Breaking News
Home / ਪੰਜਾਬ / ਪਾਰਟੀ ਦੇ ਏਕੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ : ਹਰਪਾਲ ਚੀਮਾ

ਪਾਰਟੀ ਦੇ ਏਕੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ : ਹਰਪਾਲ ਚੀਮਾ

ਪਟਿਆਲਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੇ ਹਾਲ ਹੀ ਵਿੱਚ ਬਣੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪਾਰਟੀ ਦੇ ਏਕੇ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਜੇਕਰ ਪਾਰਟੀ ਵਿੱਚ ਸੁਲ੍ਹਾ-ਸਫ਼ਾਈ ਹੁੰਦੀ ਹੈ, ਤਾਂ ਉਹ ਪਾਰਟੀ ਦੇ ਹੁਕਮਾਂ ਤਹਿਤ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਛੱਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਅਰਵਿੰਦ ਕੇਜਰੀਵਾਲ ਨਾਲ ਇੱਕ ਮੰਚ ‘ਤੇ ਬੈਠਣ ਲਈ ਤਿਆਰ ਹੋ ਜਾਣ ਤਾਂ ਉਹ ਵਾਅਦਾ ਕਰਦੇ ਹਨ ਕਿ ਬੀਤੇ ਨੂੰ ਭੁਲਾ ਕੇ ਉਹ ਪਾਰਟੀ ਦੇ ਭਲੇ ਲਈ ਇਕੱਠਿਆਂ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਅਹੁਦਿਆਂ ਨਾਲ ਜੁੜ ਕੇ ਪਾਰਟੀ ਵਿਰੋਧੀ ਕੰਮ ਨਹੀਂ ਕਰਨਾ ਚਾਹੀਦਾ। ਸਗੋਂ ਅਹੁਦੇ ਤੋਂ ਬਗੈਰ ਵੀ ਪਾਰਟੀ ਲਈ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਖੁਲਾਸਾ ਲੰਘੇ ਦਿਨੀਂ ਇਥੇ ਸਨੌਰ ਥਾਣੇ ਵਿੱਚ ਨੌਜਵਾਨਾਂ ‘ਤੇ ਹੋਏ ਤਸ਼ੱਦਦ ਦੇ ਮਾਮਲੇ ਵਿੱਚ ਪੀੜਤ ਨੌਜਵਾਨ ਨਾਲ ਮੁਲਾਕਾਤ ਮਗਰੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸੁਖਪਾਲ ਖਹਿਰਾ ਮਾਮਲੇ ‘ਤੇ ਕੇਜਰੀਵਾਲ ਨੇ ਤੋੜੀ ਚੁੱਪੀ
ਕਿਹਾ – ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਾਮਲਾ, ਇਸ ਨੂੰ ਸੁਲਝਾ ਲਵਾਂਗੇ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਵਿਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਚੁੱਪੀ ਤੋੜ ਦਿੱਤੀ ਹੈ। ਅੱਜ ਰੋਹਤਕ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਦੀ ਬਗਾਵਤ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਾਮਲਾ ਹੈ, ਇਸ ਨੂੰ ਅਸੀਂ ਮਿਲ ਕੇ ਸੁਲਝਾ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਦੇ ਅੰਦਰ ਮਤਭੇਦ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਕੇਜਰੀਵਾਲ ਨੇ ਕਿਹਾ ਕਿ ਇਸ ਦਾ ਫੈਸਲਾ ਸੁਪਰੀਮ ਕੋਰਟ ਵੱਲੋਂ ਸੁਣਾਇਆ ਜਾਵੇਗਾ, ਜੋ ਸਖਤੀ ਨਾਲ ਲਾਗੂ ਹੋਵੇਗਾ। ਸੁਪਰੀਮ ਕੋਰਟ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਨਾਲ ਇਨਸਾਫ ਕਰੇਗਾ।ઠਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ‘ਆਪ’ ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਵਿਚ ਘਮਾਸਾਨ ਮਚਿਆ ਹੋਇਆ ਹੈ। ਪਾਰਟੀ ਦੋ ਧੜਿਆਂ ਵਿਚ ਵੰਡੀ ਗਈ ਹੈ। ਦੋਵੇਂ ਧੜਿਆਂ ਵੱਲੋਂ ਇਕ ਦੂਜੇ ‘ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਅਜ਼ਾਦੀ ਦਿਵਸ ਮੌਕੇ ਪਲਾਸਟਿਕ ਦੇ ਤਿਰੰਗੇ ਝੰਡੇ ਨਾ ਵਰਤੇ ਜਾਣ
ਨਵੀਂ ਦਿੱਲੀ : ਅਜ਼ਾਦੀ ਦਿਵਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਤਿਰੰਗੇ ਝੰਡਿਆਂ ਦੀ ਵਰਤੋਂ ਨਾ ਕਰਨ ਅਤੇ ਨਾਲ ਹੀ ਸੂਬਾਈ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ‘ਫਲੈਗ ਕੋਡ’ ਦੀ ਪਾਲਣਾ ਯਕੀਨੀ ਬਣਾਉਣ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕੌਮੀ ਝੰਡੇ ਨਾਲ ਲੋਕਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਅਤੇ ਇਹ ਸਾਡੇ ਮਾਣ ਸਨਮਾਨ ਦਾ ਪ੍ਰਤੀਕ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਬਹੁਤੀ ਥਾਈਂ ਕਾਗਜ਼ ਦੇ ਝੰਡਿਆਂ ਦੀ ਥਾਂ ਪਲਾਸਟਿਕ ਦੇ ਝੰਡੇ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਕਰਨ ਅਤੇ ਕੌਮੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਨੂੰ ਸੈਕਸ਼ਨ 2 ਤਹਿਤ ਕੈਦ ਹੋ ਸਕਦੀ ਹੈ।

Check Also

‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਪਾਰਟੀ ’ਤੇ ਚੁੱਕੇ ਸਵਾਲ

ਕਿਹਾ : ਅਪਨੋਂ ਸੇ ਦੂਰੀ ਔਰ ਗੈਰੋਂ ਕੋ ਗਲੇ ਲਗਾਨਾ, ਕੌਨ ਸਾਂ ਨਿਆਏ ਅੰਮਿ੍ਰਤਸਰ/ਬਿਊਰੋ ਨਿਊਜ਼ …