ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਨਹੀਂ ਲੱਗੀ ਭਿਣਕ
ਬਠਿੰਡਾ : ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਨੇ ਮੰਗਲਵਾਰ ਨੂੰ ਸਾਦੇ ਢੰਗ ਨਾਲ ਵਿਆਹ ਕਰਾ ਲਿਆ ਹੈ। ਭਦੌੜ ਹਲਕੇ ਤੋਂ ਵਿਧਾਇਕ ਤੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਨੇ ਵਿਆਹ ਦਾ ਪੂਰਾ ਭੇਤ ਰੱਖਿਆ। ਇੱਥੋਂ ਤੱਕ ਕਿ ਵਿਆਹ ਦੀ ਭਿਣਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਵੀ ਨਾ ਪਈ। ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਪਿੰਡ ਧੌਲਾ ਦਾ ਬਾਸ਼ਿੰਦਾ ਹੈ ਤੇ ਸੰਗਰੂਰ ਵਿਚ ਰਹਿ ਰਿਹਾ ਹੈ। ਉਸ ਦਾ ਵਿਆਹ ਪੂਰੀ ਤਰ੍ਹਾਂ ਸਾਦਾ ਹੋਣ ਦੇ ਬਾਵਜੂਦ ਇਸ ਵਿਚ ਕਾਫੀ ਕੁਝ ਖਾਸ ਵੀ ਰਿਹਾ। ਵਿਧਾਇਕ ਨੇ ‘ਆਪ’ ਆਗੂਆਂ ਦੀ ਥਾਂ ਆਪਣੇ ਸੰਘਰਸ਼ ਸਮੇਂ ਦੇ ਦੋਸਤਾਂ ਨੂੰ ਬਾਰਾਤੀ ਬਣਾਉਣ ਨੂੰ ਤਰਜੀਹ ਦਿੱਤੀ ਤੇ ઠਉਸ ਦੀ ਬਾਰਾਤ 22 ਜਣਿਆਂ ਨਾਲ ਫਰੀਦਕੋਟ ਪੁੱਜੀ, ਜਿੱਥੋਂ ਦੇ ਗੁਰੂ ਘਰ ਵਿੱਚ ਪਿਰਮਲ ਸਿੰਘ ਨੇ ਲੈਕਚਰਾਰ ਜਸਵੀਰ ਕੌਰ ਨਾਲ ਸਾਦਾ ਵਿਆਹ ਕਰਾਇਆ। ਪਰਿਵਾਰਕ ਮੈਂਬਰਾਂ ਤੋਂ ਬਿਨਾ ਬਾਰਾਤ ਵਿਚ ਵਿਧਾਇਕ ਦੇ 10 ਕੁ ਦੋਸਤ ਸ਼ਾਮਿਲ ਹੋਏ ਜਿਨ੍ਹਾਂ ਵਿਚੋਂ ਸੱਤ ਬੇਰੁਜ਼ਗਾਰ ਲਾਈਨਮੈਨ ਹਨ। ਪਿਰਮਲ ਸਿੰਘ ਦਾ ਵਿਚੋਲਾ ਵੀ ਬੇਰੁਜ਼ਗਾਰ ਲਾਈਨਮੈਨ ਹਰਪ੍ਰੀਤ ਸਿੰਘ ਖਾਲਸਾ ਹੀ ਹੈ। ਪਿਰਮਲ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਦੋਵੇਂ ਅੰਮ੍ਰਿਤਧਾਰੀ ਹਨ। ਫਰੀਦਕੋਟ ਦੀ ਗਰੀਨ ਐਵੇਨਿਊ ਕਲੋਨੀ ਦੇ ਸਰਕਾਰੀ ਅਧਿਕਾਰੀ ਤੇਜਵੀਰ ਸਿੰਘ ਦੀ ਬੇਟੀ ਜਸਵੀਰ ਕੌਰ ਫਰੀਦਕੋਟ ਦੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਕੰਪਿਊਟਰ ਦੀ ਲੈਕਚਰਾਰ ਹੈ। ਮਿਲਣੀ ਮੌਕੇ ਦੋਵਾਂ ਪਰਿਵਾਰਾਂ ਨੇ ਇੱਕ-ਦੂਜੇ ਨੂੰ ਸਿਰੋਪੇ ਪਾਏ ਅਤੇ ਬਾਰਾਤ ਨੇ ਲੰਗਰ ਵੀ ਗੁਰੂ ਘਰ ਵਿਚ ਹੀ ਛਕਿਆ। ਵਿਆਹ ਵਿਚ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਨਾ ਹੀ ਕੋਈ ਧੂਮ ਧੜੱਕਾ ਸੀ। ਵਿਧਾਇਕ ਪਿਰਮਲ ਸਿੰਘ ਤੇ ਉਸ ਦੀ ਪਤਨੀ ਨੇ ਵਿਆਹ ਮੌਕੇ ਸੋਨੇ ਦੇ ਗਹਿਣੇ ਆਦਿ ਪਾਉਣ ਤੋਂ ਵੀ ਗੁਰੇਜ਼ ਕੀਤਾ। ਵਿਧਾਇਕ ਦੇ ਦੋਸਤ ਲਾਈਨਮੈਨ ਗੁਰਪ੍ਰੀਤ ਢਪਾਲੀ ਨੇ ਦੱਸਿਆ ਕਿ ਪਿਰਮਲ ਸਿੰਘ ਦੇ ਆਨੰਦ ਕਾਰਜ ਦਾ ਫੇਸਬੁੱਕ ‘ਤੇ ਸਿੱਧਾ ਪ੍ਰਸਾਰਨ ਕੀਤਾ ਗਿਆ ਜਿਸ ਨੂੰ ਉਸ ਵੇਲੇ ਕਰੀਬ 10 ਹਜ਼ਾਰ ਲੋਕ ਵੇਖ ਰਹੇ ਸਨ।
ਸੋਸ਼ਲ ਮੀਡੀਆ ‘ਤੇ ਪਿਰਮਲ ਦਾ ਵਿਆਹ ਜੱਗ ਜ਼ਾਹਿਰ ਹੋਇਆ ਤਾਂ ‘ਆਪ’ ਆਗੂ ਹੈਰਾਨ ਰਹਿ ਗਏ। ਕਈ ਆਗੂਆਂ ਨੇ ਆਖਿਆ ਕਿ ਅਸਲ ਵਿਚ ਪਿਰਮਲ ਸਿੰਘ ਨੇ ਸਭ ਨੂੰ ‘ਸਰਪ੍ਰਾਈਜ਼’ ਹੀ ਦਿੱਤਾ ਹੈ। ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਮਾਜਿਕ ਤੇ ਸਾਦਾ ਸਮਾਗਮ ਰੱਖਣ ਦੇ ਹੱਕ ਵਿੱਚ ਪਹਿਲਾਂ ਹੀ ਸਨ ਜਿਸ ਕਰਕੇ ਵਿਆਹ ਨੂੰ ਪੂਰੀ ਤਰ੍ਹਾਂ ਸਿਆਸਤ ਤੋਂ ਪਾਸੇ ਰੱਖਿਆ ਹੈ।
Check Also
ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …