ਬਰੈਂਪਟਨ : ਸੱਮਰ ਜੌਬਜ਼ ਨੌਜੁਆਨ ਕੈਨੇਡੀਅਨ ਵਿਦਿਆਰਥੀਆਂ ਲਈ ਆਪਣੇ ਸਕਿੱਲਜ਼ ਵਿਚ ਵਾਧਾ ਕਰਨ, ਕੰਮ ਦਾ ਤਜਰਬਾ ਹਾਸਲ ਕਰਨ ਅਤੇ ਆਪਣੀਆਂ ਟਿਊਸ਼ਨ ਫ਼ੀਸਾਂ ਅਦਾ ਕਰਨ ਲਈ ਪੈਸੇ ਕਮਾਉਣ ਦਾ ਵਧੀਆ ਸਾਧਨ ਹੈ। ਅਗਲੀਆਂ ਗਰਮੀਆਂ ਵਿਚ ਨੌਜੁਆਨ ਕੈਨੇਡੀਅਨਾਂ ਨੂੰ ਕੰਮ ਦੇਣ ਲਈ ‘ਨਾੱਟ ਫ਼ਾਰ ਪਰੌਫ਼ਿਟ’ ਸੰਸਥਾਵਾਂ, ਪਬਲਿਕ ਸੈੱਕਟਰ ਦੇ ਰੋਜ਼ਗ਼ਾਰ-ਦਾਤੇ ਅਤੇ ਛੋਟੇ ਕਾਰੋਬਾਰੀ ਅਦਾਰੇ ਜਿੱਥੇ 50 ਤੱਕ ਕਰਮਚਾਰੀ ਕੰਮ ਕਰਦੇ ਹਨ, ਕੈਨੇਡਾ ਸਰਕਾਰ ਕੋਲੋਂ ਇਸ ਦੇ ਲਈ ਫ਼ੰਡ ਲੈਣ ਲਈ ਅਰਜ਼ੀਆਂ ਭੇਜ ਸਕਦੇ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ‘ਕੈਨੇਡਾ ਸੱਮਰ ਜੌਬਜ਼’ (ਸੀ.ਐੱਸ.ਜੇ.) ਪ੍ਰੋਗਰਾਮ ਗਰਮੀਆਂ ਵਿਚ ਉਨ੍ਹਾਂ ਵਿਦਿਆਰਥੀਆਂ ਲਈ ਪੂਰਾ ਸਮਾਂ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੀ ਉਮਰ 15 ਸਾਲ ਤੋਂ 30 ਸਾਲ ਦੇ ਵਿਚਕਾਰ ਹੈ ਅਤੇ ਉਹ ਅਗਲੇ ਸਕੂਲ ਸੈਸ਼ਨ ਵਿਚ ਫਿਰ ਪੜ੍ਹਾਈ ਜਾਰੀ ਰੱਖਣ ਦੇ ਚਾਹਵਾਨ ਹੁੰਦੇ ਹਨ।
ਵਿਦਿਆਰਥੀਆਂ ਨੂੰ ਗਰਮੀਆਂ ਵਿਚ ਚੰਗੀਆਂ ਗੁਣਾਤਮਿਕ ਨੌਕਰੀਆਂ ਦੇਣ ਨਾਲ ਛੋਟੇ ਕਾਰੋਬਾਰੀ ਅਦਾਰਿਆਂ ਅਤੇ ਨਾੱਟ ਫ਼ਾਰ ਪਰੌਫ਼ਿਟ ਸੰਸਥਾਵਾਂ ਨੂੰ ਸਰਕਾਰ ਵੱਲੋਂ ਮਾਇਕ-ਸਹਾਇਤਾ ਮਿਲਦੀ ਹੈ ਅਤੇ ਇਸ ਦੇ ਨਾਲ ਹੀ ਸਥਾਨਕ ਪ੍ਰਾਥਮਿਕਤਾਵਾਂ ਅਤੇ ਕਮਿਊਨਿਟੀ ਦੇ ਵਿਕਾਸ ਨੂੰ ਵੀ ਹੱਲਾਸ਼ੇਰੀ ਪ੍ਰਾਪਤ ਹੁੰਦੀ ਹੈ। ਇਸ ਪ੍ਰੋਗਰਾਮ ਅਧੀਨ ਰੋਜ਼ਗ਼ਾਰ ਦੇਣ ਵਾਲਿਆਂ ਨੂੰ ਇਸ ਸਾਲ ਦੀਆਂ ਹੇਠ ਲਿਖੀਆਂ ਕੌਮੀ ਪ੍ਰਾਥਮਿਕਤਾਵਾਂ ਨੂੰ ਮੁੱਖ ਰੱਖ ਕੇ ਅਰਜ਼ੀਆਂ ਭੇਜਣੀਆਂ ਚਾਹੀਦੀਆਂ ਹਨ:
ਉਹ ਰੋਜ਼ਗਾਰ-ਦਾਤੇ ਜਿਹੜੇ ਨਵੇਂ ਨੌਜੁਆਨ ਇੰਮੀਗਰੈਂਟਾਂ/ਰਫ਼ਿਊਜੀਆਂ, ਇੰਡੀਜੀਨੀਅਸ ਨੌਜੁਆਨਾਂ, ਵਿਕਲਾਂਗ ਨੌਜੁਆਨਾਂ ਅਤੇ ਘੱਟ-ਗਿਣਤੀਆਂ ਨੂੰ ਕੰਮਾਂ ਲਈ ਰੱਖਣਾ ਚਾਹੁੰਦੇ ਹਨ।
ਛੋਟੇ ਕਾਰੋਬਾਰੀ ਅਦਾਰੇ ਜੋ ਨਵੀਆਂ ਨੌਕਰੀਆਂ ਪੈਦਾ ਕਰਨ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ।
ਉਹ ਸੰਸਥਾਵਾਂ ਜਿਹੜੀਆਂ ਘੱਟ-ਗਿਣਤੀ ਕਮਿਊਨਿਟੀਆਂ ਦੀਆਂ ਸਰਕਾਰੀ ਭਾਸ਼ਾਵਾਂ ਨੂੰ ਬੜ੍ਹਾਵਾ ਦੇਣ ਲਈ ਸਹਾਇਤਾ ਕਰਦੀਆਂ ਹਨ।
ਉਹ ਸੰਸਥਾਵਾਂ ਜਿਹੜੀਆਂ ਐੱਲ.ਜੀ.ਬੀ.ਟੀ.ਕਿਊ.2 (LGBTQ2) ਕਮਿਊਨਿਟੀ ਨੂੰ ਸੇਵਾਵਾਂ ਦਿੰਦੀਆਂ ਹਨ ਜਾਂ ਉਸ ਦੀ ਸਹਾਇਤਾ ਕਰਦੀਆਂ ਹਨ।
ਉਹ ਸੰਸਥਾਵਾਂ ਜਿਹੜੀਆਂ ਸਾਇੰਸ, ਟੈਕਨਾਲੌਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ (STEM) ਵਿਚ, ਖ਼ਾਸ ਤੌਰ ‘ਤੇ ਔਰਤਾਂ ਲਈ ਮੌਕੇ ਪ੍ਰਦਾਨ ਕਰਦੀਆਂ ਹਨ।
ਅਰਜ਼ੀਆਂ ਭੇਜਣ ਦਾ ਇਹ ਸਮਾਂ 19 ਦਸੰਬਰ 2017 ਤੋਂ ਸ਼ੁਰੂ ਹੋ ਕੇ 2 ਫ਼ਰਵਰੀ 2018 ਤੱਕ ਹੈ।
ਨਾੱਟ ਫ਼ਾਰ ਪਰੌਫ਼ਿਟ ਰੋਜ਼ਗਾਰ ਦੇਣ ਵਾਲੇ ਪ੍ਰੋਵਿੰਸ਼ੀਅਲ ਜਾਂ ਟੈਰੀਟੋਰੀਅਲ ਘੱਟੋ-ਘੱਟ ਤਨਖ਼ਾਹਾਂ ਦਾ 100 ਫ਼ੀਸਦੀ ਹਿੱਸਾ ਪ੍ਰਾਪਤ ਕਰ ਸਕਦੇ ਹਨ। ਪਬਲਿਕ ਸੈਕਟਰ ਐੱਪਲਾਇਰ ਅਤੇ 50 ਜਾਂ ਇਸ ਤੋਂ ਘੱਟ ਪੂਰਾ ਸਮਾਂ ਕੰਮ ਕਰਨ ਵਾਲੇ ਕਰਮਚਾਰੀਆਂ ਵਾਲੇ ਕੈਨੇਡਾ-ਭਰ ਦੇ ਅਦਾਰੇ 50 ਫ਼ੀਸਦੀ ਤੱਕ ਇਹ ਸਹਾਇਤਾ ਲੈ ਸਕਦੇ ਹਨ। ਸਾਰੇ ਹੀ ਰੋਜ਼ਗ਼ਾਰ ਦੇਣ ਵਾਲੇ ਵਿਕਲਾਂਗ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ 3,000 ਡਾਲਰ ਪ੍ਰਤੀ ਵਿਦਿਆਰਥੀ ਹੋਰ ਵਧੇਰੇ ਸਹਾਇਤਾ ਲੈਣ ਲਈ ਯੋਗ ਹੋਣਗੇ ਤਾਂ ਜੋ ਉਨ੍ਹਾਂ ਨੂੰ ਕੰਮ ਵਾਲੀ ਜਗ੍ਹਾ ‘ਤੇ ਲੋੜੀਂਦੇ ਨਿੱਜੀ ਸੰਦ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਸਬੰਧੀ ਵਧੇਰੇ ਜਾਣਕਾਰੀ Canada.ca/Canada-summer-jobs ਵੈੱਬਸਾਈਟ ਤੋਂ ਜਾਂ ਫਿਰ ਕਿਸੇ ਵੀ ਸਰਵਿਸ ਕੈਨੇਡਾ ਸੈਂਟਰ ਉਤੇ ਨਿੱਜੀ ਤੌਰ ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,”ਬੀਤੇ ਸਾਲ 2017 ਵਿਚ ਬਰੈਂਪਟਨ ਸਾਊਥ ਮੈਂ ਕਈ ਸੰਸਥਾਵਾਂ ਅਤੇ ਕੈਨੇਡੀਅਨ ਨੌਜੁਆਨਾਂ ਨੂੰ ਜਾ ਕੇ ਮਿਲੀ ਹਾਂ ਜਿਨ੍ਹਾਂ ਨੇ ਇਸ ‘ਕੈਨੇਡਾ ਸੱਮਰ ਜੌਬਜ਼ ਪ੍ਰੋਗਰਾਮ’ ਦਾ ਲਾਭ ਉਠਾਇਆ ਹੈ। ਮੈਂ ਬਰੈਂਪਟਨ ਸਾਊਥ ਦੀਆਂ ਸੰਸਥਾਵਾਂ, ਪਬਲਿਕ ਸੈੱਕਟਰ ਐਂਪਲਾਇਰਜ਼ ਅਤੇ ਛੋਟੇ ਬਿਜ਼ਨੈੱਸ ਅਦਾਰਿਆਂ ਨੂੰ ਕੈਨੇਡਾ ਸੱਮਰ ਜੌਬਜ਼ ਪ੍ਰੋਗਰਾਮ ਅਧੀਨ ਫ਼ੰਡਿੰਗ ਲਈ ਅਰਜ਼ੀਆਂ ਭੇਜਣ ਲਈ ਉਤਸ਼ਾਹਿਤ ਕਰਦੀ ਹਾਂ। ਨੌਜੁਆਨਾਂ ਨੂੰ ਆਪਣੇ ਸਕਿੱਲਜ਼ ਵਿਚ ਵਾਧਾ ਕਰਨ ਅਤੇ ਉਨ੍ਹਾਂ ਵੱਲੋਂ ਵਧੀਆ ਕੰਮ-ਕਾਜੀ ਤਜਰਬਾ ਹਾਸਲ ਕਰਨ ਨਾਲ ਸਾਡੇ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋਵੇਗਾ ਅਤੇ ਇਸ ਦੇ ਨਾਲ ਸਾਡੀ ਮਿਡਲ ਕਲਾਸ ਹੋਰ ਖ਼ੁਸ਼ਹਾਲ ਹੋਵੇਗੀ।”
ਇਸ ਸਬੰਧੀ ਐਂਪਲਾਇਮੈਂਟ, ਵਰਕ ਫੋਰਸਡਿਵੈੱਲਪਮੈਂਟ ਐਂਡ ਲੇਬਰ ਮੰਤਰੀ ਮਾਣਯੋਗ ਪੈਟੀ ਹਜਡੂ ਦਾ ਕਹਿਣਾ ਸੀ,”ਕੈਨੇਡਾ ਦੇ ਨੌਜੁਆਨ ਭਵਿੱਖ ਦੇ ਨਹੀਂ, ਸਗੋਂ ਉਹ ਅੱਜ ਦੇ ਹੀ ਆਗੂ ਹਨ। ਏਸੇ ਲਈ ਕੈਨੇਡਾ ਸਰਕਾਰ ਉਨ੍ਹਾਂ ਲਈ ਪਹਿਲਾਂ ਨਾਲੋਂ ਹੋਰ ਵਧੇਰੇ ਸੱਮਰ ਜੌਬਜ਼ ਪੈਦਾ ਕਰ ਰਹੀ ਹੈ।
ਸਾਨੂੰ ਪਤਾ ਹੈ ਕਿ ਜੇਕਰ ਨੌਜੁਆਨ ਆਪਣੇ ਜੀਵਨ ਦੇ ਪਹਿਲੇ ਪੜਾਅ ਵਿਚ ਚੰਗਾ ਤਜਰਬਾ ਹਾਸਲ ਕਰ ਲੈਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਸਫ਼ਲਤਾ ਉਨ੍ਹਾਂ ਦੇ ਪੈਰ ਜ਼ਰੂਰ ਚੁੰਮੇਗੀ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …