8.1 C
Toronto
Thursday, October 16, 2025
spot_img
Homeਮੁੱਖ ਲੇਖਪੁਲਸ ਦੀ ਜਵਾਬਦੇਹੀ 'ਚ ਵਾਧਾ ਕਰਦਾ ਹੈ ਸੋਸ਼ਲ ਮੀਡੀਆ

ਪੁਲਸ ਦੀ ਜਵਾਬਦੇਹੀ ‘ਚ ਵਾਧਾ ਕਰਦਾ ਹੈ ਸੋਸ਼ਲ ਮੀਡੀਆ

316844-1rZ8qx1421419655-300x225ਕਿਰਨ ਬੇਦੀ
ਸੋਸ਼ਲ ਨੈੱਟਵਰਕਾਂ ‘ਤੇ ਨਜ਼ਰ ਮਾਰੀਏ ਤਾਂ ਅਜਿਹਾ ਲੱਗਦਾ ਹੈ ਕਿ ਪੂਰੀ ਦੁਨੀਆ ਹੀ ਗੁੱਸੇ, ਜਿਗਿਆਸਾ ਤੇ ਭੁੱਖ ਦੀ ਸ਼ਿਕਾਰ ਹੈ। ਸੋਸ਼ਲ ਮੀਡੀਆ ਬਹੁਤ ਛੋਟੇ ਰੂਪ ਵਿਚ ਸਮਾਜ ਦਾ ਹੀ ਅਕਸ ਪੇਸ਼ ਕਰਦਾ ਹੈ। ਇਸ ‘ਤੇ ਪ੍ਰਸ਼ੰਸਕਾਂ ਦੀ ਘਾਟ ਨਹੀਂ ਅਤੇ ਸਨਕੀਆਂ ਦੀ ਵੀ ਕੋਈ ਘਾਟ ਨਹੀਂ ਪਰ ਅਜਿਹੇ ਵੀ ਬਹੁਤ ਸਾਰੇ ਲੋਕ ਹਨ, ਜੋ ਗੁੰਮਨਾਮੀ ਜਾਂ ਜਾਅਲੀ ਨਾਵਾਂ ਦਾ ਅਣਉਚਿਤ ਲਾਭ ਉਠਾਉਂਦੇ ਹੋਏ ਖਰੂਦ ਮਚਾ ਰਹੇ ਹਨ ਅਤੇ ਅਜਿਹੀਆਂ ਸਰਗਰਮੀਆਂ ਕਰਦੇ ਹਨ, ਜੋ ਸੋਸ਼ਲ ਮੀਡੀਆ ਪ੍ਰਤੀ ਲੋਕਾਂ ਨੂੰ ਗੁੱਸੇ ਵਿਚ ਲਿਆਉਂਦੀਆਂ ਹਨ। ਬੇਨਾਮ ਜਿਹੇ ਵਿਅਕਤੀ ਕਿਸੇ ‘ਤੇ ਵੀ ਤਾਬੜ-ਤੋੜ ਹਮਲਾ ਕਰਕੇ ਸੋਸ਼ਲ ਮੀਡੀਆ ‘ਤੇ ਉਸ ਨੂੰ ਬਦਨਾਮ ਕਰਦੇ ਹਨ ਅਤੇ ਉਸ ਦਾ ਅਕਸ ਵਿਗਾੜਦੇ ਹਨ।
ਕੁਝ ਸਮਾਂ ਪਹਿਲਾਂ ਦਿੱਲੀ ਦੀ ਇਕ ਸੰਵੇਦਨਸ਼ੀਲ ਪੁਲਿਸ ਅਧਿਕਾਰੀ ਨੇ ਇਸ ਵਿਸ਼ੇ ‘ਤੇ ਟਵੀਟ ਕੀਤਾ ਤਾਂ ਪਤਾ ਨਹੀਂ ਕਿੰਨੇ ਬੇਨਾਮ ਲੋਕਾਂ ਨੇ ਉਸ ਦੇ ਵਿਰੁੱਧ ਗਲਤ ਸੂਚਨਾਵਾਂ ਦੀ ਹਨੇਰੀ ਲਿਆ ਦਿੱਤੀ। ਇਸ ਤਰ੍ਹਾਂ ਦੀਆਂ ਨਕਾਰਾਤਮਕ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਇੰਟਰਨੈੱਟ ਦੀ ਭਾਸ਼ਾ ਵਿਚ ‘ਟ੍ਰਾਲ’ ਕਿਹਾ ਜਾਂਦਾ ਹੈ।
ਇਹ ਨੌਜਵਾਨ ਅਧਿਕਾਰੀ ਮੋਨਿਕਾ ਭਾਰਦਵਾਜ ਆਈ. ਪੀ. ਐੱਸ. ਹੈ, ਜੋ ਦਿੱਲੀ ਪੁਲਿਸ ਦੇ ਪੱਛਮੀ ਜ਼ਿਲੇ ਦੀ ਐਡੀਸ਼ਨਲ ਡੀ. ਸੀ. ਪੀ. ਹੈ। ਜ਼ਰਾ ਦੇਖੋ, ਉਨ੍ਹਾਂ ਨੇ ਟਵੀਟ ਕੀਤਾ ਤਾਂ ਉਨ੍ਹਾਂ ਨੂੰ ਇਸ ਦਾ ਕੀ ਨਤੀਜਾ ਭੁਗਤਣਾ ਪਿਆ।ઠ
ਮੈਨੂੰ ਅਜੇ ਤੱਕ ਯਾਦ ਹੈ ਕਿ ਮੇਰੇ ਟਵਿਟਰ ਹੈਂਡਲ ‘ਤੇ ਮੈਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਕੀ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਲਈ ਦੋਸ਼ੀਆਂ ਦੀ ਰਾਸ਼ਟਰੀਅਤਾ ਦਾ ਖੁਲਾਸਾ ਕਰਨਾ ਉਚਿਤ ਹੈ। ਇਸ ਦੇ ਜਵਾਬ ਵਿਚ ਮੈਂ ਜਵਾਬੀ ਟਵੀਟ ਕਰਦਿਆਂ ਕਿਹਾ ਸੀ ਕਿ ਅਜਿਹਾ ਕਰਨਾ ਜਾਇਜ਼ ਹੈ। ਬਦਨੀਅਤ ਨਾਲ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਗਲਾ ਘੁੱਟਣਾ ਅਤੇ ਸਮਾਜ ਦਾ ਵਿਆਪਕ ਕਲਿਆਣ ਕਰਨਾ ਹੋਵੇ ਤੇ ਸ਼ਾਂਤੀ ਅਤੇ ਸੁਹਿਰਦਤਾ ਕਾਇਮ ਕਰਨੀ ਹੋਵੇ ਤਾਂ ਮੇਰਾ ਮੰਨਣਾ ਹੈ ਕਿ ਨੌਜਵਾਨ ਆਈ. ਪੀ. ਐੱਸ. ਦੇ ਟਵੀਟ ਨੇ ਇਸ ਮਾਮਲੇ ਵਿਚ ਕਾਫੀ ਸਹਾਇਤਾ ਕੀਤੀ।
ਵਿਕਾਸਪੁਰੀ ਵਿਚ ਆਪਣੇ ਹੀ ਘਰ ‘ਚ ਭੀੜ ਵਲੋਂ ਹਾਕੀਆਂ ਅਤੇ ਲੋਹੇ ਦੀਆਂ ਸਲਾਖਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਡੈਂਟਿਸਟ ਪੰਕਜ ਨਾਰੰਗ ਦੀ ਘਿਨੌਣੀ ਹੱਤਿਆ ਵਿਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਵਿਚ ਪੁਲਿਸ ਨੇ ਬਹੁਤ ਤੇਜ਼ ਰਫਤਾਰ ਨਾਲ ਕਾਰਵਾਈ ਕੀਤੀ ਸੀ। ਇਸ ਮਾਮਲੇ ਵਿਚ ਟੈਕਨਾਲੋਜੀ ਨੇ ਬਹੁਤ ਸਹਾਇਤਾ ਕੀਤੀ ਸੀ। ਹੋਰਨਾਂ ਗੁਆਂਢੀਆਂ ਵਲੋਂ ਲਗਾਏ ਗਏ ਪ੍ਰਾਈਵੇਟ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਮੁਲਜ਼ਮਾਂ ਦੀਆਂ ਤਸਵੀਰਾਂ ਆ ਗਈਆਂ ਸਨ ਅਤੇ ਇਨ੍ਹਾਂ ਦੇ ਆਧਾਰ ‘ਤੇ ਹੀ ਉਹ ਦਬੋਚੇ ਗਏ ਸਨ। ਵਧੀਆ ਖਬਰ ਇਹ ਹੈ ਕਿ ਲੋਕ ਖੁਦ ਇਸ ਗੱਲ ਪ੍ਰਤੀ ਬਹੁਤ ਚੌਕਸ ਹਨ ਕਿ ਉਨ੍ਹਾਂ ਨੇ ਆਪਣੇ ਖੇਤਰ ਵਿਚ ਸੁਰੱਖਿਆ ਦਾ ਵਾਤਾਵਰਣ ਬਣਾਈ ਰੱਖਣਾ ਹੈ। ਅਜਿਹੇ ਲੋਕ ਇਕ ਖਾਲੀ ਸਥਾਨ ਨੂੰ ਭਰ ਰਹੇ ਹਨ।
ਪਰ ਮੈਂ ਜਿਸ ਸਵਾਲ ਨੂੰ ਰੇਖਾਂਕਿਤ ਕਰਨਾ ਚਾਹੁੰਦੀ ਹਾਂ, ਉਹ ਇਹ ਹੈ ਕਿ ਕੀ ਭਾਰਤੀ ਪੁਲਿਸ ਸੇਵਾਵਾਂ ਅਪਰਾਧ ਨੂੰ ਰੋਕਣ ਅਤੇ ਅਪਰਾਧ ਦੀ ਨਿਸ਼ਾਨਦੇਹੀ ਕਰਨ ਦੇ ਮਾਮਲੇ ਵਿਚ ਸੋਸ਼ਲ ਮੀਡੀਆ ਦੀ ਉਚਿਤ ਵਰਤੋਂ ਕਰ ਰਹੀਆਂ ਹਨ? ਕੀ ਆਮ ਜਾਗਰੂਕਤਾ ਪੈਦਾ ਕਰਨ ਅਤੇ ਜਨਤਕ ਹਿੱਸੇਦਾਰੀ ਤੇ ਸਮਰਥਨ ਹਾਸਲ ਕਰਨ ਦੇ ਮਾਮਲੇ ਵਿਚ ਸੋਸ਼ਲ ਮੀਡੀਆ ਦੀਆਂ ਸੰਪੂਰਨ ਸੰਭਾਵਨਾਵਾਂ ਨੂੰ ਵਰਤਿਆ ਜਾ ਰਿਹਾ ਹੈ? ਅਸਲ ਵਿਚ ਜਿਸ ਤਰ੍ਹਾਂ ਮੋਨਿਕਾ ਭਾਰਦਵਾਜ ਨੂੰ ਸੋਸ਼ਲ ਮੀਡੀਆ ‘ਤੇ ਅਫਵਾਹਾਂ ਅਤੇ ਗਾਲੀ-ਗਲੋਚ ਦਾ ਨਿਸ਼ਾਨਾ ਬਣਾਇਆ ਗਿਆ, ਉਹ ਤਾਂ ਸੰਦੇਸ਼ ਦਿੰਦਾ ਹੈ ਕਿ ਆਮ ਸਮੇਂ ਵਿਚ ਵੀ ਇਸ ਦੀ ਕਾਫੀ ਵਰਤੋਂ ਨਹੀਂ ਹੋ ਰਹੀ ਹੈ, ਖਾਸ ਤੌਰ ‘ਤੇ ਟੂ-ਵੇਅ ਟ੍ਰੈਫਿਕ ਦੇ ਮਾਮਲੇ ਵਿਚ ਬਿਲਕੁਲ ਨਹੀਂ। ਪੁਲਿਸ ਵਿਭਾਗ ਦੇ ਅੰਦਰ ਵੀ ਸਨਕੀ ਲੋਕਾਂ ਦੀ ਕਮੀ ਨਹੀਂ ਹੈ ਪਰ ਪਤਾ ਨਹੀਂ ਕਿ ਇਸ ਦਾ ਕਾਰਨ ਕੀ ਹੈ। (ਮੈਂ ਵੀ ਇਸ ਮਾਮਲੇ ਵਿਚ ਅਟਕਲਾਂ ਹੀ ਲਗਾ ਸਕਦੀ ਹਾਂ।) ਮੇਰਾ ਮੰਨਣਾ ਹੈ ਕਿ ਪੁਲਿਸ ਸੰਗਠਨ ਅਜੇ ਵੀ ਸੋਸ਼ਲ ਮੀਡੀਆ ਦੇ ਮਾਮਲੇ ਵਿਚ ਨੀਤੀ ਸੂਤਰਬੱਧ ਕਰਨ ਦੇ ਪੱਧਰ ਤੋਂ ਅੱਗੇ ਨਹੀਂ ਵਧ ਸਕਿਆ ਹੈ। ਕਦੇ-ਕਦੇ ਟ੍ਰੈਫਿਕ ਸੂਚਨਾਵਾਂ ਬਾਰੇ ਅਖਬਾਰ ਵਿਚ ਇਕ ਸਫਾ ਛਪਵਾ ਦੇਣਾ ਜਾਂ ਲੋਕਾਂ ਦੀ ਕਿਸੇ ਮੁੱਦੇ ‘ਤੇ ਲੋਕ ਰਾਏ ਬਣਾਉਣ ਲਈ ਸਮੂਹਾਂ ਨੂੰ ਗਠਿਤ ਕਰਨਾ ਹੀ ਕਾਫੀ ਨਹੀਂ। ਸੋਸ਼ਲ ਨੈੱਟਵਰਕ ਸਾਈਟਾਂ ‘ਤੇ ਆਉਣ ਵਾਲੇ ਲੋਕਾਂ ਨਾਲ ਸੰਵਾਦ ਰਚਾਉਣੇ, ਉਨ੍ਹਾਂ ਨੂੰ ਪ੍ਰੇਰਿਤ ਜਾਂ ਉਤਸ਼ਾਹਿਤ ਕਰਨ ਦੇ ਮਾਮਲੇ ਵਿਚ ਪੁਲਿਸ ਸੰਗਠਨ ਜ਼ੋਰਦਾਰ ਢੰਗ ਨਾਲ ਕੰਮ ਨਹੀਂ ਕਰਦਾ।
ਮੇਰਾ ਮੰਨਣਾ ਹੈ ਕਿ ਜਦੋਂ ਸਮਾਰਟਫੋਨ ਵੱਡੀ ਗਿਣਤੀ ਵਿਚ ਪ੍ਰਚੱਲਿਤ ਹੋ ਰਹੇ ਹਨ ਤਾਂ ਅਜਿਹੇ ਵਿਚ ਸੋਸ਼ਲ ਮੀਡੀਆ ਲਈ ਢੁੱਕਵੀਂ ਨੀਤੀ ਸੂਤਰਬੱਧ ਕਰਨ ਅਤੇ ਇਸ ਦੇ ਲਾਗੂ ਕਰਨ ਦੇ ਮਾਮਲੇ ਵਿਚ ਪੁਲਿਸ ਸੇਵਾਵਾਂ ਦੇ ਕਾਫੀ ਕੰਮ ਆ ਸਕਦੀ ਹੈ। ਸਾਕਾਰਾਤਮਕ ਜਾਂ ਨਕਾਰਾਤਮਕ ਕਿਸੇ ਢੰਗ ਨਾਲ ਫੇਸਬੁੱਕ ਜਾਂ ਟਵਿਟਰ ਦੇ ਨਾਲ-ਨਾਲ ਹੋਰ ਸੋਸ਼ਲ ਸਾਈਟਾਂ ‘ਤੇ ਵੀ ਸਥਾਨਕ ਭਾਸ਼ਾਵਾਂ ਵਿਚ ਵੱਧ ਤੋਂ ਵੱਧ ਹਿੱਸੇਦਾਰੀ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਹੋਰ ਨਹੀਂ ਤਾਂ ਪੁਲਿਸ ਨੂੰ ਇਹ ਪਤਾ ਲੱਗ ਜਾਵੇਗਾ ਕਿ ਲੋਕ ਕੀ ਸੋਚ ਰਹੇ ਹਨ ਜਾਂ ਕਿਹੜੀ ਚੀਜ਼ ਜਾਣਨਾ ਮਹੱਤਵਪੂਰਨ ਹੈ।
ਮੇਰੇ ਵਿਚਾਰ ਵਿਚ ਸੋਸ਼ਲ ਮੀਡੀਆ ਨੀਤੀ ‘ਚ ਹੇਠਲੀਆਂ ਗੱਲਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ : ਪਹਿਲੀ ਤੇ ਸਭ ਤੋਂ ਮਹੱਤਵਪੂਰਨ ਗੱਲ : ਇਸ ਦੀ ਵਰਤੋਂ ਦਾ ਉਦੇਸ਼ ਕੀ ਹੈ। ਇਸ ਦੇ ਟੀਚੇ ਕੀ ਹਨ। ਕਿਸ ਟੀਚੇ ਨੂੰ ਪ੍ਰਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟ੍ਰੈਫਿਕ, ਅਪਰਾਧ ਰੋਕਣਾ, ਅਪਰਾਧੀਆਂ ਨੂੰ ਦਬੋਚਣਾ, ਵਿਵਹਾਰਿਕ ਮੁੱਦਿਆਂ, ਸੰਤੁਸ਼ਟੀ ਦੇ ਪੱਧਰਾਂ, ਵਿਚਾਰਾਂ, ਜਾਇਜ਼ਿਆਂ, ਚੌਕਸੀਆਂ, ਸੁਰੱਖਿਆ ਮੁੱਦਿਆਂ, ਪਹਿਲਕਦਮੀਆਂ, ਪੁਰਸਕਾਰਾਂ, ਨਵੀਆਂ ਨੀਤੀਆਂ, ਤਜਰਬਿਆਂ, ਫੀਡਬੈਕ ਆਦਿ ਦੇ ਸੰਬੰਧ ਵਿਚ ਸੋਸ਼ਲ ਮੀਡੀਆ ਦੇ ਵੱਖ-ਵੱਖ ਸੈਕਸ਼ਨ ਹੋ ਸਕਦੇ ਹਨ। ਦੁਵੱਲੇ ਆਦਾਨ-ਪ੍ਰਦਾਨ ਲਈ ਸੋਸ਼ਲ ਨੈੱਟਵਰਕ ਸਾਈਟਾਂ ਦੇ ਅਜਿਹੇ ਜ਼ਰੂਰੀ ਸਥਾਨ ਹੋਣੇ ਚਾਹੀਦੇ ਹਨ, ਜਿਥੇ ਹਰ ਕਿਸੇ ਨੂੰ ਜਾਣ ਦੀ ਲੋੜ ਮਹਿਸੂਸ ਹੋਵੇ।ઠ
ਸੋਸ਼ਲ ਨੈੱਟਵਰਕਿੰਗ ਨਾਲ ਖਰਚ ਤੇ ਸਮੇਂ ਦੀ ਵੀ ਬਹੁਤ ਬੱਚਤ ਹੁੰਦੀ ਹੈ। ਇਹ ਬਿਜਲੀ ਵਰਗੀ ਤੇਜ਼ੀ ਨਾਲ ਕੰਮ ਕਰਦੀ ਹੈ। ਬੇਸ਼ੱਕ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲਿਆਂ ਨੇ ਬੇਨਾਮ ਹੋਣ ਦਾ ਮੁਖੌਟਾ ਪਾ ਰੱਖਿਆ ਹੋਵੇ ਤਾਂ ਵੀ ਸੋਸ਼ਲ ਮੀਡੀਆ ਪੁਲਿਸ ਸੇਵਾਵਾਂ ਦੀ ਜਵਾਬਦੇਹੀ ਵਿਚ ਵਾਧਾ ਕਰਦਾ ਹੈ। ਮੈਂ ਇਹ ਸੋਚਿਆ ਕਰਦੀ ਸੀ ਕਿ ਦੁਨੀਆ ਭਰ ਵਿਚ ਪੁਲਿਸ ਵਾਲਿਆਂ ਨੂੰ ਨਿੰਦਾ ਦਾ ਨਿਸ਼ਾਨਾ ਤਾਂ ਬਣਾਇਆ ਜਾਂਦਾ ਹੈ ਪਰ ਉਨ੍ਹਾਂ ਨੂੰ ਸ਼ਾਬਾਸ਼ ਨਹੀਂ ਮਿਲਦੀ। ਨਿੰਦਾ ਅਤੇ ਨਫਰਤ ਤਾਂ ਉਨ੍ਹਾਂ ਨੂੰ ਬਿਨਾ ਨਾਗਾ ਹਰ ਰੋਜ਼ ਬਰਦਾਸ਼ਤ ਕਰਨੀ ਪੈਂਦੀ ਹੈ ਪਰ ਸ਼ਾਬਾਸ਼ ਕਦੇ-ਕਦੇ ਹੀ ਨਸੀਬ ਹੁੰਦੀ ਹੈ ਪਰ ਜੇਕਰ ਇਕ ਵਾਰ ਉਹ ਸੋਸ਼ਲ ਮੀਡੀਆ ‘ਤੇ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਹਨ ਅਤੇ ਸੁਚਾਰੂ ਢੰਗ ਨਾਲ ਸੰਵਾਦ ਰਚਾਉਂਦੇ ਹਨ ਤਾਂ ਉਨ੍ਹਾਂ ਨੂੰ ਸ਼ਾਬਾਸ਼ ਮਿਲਣ ਦੀਆਂ ਘਟਨਾਵਾਂ ਵਿਚ ਵਾਧਾ ਹੋਵੇਗਾ। ਉਂਝ ਵੀ ਪੁਲਿਸ ਵਿਭਾਗ ਜਦੋਂ ਉਨ੍ਹਾਂ ਦੇ ਅੰਗ-ਸੰਗ ਹੋਵੇਗਾ ਤਾਂ ਸਦਾ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਜਨਤਾ ਦੀ ਵਿਆਪਕ ਸੁਰੱਖਿਆ ਦੀ ਨਜ਼ਰ ਤੋਂ ਕਲਿਆਣਕਾਰੀ ਵੀ ਸਮਝਿਆ ਜਾਵੇਗਾ। ਅਜਿਹੇ ਵਿਚ ਜੇਕਰ ਮੋਨਿਕਾ ਨੂੰ ਗਾਲੀ-ਗਲੋਚ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਇਸ ਤੋਂ ਨਿਰਉਤਸ਼ਾਹਿਤ ਹੋਣ ਦੀ ਲੋੜ ਨਹੀਂ। ਸਾਨੂੰ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਹੀ ਇਸ ਢੰਗ ਨਾਲ ਦਿੱਤੀ ਜਾਂਦੀ ਹੈ ਕਿ ਅਸੀਂ ਇਨ੍ਹਾਂ ਗੱਲਾਂ ਨਾਲ ਨਜਿੱਠ ਸਕਦੇ ਹਾਂ। ਬੀਤੇ ਜ਼ਮਾਨੇ ਵਿਚ ਲੋਕ ਸਾਨੂੰ ਮੂੰਹ ‘ਤੇ ਬੁਰਾ-ਭਲਾ ਕਹਿੰਦੇ ਸਨ ਅਤੇ ਹੁਣ ਇਹੀ ਕੰਮ ਇੰਟਰਨੈੱਟ ‘ਤੇ ਹੋ ਰਿਹਾ ਹੈ।
ਮੈਂ ਆਪਣੀ ਇਸ ਨੌਜਵਾਨ ਦੋਸਤ ਨੂੰ ਸ਼ਾਬਾਸ਼ ਦਿੰਦੀ ਹਾਂ। ਉਹ ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਸੰਵਾਦ ਰਚਾਈ ਰੱਖੇ। ਦਾਦਾਗਿਰੀ ਕਰਨ ਵਾਲੇ ਲੋਕਾਂ ਤੋਂ ਨਾ ਘਬਰਾਏ। ਯਾਦ ਰੱਖੋ ਕਿ ਤੁਹਾਡੀ ਸ਼ਲਾਘਾ ਕਰਨ ਵਾਲੇ ਲੋਕਾਂ ਦੀ ਵੀ ਕਮੀ ਨਹੀਂ। ਮੈਨੂੰ ਉਮੀਦ ਹੈ ਕਿ ਤੁਹਾਡਾ ਵਿਭਾਗ ਵੀ ਤੁਹਾਡੇ ਕੰਮਾਂ ਦੀ ਸ਼ਲਾਘਾ ਕਰਦਾ ਹੈ। ਤੁਸੀਂ ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਰੋਕ ਲਗਾ ਦਿੱਤੀ ਅਤੇ ਸ਼ਾਂਤੀ ਭੰਗ ਕਰਨ ਦੇ ਯਤਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਤੁਸੀਂ ਆਪਣਾ ਫਰਜ਼ ਬਹੁਤ ਚੰਗੀ ਤਰ੍ਹਾਂ ਅਦਾ ਕੀਤਾ ਹੈ। ਤੁਸੀਂ ਨਵੀਂ ਪੀੜ੍ਹੀ ਦੀ ਟੈਕਨਾਲੋਜੀ ਪ੍ਰੇਮੀ ਅਤੇ ਸੰਵਾਦ ਰਚਾਉਣ ਵਾਲੀ ਪੁਲਿਸ ਅਫਸਰ ਹੋ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਕ ਔਰਤ ਹੋ।

RELATED ARTICLES
POPULAR POSTS