12.7 C
Toronto
Saturday, October 18, 2025
spot_img
Homeਭਾਰਤਜੰਮੂ ਕਸ਼ਮੀਰ ਮੰਤਰੀ ਮੰਡਲ 'ਚ ਵੱਡਾ ਫੇਰਬਦਲ

ਜੰਮੂ ਕਸ਼ਮੀਰ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

ਕਵਿੰਦਰ ਗੁਪਤਾ ਨੂੰ ਡਿਪਟੀ ਮੁੱਖ ਮੰਤਰੀ ਦੀ ਕਮਾਨ
ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਪੀਡੀਪੀ-ਭਾਜਪਾ ਸਰਕਾਰ ਵਿਚ ਫੇਰਬਦਲ ਦੌਰਾਨ 8 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਇਨ੍ਹਾਂ ਵਿਚ ਭਾਜਪਾ ਦੇ ਛੇ ਅਤੇ ਪੀਡੀਪੀ ਦੇ ਦੋ ਮੰਤਰੀ ਸ਼ਾਮਲ ਹਨ। ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਕਵਿੰਦਰ ਗੁਪਤਾ, ਪ੍ਰਦੇਸ਼ ਭਾਜਪਾ ਮੁਖੀ ਸਤਪਾਲ ਸ਼ਰਮਾ ਅਤੇ ਛੇ ਹੋਰਾਂ ਨੂੰ ਇਥੋਂ ਦੇ ਕਨਵੈਨਸ਼ਨ ਸੈਂਟਰ ਵਿਚ ਰਾਜਪਾਲ ਐਨ ਐਨ ਵੋਹਰਾ ਨੇ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਕਠੂਆ ਕਾਂਡ ਦੇ ਮੁਲਜ਼ਮਾਂ ਦੀ ਹਮਾਇਤ ਕਰਨ ‘ਤੇ ਭਾਜਪਾ ਦੇ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਪਏ ਸਨ। ਅਧਿਕਾਰੀਆਂ ਮੁਤਾਬਕ ਕਵਿੰਦਰ ਗੁਪਤਾ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਹੋਣਗੇ ਕਿਉਂਕਿ ਨਿਰਮਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਨਿਰਮਲ ਸਿੰਘ ਨੂੰ ਨਵਾਂ ਸਪੀਕਰ ਬਣਾਇਆ ਜਾ ਰਿਹਾ ਹੈ। ਸਹੁੰ ਚੁੱਕ ਸਮਾਗਮ ਵਿਚ ਹਾਜ਼ਰ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਅੱਜ ਦੇ ਬਦਲਾਅ ਦਾ ਕਠੂਆ ਕੇਸ ਨਾਲ ਕੋਈ ਸਬੰਧ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,”ਸਾਡੀ ਸਰਕਾਰ ਨੇ ਸੱਤਾ ਵਿਚ ਤਿੰਨ ਸਾਲ ਮੁਕੰਮਲ ਕਰ ਲਏ ਹਨ। ਇਸ ਕਰਕੇ ਅਸੀਂ ਕੈਬਨਿਟ ਵਿਚ ਫੇਰਬਦਲ ਦਾ ਫ਼ੈਸਲਾ ਲੈ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ।” ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਜ਼ਾਰਤ ਵਿਚ ਸ਼ਾਮਲ ਕੀਤੇ ਗਏ ਨਵੇਂ ਮੰਤਰੀਆਂ ਨੂੰ ਮੁਬਾਰਕਬਾਦ ਦਿੱਤੀ। ਭਾਜਪਾ ਦੇ ਕਠੂਆ ਤੋਂ ਵਿਧਾਇਕ ਰਾਜੀਵ ਜਸਰੋਟੀਆ ਅਤੇ ਸਾਂਬਾ ਤੋਂ ਦਵਿੰਦਰ ਕੁਮਾਰ ਮਨਿਆਲ ਸਹੁੰ ਚੁੱਕਣ ਵਾਲਿਆਂ ਵਿਚ ਸ਼ਾਮਲ ਹਨ। ਭਾਜਪਾ ਨੇ ਰਾਜ ਮੰਤਰੀ ਸੁਨੀਲ ਸ਼ਰਮਾ ਦਾ ਦਰਜਾ ਵਧਾ ਕੇ ਕੈਬਨਿਟ ਕਰ ਦਿੱਤਾ। ਇਸੇ ਤਰ੍ਹਾਂ ਸ਼ਕਤੀ ਰਾਜ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਪੀਡੀਪੀ ਦੇ ਪੁਲਵਾਮਾ ਤੋਂ ਵਿਧਾਇਕ ਮੁਹੰਮਦ ਖਲੀਲ ਬੰਦ ਅਤੇ ਸੋਨਾਵਾਰ ਤੋਂ ਵਿਧਾਇਕ ਮੁਹੰਮਦ ਅਸ਼ਰਫ਼ ਮੀਰ ਨੂੰ ਮੰਤਰੀ ਬਣਾਇਆ ਗਿਆ ਹੈ। ਜੰਮੂ ਕਸ਼ਮੀਰ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ (58) 13 ਸਾਲ ਦੀ ਉਮਰ ਵਿਚ ਹੀ ਆਰਐਸਐਸ ‘ਚ ਸ਼ਾਮਲ ਹੋ ਗਏ ਸਨ। ਐਮਰਜੈਂਸੀ ਦੌਰਾਨ ਉਹ 13 ਮਹੀਨੇ ਜੇਲ੍ਹ ਵਿਚ ਵੀ ਰਹੇ। ਉਹ 1978-79 ਵਿਚ ਪੰਜਾਬ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਵੀ ਰਹੇ।

RELATED ARTICLES
POPULAR POSTS