਯਸ਼ ਦੀ ਮੌਤ ਹੋ ਗਈ ਸੀ, ਜਦਕਿ ਰਣਜੀਤ ਨਗਰ ਦੇ ਗੁਰਪ੍ਰੀਤ ਸਿੰਘ, ਭਾਰਤ ਨਗਰ ਵਾਸੀ ਰਾਹੁਲ ਅਤੇ ਏਕਤਾ ਨਗਰ ਦੀ ਰੇਨੂੰ ਬਾਲਾ ਦੇ ਸੱਟਾਂ ਲੱਗੀਆਂ ਸਨ।
ਮ੍ਰਿਤਕਾਂ ਨੂੰ ਕਿਸਾਨੀ ਮੋਰਚੇ ਦੇ ਸ਼ਹੀਦ ਮੰਨਦਿਆਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਦੀ ਤਰਫੋਂ ਇਨ੍ਹਾਂ ਤਿੰਨਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ, ਜਦ ਕਿ ਤਿੰਨਾਂ ਜ਼ਖ਼ਮੀਆਂ ਨੂੰ ਵੀ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਇਹ ਸਹਾਇਤਾ ਰਾਸ਼ੀ ਉਨ੍ਹਾਂ ਨੇ ਇਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਕੀਤੇ ਗਏ ਇੱਕ ਸੰਖੇਪ ਸਮਾਗਮ ਦੌਰਾਨ ਸੌਂਪੀ।
ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਨੂੰਨ ਥੋਪਣ ਦੀ ਨਿਖੇਧੀ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਮਸਲੇ ‘ਤੇ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦਾ ਤਰਕ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਅਤੇ ਪੰਜਾਬ ਦੀ ਖਾਤਰ ਜਿਥੇ ਆਪਣੀ ਪਹਿਲੀ ਸਰਕਾਰ ਦੌਰਾਨ ਪਾਣੀਆਂ ਸਬੰਧੀ ਸਮਝੌਤਾ ਰੱਦ ਕਰ ਦਿੱਤਾ ਸੀ, ਉਥੇ ਹੀ ਐਤਕੀਂ ਇਨ੍ਹਾਂ ਮਾਰੂ ਕਾਨੂੰਨਾਂ ਖਿਲਾਫ ਵੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾ ਚੁੱਕਿਆ ਹੈ।

 

Check Also

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ

ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ …