Breaking News
Home / ਪੰਜਾਬ / ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਨਾਲ ਏਡਜ਼ ਨੇ ਵੀ ਘੇਰਿਆ

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਨਾਲ ਏਡਜ਼ ਨੇ ਵੀ ਘੇਰਿਆ

ਨਸ਼ਾ ਰੋਕੂ ਕੈਬਨਿਟ ਸਬ ਕਮੇਟੀ ਦੀ ਮੀਟਿੰਗ ‘ਚ ਹੋਇਆ ਅਜਿਹਾ ਸਨਸਨੀਖੇਜ਼ ਖੁਲਾਸਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲਤ ਤੋਂ ਇਲਾਵਾ ਏਡਜ਼ ਨੇ ਘੇਰ ਲਿਆ ਹੈ ਤੇ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਨਸ਼ਿਆਂ ਦੇ ਨਾਲ ਕਾਲੇ ਪੀਲੀਏ ਤੇ ਏਡਜ਼ ਦਾ ਇਲਾਜ ਵੀ ਕਰਨਾ ਪਵੇਗਾ। ਇਹ ਗੱਲ ਨਸ਼ਾ ਰੋਕੂ ਕੈਬਿਨਟ ਸਬ ਕਮੇਟੀ ਦੀ ਹਫਤਾਵਾਰੀ ਮੀਟਿੰਗ ਵਿੱਚ ਉੱਭਰ ਕੇ ਸਾਹਮਣੇ ਆਈ। ਲੁਧਿਆਣਾ ਜ਼ਿਲ੍ਹੇ ਦੇ ਦਾਖਾ ਇਲਾਕੇ ਦੇ ਕੁਝ ਪਿੰਡਾਂ ਦੇ 63 ਨਸ਼ੇੜੀਆਂ ਦੇ ਹਸਪਤਾਲਾਂ ਵਿੱਚ ਦਾਖਲੇ ਸਮੇਂ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਇਨ੍ਹਾਂ ਵਿਚੋਂ ઠ55 ਮਰੀਜ਼ ਕਾਲੇ ਪੀਲੀਏ (ਹੈਪਾਟਾਈਟਸ ਸੀ) ਅਤੇ 26 ਮਰੀਜ਼ ਏਡਜ਼ ਤੋਂ ਪੀੜਤ ਸਨ। ਏਡਜ਼ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਤਾਂ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਵਿੱਚ ਦਿੱਕਤਾਂ ਨਾ ਆਉਣ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਸ਼ੇੜੀਆਂ ਦਾ ਮਾਮਲਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਕੋਲ ਉਠਾਉਂਦਿਆਂ ਕਿਹਾ ਕਿ ਏਡਜ਼ ਪੀੜਤਾਂ ਦੇ ਇਲਾਜ ਲਈ ਵੱਖਰੇ ઠਯਤਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਦਸ ਤੋਂ ਵੱਧ ਮਰੀਜ਼ਾਂ ਨੂੰ ਰੱਖਣ ਲਈ ਬੈੱਡ ਨਹੀਂ ਹਨ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਵਧ ਰਹੀ ਗਿਣਤੀ ઠਦੇ ਮੱਦੇਨਜ਼ਰ ਮਨੋਰੋਗਾਂ ਦੇ ਸੇਵਾ-ਮੁਕਤ ਮਾਹਿਰਾਂ ਦੀਆਂ ਸੇਵਾਵਾਂ ਲੈਣ ਅਤੇ ਪ੍ਰਾਈਵੇਟ ਮਾਹਿਰਾਂ ਦੀਆਂ ਪੂਰਾ ਸਮਾਂ ਜਾਂ ਪਾਰਟ ਟਾਈਮ ਸੇਵਾਵਾਂ ਹਾਸਲ ਕਰਨ ਦੇ ਹੁਕਮ ਦਿੱਤੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ઠਸਿਹਤ ਵਿਭਾਗ ਨੂੰ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਐਸ.ਡੀ.ਐਮ., ਬੀ.ਡੀ.ਪੀ.ਓ. ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿਚ ਸਿਹਤ ਤੇ ਪਰਿਵਾਰ ਭਲਾਈ ਬ੍ਰਹਮ ਮਹਿੰਦਰਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਿੱਖ ਸੰਗਤਾਂ ਸਿਰਫ ਪ੍ਰਸ਼ਾਦੇ ਦਾ ਨਸ਼ਾ ਕਰਨ : ਜਥੇਦਾਰ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਸੰਗਤ ਨੂੰ ਸਿਰਫ ਪ੍ਰਸ਼ਾਦੇ ਦਾ ਨਸ਼ਾ ਕਰਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨਸ਼ੇ ਦੀ ਦਲ-ਦਲ ਵਿਚ ਇੰਨਾ ਫਸ ਚੁੱਕਾ ਹੈ ਜਿਸ ਲਈ ਹਰ ਇਕ ਪੰਥ ਦਰਦੀ ਚਿੰਤਾ ਵਿਚ ਹੈ।ਕੁੱਝ ਲੋਕਾਂ ਨੇ ਆਪਣੇ ਨਿੱਜੀ ਫਾਇਦੇ ਵਾਸਤੇ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਇਸ ਨਸ਼ੇ ਦੀ ਭੱਠੀ ਵਿਚ ਝੋਕ ਦਿੱਤਾ। ਜਿਸ ਕਾਰਨ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਇਸ ਪ੍ਰਤੀ ਰਾਤ ਦਿਨ ਇਕ ਕਰ ਕੇ ਸਿਰਤੋੜ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਦਾ ਸਟਾਫ਼ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਆਪਣਾ ਯੋਗਦਾਨ ਪਾਉਣ।
ਸਰਪੰਚ ਬਣਨ ਲਈ ਕਰਾਉਣਾ ਪਵੇਗਾ ਡੋਪ ਟੈਸਟ : ਪੰਚਾਇਤ ਮੰਤਰੀ
ਚੰਡੀਗੜ੍ਹ : ਪੰਜਾਬ ਵਿਚ ਪੰਚਾਇਤੀ ਚੋਣਾਂ ਸਤੰਬਰ ਮਹੀਨੇ ਵਿਚ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਪੁਰਾਣੀਆਂ ਪੰਚਾਇਤਾਂ ਨੂੰ ਭੰਗ ਵੀ ਕਰ ਦਿੱਤਾ ਗਿਆ ਹੈ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਸ ਵਾਰ ਸਰਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰ ਦਾ ਡੋਪ ਟੈਸਟ ਵੀ ਹੋਵੇਗਾ ਅਤੇ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਵੀ ਹੋ ਚੁੱਕੀ ਹੈ। ਪਰ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ ਕਿ ਪੰਚੀ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਵੀ ਡੋਪ ਟੈਸਟ ਹੋਵੇਗਾ ਜਾਂ ਨਹੀਂ। ਬਾਜਵਾ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਪਿੰਡਾਂ ਨੂੰ ਨਸ਼ਾ ਮੁਕਤ ਕਰਨਗੀਆਂ ਉਨ੍ਹਾਂ ਨੂੰ 10-10 ਲੱਖ ਰੁਪਈਆ ਮਿਲੇਗਾ। ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵੀ 2-2 ਲੱਖ ਰੁਪਈਆ ਦਿੱਤਾ ਜਾਵੇਗਾ।
ਨਸ਼ਿਆਂ ਦੀ ਰੋਕਥਾਮ ਲਈ ਕੈਪਟਨ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖਿਆ ਪੱਤਰ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਰੋਕਥਾਮ ਲਈ ਇੱਕ ਰਾਸ਼ਟਰੀ ਨੀਤੀ ਤਿਆਰ ਕਰਨ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਸਰਹੱਦੀ ਸੂਬੇ ਵਿੱਚ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ ਨੂੰ ਰੋਕਣ ਲਈ ਪੂਰੇ ਤਾਲਮੇਲ ਅਧਾਰਿਤ ਰਣਨੀਤੀ ਨੂੰ ਵੀ ਇਸ ਰਾਸ਼ਟਰੀ ਨੀਤੀ ਵਿੱਚ ਸ਼ਾਮਲ ਕਰਨ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ਦੇ ਪਾਰੋਂ ਨਸ਼ਿਆਂ ਦੀ ਤਸਕਰੀ ਬੀ.ਐਸ.ਐਫ ਦੁਆਰਾ ਪ੍ਰਭਾਵੀ ਤਰੀਕੇ ਨਾਲ ਰੋਕੇ ਜਾਣ ਵਾਸਤੇ ਵੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਲਾਹਣਤ ਨੂੰ ਰੋਕਣ ਲਈ ਉਹ ਆਪਣੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖਣਗੇ।
ਬੇਟੇ ਤੋਂ ਮਾਂ, ਪਿਤਾ ਤੋਂ ਬੇਟੀ ਅਤੇ ਦੋਸਤਾਂ ਤੋਂ ਆਰਕੈਸਟਰਾ ਡਾਂਸਰ ਬਣ ਗਈ ਨਸ਼ੇੜੀ
ਫਿਰੋਜ਼ਪੁਰ : ਨਸ਼ੇ ਦੀ ਸਪਲਾਈ ਲਾਈਨ ਤੋੜਨ ਦੇ ਬੇਸ਼ੱਕ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਨਸ਼ੇ ਦੀ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਹੁਣ ਤੱਕ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਨਸ਼ੇ ਦੀ ਦਲਦਲ ‘ਚ ਪੁਰਸ਼ਾਂ ਦੇ ਹੀ ਘਿਰੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਪ੍ਰੰਤੂ ਇਕ ਹਫ਼ਤੇ ਤੋਂ ਫਿਰੋਜ਼ਪੁਰ ਨਸ਼ਾ ਛੁਡਾਊ ਕੇਂਦਰ ‘ਚ ਜਿਸ ਤਰ੍ਹਾਂ ਨਾਲ ਨਸ਼ੇ ਦੀ ਗ੍ਰਿਫ਼ਤ ‘ਚ ਆਈਆਂ ਮਹਿਲਾਵਾਂ ਦੇ ਭਰਤੀ ਹੋਣ ਦੀ ਗਿਣਤੀ ਵਧ ਰਹੀ ਹੈ, ਉਹ ਚਿੰਤਾਜਨਕ ਹੈ। ਹਾਲਾਂਕਿ ਇੱਕਾ-ਦੁੱਕਾ ਨੂੰ ਛੱਡ ਕੇ ਜ਼ਿਆਦਾਤਰ ਮਹਿਲਾਵਾਂ ਕੇਂਦਰ ‘ਚ ਦਾਖਲ ਹੋਣ ਦੀ ਜਗ੍ਹਾ ਓਪੀਡੀ ‘ਚ ਦਵਾਈ ਲੈ ਕੇ ਚਲੀਆਂ ਜਾਂਦੀਆਂ ਹਨ।
ਮਹਿਲਾਵਾਂ ਵੱਲੋਂ ਕੀਤੇ ਜਾ ਰਹੇ ਨਸ਼ੇ ‘ਚ ਮੈਡੀਕਲ ਅਤ ਨਾਨ ਮੈਡੀਕਲ ਨਸ਼ਾ ਦੋਵੇਂ ਸ਼ਾਮਲ ਹਨ। ਫਿਰੋਜ਼ਪੁਰ ਨਸ਼ਾ ਛੁਡਾਊ ਕੇਂਦਰ ‘ਚ ਇਸ ਹਫ਼ਤੇ ਇਲਾਜ ਦੇ ਲਈ ਆਈਆਂ ਮਹਿਲਾਵਾਂ ‘ਚ ਤਿੰਨ ਅਜਿਹੀਆਂ ਮਹਿਲਾਵਾਂ ਹਨ ਜੋ ਕਿ ਨਸ਼ੇ ਦੀ ਦਲਦਲ ‘ਚ ਸਿੱਧੇ-ਅਸਿੱਧੇ ਰੂਪ ਨਾਲ ਆਪਣਿਆਂ ਕਾਰਨ ਹੀ ਫਸੀਆਂ। ਨਸ਼ਾ ਛੁਡਾਊ ਕੇਂਦਰਾਂ ‘ਚ ਵਧੀ ਮਰੀਜ਼ਾਂ ਦੀ ਗਿਣਤੀ : ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਵਿਗੜਦੇ ਹਾਲਤ ‘ਤੇ ਰੋਕ ਲਗਾਉਣ ਦੇ ਲਈ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਨਸ਼ੇ ਦੀ ਸਪਲਾਈ ਲਾਈਨ ਕਮਜ਼ੋਰ ਹੋਣ ਦੇ ਨਤੀਜੇ ਵਜੋਂ ਇਨ੍ਹੀਂ ਦਿਨੀਂ ਨਸ਼ਾ ਛੁਡਾਊ ਕੇਂਦਰ ਦੀ ਓਪੀਡੀ ਅਤੇ ਕੇਂਦਰ ‘ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਆਲਮ ਇਹ ਹੈ ਕਿ 15 ਬਿਸਤਰਿਆਂ ਵਾਲਾ ਵਾਰਡ ਪੂਰੀ ਤਰ੍ਹਾਂ ਨਾਲ ਫੁੱਲ ਹੈ। ਅਜਿਹੇ ‘ਚ ਦਾਖਲ ਹੋਣ ਦੇ ਲਈ ਜੋ ਮਰੀਜ਼ ਆ ਰਹੇ ਹਨ, ਉਨ੍ਹਾਂ ਨੂੰ ਦੂਜੀਆਂ ਤਰੀਕਾਂ ‘ਚ ਬੁਲਾਇਆ ਜਾ ਰਿਹਾ ਹੈ।
ਅਕਸਰ ਸਿਰ ‘ਚ ਦਰਦ ਰਹਿੰਦਾ ਸੀ, ਬੇਟੇ ਨੇ ਨਸ਼ੀਲਾ ਪਦਾਰਥ ਖਾਣ ਲਈ ਦਿੱਤਾ, ਹੌਲੀ-ਹੌਲੀ ਆਦਤ ਪੈ ਗਈ
ਪਹਿਲੀ ਘਟਨਾ ਇਕ 57 ਸਾਲਾ ਨਸ਼ੇ ਦੀ ਦਲਦਲ ‘ਚ ਧਸੀ ਮਹਿਲਾ ਦੀ ਹੈ। ਮਹਿਲਾ ਦਾ 24 ਸਾਲਾ ਦਾ ਬੇਟਾ ਹੈ, ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ। ਮਹਿਲਾ ਦੇ ਅਨੁਸਾਰ ਉਸ ਦੇ ਪੈਰਾਂ ਦੇ ਜੋੜਾਂ ਅਤੇ ਸਿਰ ‘ਚ ਦਰਦ ਰਹਿੰਦਾ ਸੀ, ਜਿਸ ਕਾਰਨ ਬੇਟੇ ਨੇ ਇਕ ਦਿਨ ਖਾਣ ਲਈ ਕੁੱਝ ਦਿੱਤਾ, ਉਸ ਨਾਲ ਉਸ ਦਾ ਦਰਦ ਘੱਟ ਹੋ ਗਿਆ। ਜਿਸ ਤੋਂ ਬਾਅਦ ਉਹ ਅਕਸਰ ਬੇਟੇ ਤੋਂ ਉਹ ਪਦਾਰਥ ਮੰਗਣ ਲੱਗੀ। ਹੌਲੀ-ਹੌਲੀ ਉਸ ਨੂੰ ਇਸ ਦੀ ਲਤ ਲਗ ਗਈ। ਪਤਾ ਲੱਗਿਆ ਕਿ ਬੇਟਾ ਪਹਿਲਾਂ ਅਫੀਮ ਦਾ ਨਸ਼ਾ ਕਰਦਾ ਸੀ ਤੇ ਹੁਣ ਉਹ ਹੈਰੋਇਨ ਦਾ ਨਸ਼ਾ ਕਰਦਾ ਹੈ ਅਤੇ ਆਪਣੀ ਮਾਤਾ ਨੂੰ ਦਰਦ ਦੂਰ ਕਰਨ ਦੇ ਨਾਂ ‘ਤੇ ਨਸ਼ਾ ਦੇਣ ਲੱਗਿਆ ਸੀ। ਹੁਣ ਦੋਵਾਂ ਦਾ ਇਲਾਜ ਨਸ਼ਾ ਛੁਡਾਊ ਕੇਂਦਰ ‘ਚ ਚੱਲ ਰਿਹਾ ਹੈ।
ਪਿਤਾ ਨਸ਼ੀਲੀਆਂ ਗੋਲੀਆਂ ਛੱਡ ਜਾਂਦਾ ਸੀ, ਬੇਟੀ ਨੇ ਵੀ ਖਾਣੀਆਂ ਸ਼ੁਰੂ ਕਰ ਦਿੱਤੀਆਂ
ਦੂਜੀ ਘਟਨਾ ਇਕ ਪੁਲਿਸ ਕਰਮਚਾਰੀ ਦੀ 24 ਸਾਲ ਕੁਆਰੀ ਲੜਕੀ ਦੀ ਹੈ। ਬੇਟੀ ਦੇ ਅਨੁਸਾਰ ਉਸ ਦੇ ਪਿਤਾ ਫਾਜ਼ਿਲਕਾ ‘ਚ ਪੁਸਿ ਵਿਭਾਗ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਕੰਮ ਕਰਦੇ ਹਨ। ਉਹ ਦਿਨ ਭਰ ਡਿਊਟੀ ਕਰਕੇ ਥੱਕ ਕੇ ਜਦੋਂ ਘਰ ਆਉਂਦੇ ਸਨ ਤਾਂ ਟ੍ਰਾਮਾਡੋਲ ਅਤੇ ਦੂਜੇ ਮੈਡੀਕਲ ਨਸ਼ਾ ਦਾ ਇਸਤੇਮਾਲ ਕਰਦੇ ਸਨ। ਸਵੇਰੇ ਜਾਂਦੇ ਸਮੇਂ ਇਹ ਦਵਾਈਆਂ ਘਰ ਹੀ ਛੱਡ ਜਾਂਦੇ। ਲੜਕੀ ਦੀ ਮਾਂ ਬਿਮਾਰ ਰਹਿੰਦੀ ਸੀ ਘਰ ਦਾ ਸਾਰਾ ਕੰਮ ਉਸ ਨੂੰ ਹੀ ਕਰਨਾ ਪੈਂਦਾ ਸੀ ਅਤੇ ਉਹ ਜ਼ਿਆਦਾ ਕੰਮ ਕਰਨ ਦੇ ਕਾਰਨ ਥੱਕ ਜਾਂਦੀ, ਅਜਿਹੇ ‘ਚ ਉਹ ਵੀ ਟ੍ਰਾਮਾਡੋਲ ਅਤੇ ਦੂਜੀਆਂ ਦਵਾਈਆਂ ਖਾਣ ਲੱਗੀ, ਜਿਸ ਦੀ ਉਹ ਆਦੀ ਹੋ ਗਈ। ਹੁਣ ਹਾਲਤ ਇਹ ਹੈ ਕਿ ਉਹ 15-20 ਟ੍ਰਾਮਾਡੋਲ ਕੇ ਕੈਪਸੂਲ ਇਕ ਦਿਨ ‘ਚ ਖਾ ਖਾਂਦੀ ਹੈ। ਹੁਣ ਉਹ ਨਸ਼ਾ ਛੱਡ ਕੇ ਆਪਣਾ ਭਵਿੱਖ ਸੁਧਾਰਨਾ ਚਾਹੁੰਦੀ ਹੈ।
ਐਨਰਜੀ ਵਧਾਉਣ ਲਈ ਦੋਸਤਾਂ ਨੇ ਦਿੱਤੀ ਹੈਰੋਇਨ ਦੇ ਟੀਕੇ ਲਗਾਉਣ ਦੀ ਸਲਾਹ
ਤੀਜੀ ਘਟਨਾ ਫਿਰੋਜ਼ਪੁਰ ਸ਼ਹਿਰ ਦੀ ਹੈ, ਜਿਸ ‘ਚ ਆਰਕੈਸਟਰਾ ‘ਚ ਡਾਂਸ ਕਰਨ ਵਾਲੀ 19 ਸਾਲਾ ਨੌਜਵਾਨ ਲੜਕੀ ਨੂੰ ਉਸ ਦੇ ਆਪਣੇ ਹੀ ਸਾਥੀਆਂ ਨੇ ਹੈਰੋਇਨ ਦੇ ਨਸ਼ੇ ਦਾ ਆਦੀ ਬਣਾ ਦਿੱਤਾ। ਪੀੜਤ ਲੜਕੀ ਨੇ ਦੱਸਿਆ ਕਿ ਉਹ ਡਾਂਸ ਕਰਨ ਦੌਰਾਨ ਥੱਕ ਜਾਂਦੀ ਸੀ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਹੈਰੋਇਨ ਦੇ ਟੀਕੇ ਦੇ ਬਾਰੇ ‘ਚ ਦੱਸਿਆ ਕਿ ਇਸ ਨਾਲ ਐਨਰਜੀ ਘੱਟ ਨਹੀਂ ਹੁੰਦੀ ਅਤੇ ਉਹ ਜ਼ਿਆਦਾ ਐਨਰਜੀ ਨਾਲ ਡਾਂਸ ਕਰ ਸਕਦੀ ਹੈ। ਹੌਲੀ-ਹੌਲੀ ਉਹ ਹੈਰੋਇਨ ਦੇ ਟੀਕੇ ਖੁਦ ਹੀ ਲਗਾਉਣ ਲੱਗੀ ਅਤੇ ਇਸ ਦੀ ਆਦੀ ਹੋ ਗਈ ਅਤੇ ਹੁਣ ਉਸ ਦੀ ਬਹੁਤ ਜ਼ਿਆਦਾ ਬੁਰੀ ਹਾਲਤ ਹੈ। ਡਾਂਸ ਕਰਨਾ ਤਾਂ ਦੂਰ ਦੀ ਗੱਲ ਉਹ ਸਹੀ ਢੰਗ ਨਾਲ ਚੱਲ ਵੀ ਨਹੀਂ ਸਕਦੀ ਅਤੇ ਉਹ ਲੜਕੀ ਹੁਣ ਆਪਣੀ ਇਸ ਭੈੜੀ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ।
ਨਸ਼ੇ ‘ਚ ਘਿਰੇ ਲੋਕ ਐਚਆਈਵੀ ਤੇ ਹੈਪੇਟਾਈਟਸ ਦੀ ਲਪੇਟ ‘ਚ ਲੱਗੇ ਆਉਣ
ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ 2017 ‘ਚ ਨਸ਼ਿਆਂ ਦੀ ਲਪੇਟ ‘ਚ ਆਏ ਕੁਲ 584 ਮਰੀਜ਼ਾਂ ‘ਚੋਂ 43 ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਐਚਆਈਵੀ ਅਤੇ ਹੈਪੇਟਾਈਟਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ 2018 ‘ਚ ਹੁਣ ਆਏ ਮਰੀਜ਼ਾਂ ‘ਚੋਂ 34 ਮਰੀਜ਼ਾਂ ‘ਚ ਹੈਪੇਟਾਈਟਸ ਅਤੇ ਐਚਆਈਵੀ ਦੀ ਪੁਸ਼ਟੀ ਹੋ ਚੁੱਕੀ ਹੈ।
ਜਦੋਂ ਤੱਕ ਲੋਕ ਜਾਗਰੂਕ ਨਹੀਂ ਹੋਣਗੇ, ਉਦੋਂ ਤੱਕ ਨਸ਼ੇ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਨਸ਼ੇ ‘ਚ ਫਸੇ ਲੋਕਾਂ ਨੂੰ ਇਲਾਜ਼ ਦੀ ਜ਼ਰੂਰਤ ਹੈ, ਉਹ ਪੁਰਸ਼ ਹੋਵੇ ਜਾਂ ਫਿਰ ਮਹਿਲਾ। ਅਜਿਹੇ ਲੋਕਾਂ ਨੂੰ ਇਲਾਜ ਦੇ ਲਈ ਪ੍ਰੇਰਿਤ ਕਰੋ। ਇਲਾਜ ਨਾਲ ਹੀ ਵਿਅਕਤੀ ਠੀਕ ਹੋ ਸਕਦਾ ਹੈ।
ਡਾ. ਰਚਨਾ ਮਿੱਤਲ, ਮਨੋਰੋਗ ਮਾਹਰ, ਸਿਵਲ ਹਸਪਤਾਲ

Check Also

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ

ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ ‘ਆਪ’ ‘ਚ ਸ਼ਾਮਲ; ਮੁੱਖ ਮੰਤਰੀ ਭਗਵੰਤ ਮਾਨ ਨੇ …