8.2 C
Toronto
Friday, November 7, 2025
spot_img
Homeਪੰਜਾਬ'ਨਾਨਕ ਨਾਮ ਚੜ੍ਹਦੀਕਲਾ' ਥੀਮ ਤਹਿਤ ਮਨਾਏ ਜਾਣਗੇ ਪ੍ਰਕਾਸ਼ ਪੁਰਬ ਸਮਾਗਮ : ਸਿੱਧੂ

‘ਨਾਨਕ ਨਾਮ ਚੜ੍ਹਦੀਕਲਾ’ ਥੀਮ ਤਹਿਤ ਮਨਾਏ ਜਾਣਗੇ ਪ੍ਰਕਾਸ਼ ਪੁਰਬ ਸਮਾਗਮ : ਸਿੱਧੂ

ਸਾਲ ਭਰ ਕਰਵਾਏ ਜਾਣਗੇ ਸਮਾਗਮ

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ ਜਿਸ ਦਾ ਕੇਂਦਰੀ ਥੀਮ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਹੋਵੇਗਾ। ਮੀਟਿੰਗ ਵਿੱਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ.ਬੀ.ਐਸ.ਘੁੰਮਣ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਜਸਪਾਲ ਸਿੰਘ ਸੰਧੂ, ਕੰਵਲਜੀਤ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਸ਼ਾਂਤ ਗੌਤਮ ਵੀ ਹਾਜ਼ਰ ਸਨ। ਮੀਟਿੰਗ ਉਪਰੰਤ ਸਿੱਧੂ ਨੇ ਕਿਹਾ ਕਿ ਅਗਲੇ ਸਾਲ 2019 ਵਿੱਚ ਆ ਰਹੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੂਬਾ ਸਰਕਾਰ ਵੱਡੇ ਪੱਧਰ ‘ਤੇ ਮਨਾਏਗੀ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸਾਰੀ ਦੁਨੀਆ ਦਾ ਭਲਾ ਮੰਗਣ ਦਾ ਸੰਦੇਸ਼ ਦਿੱਤਾ ਹੈ ਅਤੇ ਸੂਬਾ ਸਰਕਾਰ ਵੱਲੋਂ ਸਮਾਗਮਾਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਵੱਖ-ਵੱਖ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਇਹ ਕਮੇਟੀਆਂ ਦਾ ਮੰਤਵ ਕਾਲੀ ਵੇਈਂ ਦੀ ਸਫਾਈ ਤੇ ਸਵੱਛ ਸੁਲਤਾਨਪੁਰ ਲੋਧੀ ਮੁਹਿੰਮ ਚਲਾਉਣਾ, ਗੁਰੂ ਨਾਨਕ ਦੇਵ ਜੀ ਬਾਰੇ ਵੱਖ-ਵੱਖ ਯੂਨੀਵਰਸਿਟੀ-ਕਾਲਜਾਂ ਵਿੱਚ ਸੈਮੀਨਾਰ, ਸਾਹਿਤਕ ਮੁਕਾਬਲੇ, ਗੁਰਬਾਣੀ ਉਚਾਰਨ ਤੇ ਸ਼ਬਦ ਗਾਇਨ ਮੁਕਾਬਲੇ, ਪੇਂਟਿੰਗ ਅਤੇ ਫੋਟੋ ਪ੍ਰਦਰਸ਼ਨੀਆਂ ਕਰਵਾਉਣੀਆਂ, ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਤੋਂ ਬਾਹਰ ਕਿਸੇ ਦੋ ਥਾਂ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਤ ਕਰਨਾ, 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਵਿੱਚ ਸ਼ਾਨਦਾਰ ਮਿਸਾਲੀ ਯਾਦਗਾਰ ਸਥਾਪਤ ਕਰਨਾ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਸਮਾਗਮਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮ ਹੋਵੇਗਾ।

 

 

RELATED ARTICLES
POPULAR POSTS