ਬਰੈਂਪਟਨ/ਬਿਊਰੋ ਨਿਊਜ਼ : ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 16 ਨਵੰਬਰ ਨੂੰ ਗਦਰ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਮੈਂਬਰਾਂ ਨੇ ਅਜ਼ਾਦੀ ਦੇ ਪਰਵਾਨੇ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ ਗਿੱਲ ਵਾਲੀ, ਜਗਤ ਸਿੰਘ ਸੁਰ ਸਿੰਘ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿੱਲ ਵਾਲੀ ਅਤੇ ਸੁਰੈਣ ਸਿੰਘ ਪੁੱਤਰ ਬੂੜ ਸਿੰਘ ਗਿੱਲ ਵਾਲੀ ਜਿਨ੍ਹਾਂ ਨੂੰ ਅੰਗਰੇਜ਼ੀ ਸਾਮਰਾਜ ਵਲੋਂ 16 ਨਵੰਬਰ 1915 ਨੂੰ ਲਹੌਰ ਜੇਲ੍ਹ ਵਿੱਚ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਰਮਜੀਤ ਬੜਿੰਗ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ ਕਿ ਅਸੀਂ ਸਾਡੇ ਸ਼ਹੀਦਾ ਨੂੰ ਕਦੇ ਵੀ ਨਹੀਂ ਭੁਲਾ ਸਕਦੇ ਅਤੇ ਉਹਨਾਂ ਦੀ ਯਾਦ ਵਿੱਚ ਅਜਿਹੇ ਸਮਾਗਮ ਜ਼ਰੂਰੀ ਹਨ। ਬੁਲਾਰਿਆਂ ਵਿੱਚ ਪ੍ਰੋ: ਬਲਵੰਤ ਸਿੰਘ ਨੇ ਇਤਿਹਾਸਕ ਹਵਾਲੇ ਦਿੰਦਿਆਂ ਕਿਹਾ ਕਿ ਗੱਦੀਆਂ ਦੇ ਲੋਭੀ ਹੁਕਮਰਾਨ ਸਜਾ ਹੋਣ ਤੇ ਥਰ ਥਰ ਕੰਬਦੇ ਹਨ ਤੇ ਉਹ ਸੁੰਨ ਹੋ ਜਾਂਦੇ ਹਨ ਉੱਥੇ ਸਰਾਭਾ ਨੇ ਖਿੜੇ ਮੱਥੇ ਦੇਸ਼ ਦੀ ਖਾਤਰ ਫਾਂਸੀ ਦਾ ਰੱਸਾ ਚੁਮਿੰਆ। ਐਚ ਐਸ ਮਿਨਹਾਸ ਨੇ ਸਰਾਭਾ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਦੀ ਬਹਾਦਰੀ ਅਤੇ ਦਲੇਰੀ ਦੀ ਗੱਲ ਕੀਤੀ। ਇਸੇ ਤਰ੍ਹਾਂ ਅਵਤਾਰ ਸਿੰਘ ਬੈਂਸ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ ਅੱਜ ਵੀ ਲੋਕ ਵਿਤਕਰੇ ਦਾ ਸ਼ਿਕਾਰ ਹਨ। ਨਿਰਮਲਾ ਪਰਾਸ਼ਰ ਨੇ ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਦੇਣਾ ਗੀਤ ਨਾਲ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਬੱਗਾ ਸਿੰਘ ਨਾਗਰਾ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।
ਹਰਜੀਤ ਸਿੰਘ ਬੇਦੀ ਨੇ ਲੱਗਪੱਗ ਅੱਧੇ ਘੰਟੇ ਦੇ ਇੱਕ ਪਾਤਰੀ ਨਾਟਕ ਰਾਹੀ੍ਹ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ, ਉਸਦੇ ਸੁਪਨਿਆਂ ਦੀ ਗੱਲ ਕਰਦੇ ਹੋਏ ਮੌਜੂਦਾ ਸਮੇਂ ਵਿੱਚ ਆਜ਼ਾਦ ਕਹਾਉਂਦੇ ਭਾਰਤ ਦੇ ਲੋਕਾਂ ਦੀ ਬਦਤਰ ਹਾਲਤ ਦੀ ਗੱਲ ਕਰਦੇ ਹੋਏ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ ਜਿਸ ਨਾਲ ਸਾਡੇ ਲੋਕ ਬਿਨਾਂ ਕਿਸੇ ਵਿਤਕਰੇ, ਡਰ, ਧਰਮਾਂ ਤੇ ਅਧਾਰਤ ਦੁਫੇੜ ਅਤੇ ਦੰਗਾ ਰਹਿਤ ਅਤੇ ਲੁੱਟ ਖੋਹ ਤੋਂ ਨਿਜਾਤ ਪਾਕੇ ਇਨਸਾਨਾ ਵਾਲੀ ਜਿੰਦਗੀ ਜੀਅ ਸਕਣ।
ਪਰਮਜੀਤ ਬੜਿੰਗ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਹੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਾਭਾ ਤਾਂ ਇੱਕ ਖੁਸ਼ਹਾਲ ਪਰਿਵਾਰ ਦਾ ਬੱਚਾ ਸੀ ਜਿਸਦਾ ਆਪਣੇ ਲੋਕਾਂ ਨਾਲ, ਆਪਣੀ ਧਰਤੀ ਨਾਲ ਸਿਰੇ ਦਾ ਪਿਆਰ ਸੀ ਤੇ ਉਹ ਭਾਰਤ ਨੂੰ ਅਜ਼ਾਦ ਕਰਾਉਣ ਲਈ ਅਮਰੀਕਾ ਛੱਡ ਕੇ ਵਾਪਸ ਮੁੜ ਗਿਆ। ਪਰ ਅੱਜ ਜੋ ਬੱਚੇ ਪੜ੍ਹਨ ਲਈ ਆਉਂਦੇ ਹਨ ਨਾ ਤਾਂ ਉਹਨਾਂ ਨੂੰ ਪੜ੍ਹਾਈ ਦਾ ਫਿਕਰ ਤੇ ਨਾ ਹੀ ਦੇਸ਼ ਜਾਂ ਮਾਂ ਪਿਉ ਦਾ ਫਿਕਰ ਹੈ। ਉਹ ਹੋਰ ਹੀ ਹਵਾਵਾਂ ਵਿੱਚ ਵਿਚਰਦੇ ਹਨ। ਉਹਨਾਂ ਮਲਵਿੰਦਰ ਸਿੰਘ ਵੜੈਚ ਦੀ ਪੁਤਕ ਦਾ ਹਵਾਲਾ ਦੇ ਕੇ ਦੱਸਿਆ ਕਿ ਅੰਗਰੇਜ਼ੀ ਸਰਕਾਰ ਦੇ ਰਿਕਾਰਡ ਵਿੱਚ ਸਰਾਭੇ ਅਤੇ ਸਾਥੀਆਂ ਦਾ ਨਾਂ ਇਨਕਲਾਬੀ ਤੇ ਤੌਰ ‘ਤੇ ਦਰਜ ਹੈ ਜਦੋਂ ਕਿ ਸਾਡੇ ਆਪਣਿਆਂ ਵਲੋਂ ਨਿਕਲਦੇ ਪਰਚੇ ਵਿੱਚ ਸਰਾਭੇ ਅਤੇ ਸਾਥੀਆਂ ਨੂੰ ਚੋਰ, ਲੁਟੇਰੇ ਤੇ ਕਾਤਲ ਲਿਖਿਆ ਗਿਆ। ਸਰਾਭਾ ਤੇ ਉਸਦੇ ਸਾਥੀ ਅਸਲ ਇਨਕਲਾਬੀ ਸਨ ਜਿਨ੍ਹਾਂ ਅਜ਼ਾਦੀ ਦੀ ਜੰਗ ਲੜੀ। ਅੰਤ ਵਿੱਚ ਸਟੇਜ ਵਲੋਂ ਹਾਜ਼ਰ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਹਾਜ਼ਰੀਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਲੇਖਕ ਹਰਜੀਤ ਦਿਓਲ ਅਤੇ ਕਾਊਂਸਲਰ ਪੈਟ ਫੋਰਟੀਨੀ ਹਾਜ਼ਰ ਸਨ। ਚਾਹ ਪਾਣੀ ਦੀ ਸੇਵਾ ਦੀ ਜਿੰਮੇਵਾਰੀ ਮਹਿੰਦਰ ਕੌਰ ਪੱਡਾ, ਸ਼ਿਵਦੇਵ ਸਿੰਘ ਰਾਏ, ਬਲਵੀਰ ਕੌਰ ਬੜਿੰਗ, ਇੰਦਰਜੀਤ ਸਿੰਘ ਗਰੇਵਾਲ, ਬਲਜੀਤ ਕੌਰ ਸੇਖੋਂ ਅਤੇ ਜੋਗਿੰਦਰ ਪੱਡਾ ਨੇ ਨਿਭਾਈ।