ਸ਼ਾਇਰ ਹਰਵਿੰਦਰ ਦੇ ਗੀਤ ਸਣੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ
ਅੰਮ੍ਰਿਤਸਰ : ਪਾਕਿਸਤਾਨ ਦੇ ਲਾਹੌਰ ਵਿੱਚ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਭਾਰਤ ਤੋਂ ਪਹੁੰਚੇ ਵਫਦ ਦੇ ਸਵਾਗਤ ਵਿੱਚ ਰੱਖੇ ਸਮਾਗਮ ਦੌਰਾਨ ਪੰਜਾਬੀ ਫ਼ਨਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਰੰਗ ਬੰਨ੍ਹਿਆ।
ਲਾਹੌਰ ਸਥਿਤ ਪੰਜਾਬ ਭਾਸ਼ਾ ਤੇ ਕਲਾ ਕੇਂਦਰ (ਪਲਾਕ) ਵਿੱਚ ਹੋਏ ਸਮਾਗਮ ਦੌਰਾਨ ਚੜ੍ਹਦੇ ਪੰਜਾਬ ਦੇ ਲੋਕ ਗਾਇਕ ਪੰਮੀ ਬਾਈ, ਸੁੱਖੀ ਬਰਾੜ ਤੇ ਸਤਨਾਮ ਪੰਜਾਬੀ ਅਤੇ ਲਹਿੰਦੇ ਪੰਜਾਬ ਤੋਂ ਆਰਿਫ ਲੋਹਾਰ ਤੇ ਇਮਰਾਨ ਸ਼ੌਕਤ ਅਲੀ ਨੇ ਆਪਣੇ ਗੀਤਾਂ ਨਾਲ ਰੰਗ ਬੰਨ੍ਹ ਦਿੱਤਾ।
ਪੰਮੀ ਬਾਈ ਤੇ ਆਰਿਫ ਲੋਹਾਰ ਦੀ ਜੁਗਲਬੰਦੀ ਕਮਾਲ ਦੀ ਰਹੀ। ਸਾਰੇ ਫਨਕਾਰਾਂ ਨੇ ਦੋਵੇਂ ਪੰਜਾਬ ਦੀ ਸਾਂਝੀਵਾਲਤਾ ਦੇ ਗੀਤ ਗਾਏ। ਬਾਬਾ ਨਜਮੀ ਨੇ ‘ਇਕਬਾਲ ਪੰਜਾਬੀ ਦਾ’ ਅਤੇ ਇਲਿਹਾਸ ਘੁੰਮਣ ਨੇ ਆਪਣੀ ਜੋਸ਼ੀਲੀ ਤਕਰੀਰ ਨਾਲ ਪੰਜਾਬੀਅਤ ਦਾ ਹੋਕਾ ਦਿੱਤਾ। ਤ੍ਰੈਲੋਚਨ ਲੋਚੀ ਨੇ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਨਾਲ ਮਾਹੌਲ ਭਾਵੁਕ ਕੀਤਾ। ਲਹਿੰਦੇ ਪੰਜਾਬ ਤੋਂ ਵੀਰ ਸਿਪਾਹੀ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਵਿਅੰਗਮਈ ਟੋਟਕੇ ਸੁਣਾ ਕੇ ਮਾਹੌਲ ਹਾਸਮਈ ਬਣਾਇਆ। ਕਸੂਰ ਦੀ ਖਤੀਜਾ ਨੇ ਲੋਕ ਗੀਤ ਸੁਣਾਏ। ਇਸ ਮੌਕੇ ਸ਼ਾਇਰ ਹਰਵਿੰਦਰ ਦਾ ਗੀਤ ‘ਬਿਨਾ ਵੇ ਲਾਹੌਰ ਦੇ ਪੰਜਾਬ ਕੀ ਪੰਜਾਬ ਏ’ ਬਾਬਾ ਨਜਮੀ, ਦੀਪਕ ਮਨਮੋਹਨ ਸਿੰਘ, ਗੁਰਭਜਨ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਿਲੀਜ਼ ਕੀਤਾ ਗਿਆ। ਇਹ ਗੀਤ ਲਹਿੰਦੇ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਸਲਮ ਬਾਹੂ ਵੱਲੋਂ ਗਾਇਆ ਗਿਆ ਹੈ।
ਕਾਨਫਰੰਸ ਦੌਰਾਨ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਦੀ ਪੁਸਤਕ ‘ਬਾਤਾਂ ਵਾਹਗਿਓਂ ਪਾਰ ਦੀਆਂ’ ਦਾ ਸ਼ਾਹਮੁਖੀ ਐਡੀਸ਼ਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਬਦੁਲ ਕਦੀਮ, ਡਾ. ਕੁਦਸੀ, ਬੁਸ਼ਰਾ ਏਜਾਜ, ਬਾਬਾ ਨਜਮੀ, ਬਾਬਾ ਗੁਲਾਮ ਹੁਸੈਨ ਹੈਦਰ ਦੀਆਂ ਕਿਤਾਬਾਂ ਵੀ ਰਿਲੀਜ਼ ਕੀਤੀਆਂ।