Breaking News
Home / ਪੰਜਾਬ / ਬੈਂਸ ਭਰਾਵਾਂ ਨੇ ਗੰਨੇ ਦੀ ਅਦਾਇਗੀ ਨਾ ਕਰਨ ‘ਤੇ ਵਾਕਆਊਟ ਕੀਤਾ

ਬੈਂਸ ਭਰਾਵਾਂ ਨੇ ਗੰਨੇ ਦੀ ਅਦਾਇਗੀ ਨਾ ਕਰਨ ‘ਤੇ ਵਾਕਆਊਟ ਕੀਤਾ

ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸਰਕਾਰ ਨੂੰ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਨਾ ਕਰਨ ਦੇ ਮੁੱਦੇ ਉਪਰ ਘੇਰਿਆ। ਪਹਿਲਾਂ ਵਿਧਾਇਕ ਫਤਿਹਜੰਗ ਬਾਜਵਾ ਦੇ ਇਸੇ ਮੁੱਦੇ ਉਪਰ ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਵਿਚ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਦਿੱਤੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਬੈਂਸ ਭਰਾਵਾਂ ਨੇ ਆਪਣੇ ਬੈਂਚਾਂ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਇਸ ਸਬੰਧ ਵਿਚ ਆਪਣੇ ਨਾਲ ਲੈ ਕੇ ਆਏ ਮਾਟੋ ਹੱਥਾਂ ਵਿਚ ਫੜ ਲਏ। ਫਿਰ ਦੋਵੇਂ ਭਰਾ ਵੈੱਲ ਵਿਚ ਚਲੇ ਗਏ ਅਤੇ ਫਿਰ ਸਦਨ ਵਿਚੋਂ ਵਾਕਆਊਟ ਕਰ ਦਿੱਤਾ।
ਜਵਾਬ ਅੰਗਰੇਜ਼ੀ ‘ਚ ਕਿਉਂ?
ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ‘ਚ ਅੰਗਰੇਜ਼ੀ ਜਾਂ ਪੰਜਾਬੀ ‘ਚ ਭਾਸ਼ਣ ਦੇਣ ਨੂੰ ਲੈ ਕੇ ਕਾਫ਼ੀ ਕੁਝ ਸਾਹਮਣੇ ਆ ਰਿਹਾ ਹੈ। ਪੰਜਾਬੀ ‘ਚ ਪੁੱਛੇ ਗਏ ਵਿਧਾਇਕਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਜਦੋਂ ਕੋਈ ਮੰਤਰੀ ਅੰਗਰੇਜ਼ੀ ‘ਚ ਦਿੰਦਾ ਹੈ ਤਾਂ ਇਸ ਨਾਲ ਵਿਧਾਇਕ ਨਰਾਜ਼ ਹੋ ਜਾਂਦੇ ਹਨ। ਕਈ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਗਰੇਜ਼ੀ ਇੰਨੀ ਜ਼ਿਆਦਾ ਸਮਝ ਨਹੀਂ ਆਉਂਦੀ ਕਿਉਂਕਿ ਉਹ ਸਵਾਲ ਦਾ ਜਵਾਬ ਸਮਝ ਸਕਣ। ਅਜਿਹੇ ‘ਚ ਮੰਤਰੀਆਂ ਨੂੰ ਪੰਜਾਬੀ ‘ਚ ਹੀ ਜਵਾਬ ਦੇਣਾ ਚਾਹੀਦਾ ਹੈ। ਵੈਸੇ ਵੀ ਪੰਜਾਬੀ ਹੀ ਪੰਜਾਬ ਦੀ ਮਾਤ ਭਾਸ਼ਾ ਹੈ। ਪੰਜਾਬ ਵਿਧਾਨ ਸਭਾ ‘ਚ ਇਸ ਵਾਰ ਮੰਤਰੀਆਂ ਵੱਲੋਂ ਅੰਗਰੇਜ਼ੀ ‘ਚ ਸਵਾਲਾਂ ਦੇ ਜਵਾਬ ਦੇਣ ਨੂੰ ਲੈ ਕੇ ਵਿਧਾਇਕ ਕਾਫ਼ੀ ਨਰਾਜ਼ ਨਜ਼ਰ ਆਏ।
ਵਿਰੋਧੀ ਧਿਰ ਦੀ ਕੁਰਸੀ
ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ, ਪ੍ਰੰਤੂ ਸਪੀਕਰ ਨੇ ਮਨਜ਼ੂਰ ਨਹੀਂ ਕੀਤੇ, ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਕਰਨ ਦੇ ਲਈ ਅਕਾਲੀ ਦਲ ਦੇ ਵਿਧਾਇਕ ਸਪੀਕਰ ‘ਤੇ ਦਬਾਅ ਬਣਾਉਣ ‘ਚ ਲੱਗੇ ਹੋਏ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਉਨ੍ਹਾਂ ਦੀ ਨਜ਼ਰ ਵਿਰੋਧੀ ਧਿਰ ਦੀ ਕੁਰਸੀ ਦੀ ਕੁਰਸੀ ‘ਤੇ ਹੈ। ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਘੱਟ ਹੋਣ ‘ਤੇ ਅਕਾਲੀ ਦਲ ਇਸ ਦਾ ਹੱਕਦਾਰ ਹੋਵੇਗਾ। ਇਸ ਸਮੇਂ ਐਚ ਐਸ ਫੂਲਕਾ ਦਾ ਅਹੁਦੇ ਤੋਂ ਅਸਤੀਫ਼ਾ ਅਤੇ ਸੁਖਪਾਲ ਖਹਿਰਾ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ। ਪ੍ਰੰਤੂ ਐਚ ਐਸ ਫੂਲਕਾ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ 6 ਬਾਗੀ ਵਿਧਾਇਕ ਵੀ ਖਹਿਰਾ ਦੇ ਨਾਲ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦ ਹੈ ਕਿ ਖਹਿਰਾ ਦੇ ਜਾਂਦੇ ਹੀ ਇਹ 6 ਬਾਗੀ ਵਿਧਾਇਕ ਵੀ ਆਮ ਆਦਮੀ ਪਾਰਟੀ ਨੂੰ ਛੱਡ ਦੇਣਗੇ।
ਤਬਾਦਲਾ ਹੋ ਗਿਆ
ਪ੍ਰਸ਼ਾਸਨਿਕ ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਅਕਸਰ ਅੱਧੀ ਰਾਤ ਨੂੰ ਹੀ ਜਾਰੀ ਹੁੰਦੇ ਹਨ। ਅਜਿਹੇ ‘ਚ ਜਿਨ੍ਹਾਂ ਅਫ਼ਸਰਾਂ ਦੇ ਤਬਾਦਲੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਇਸ ਬਾਰੇ ਅਗਲੇ ਦਿਨ ਅਖ਼ਬਾਰਾਂ ਤੋਂ ਹੀ ਪਤਾ ਲਗਦਾ ਹੈ। ਤਬਾਦਲੇ ਦੇ ਹੁਕਮ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਅਗਲੀ ਥਾਂ 24 ਘੰਟੇ ‘ਚ ਹੀ ਜੁਆਇਨ ਕਰਨਾ ਹੈ। ਅਫ਼ਸਰਾਂ ਦਾ ਕਹਿਣਾ ਹੈ ਕਿ ਤਬਾਦਲੇ ਕਰਨੇ ਹੀ ਹਨ ਤਾਂ ਇਹ ਹੁਕਮ ਇਕ ਦਿਨ ਪਹਿਲਾਂ ਜਾਂ ਦੁਪਹਿਰ ਨੂੰ ਜਾਰੀ ਕ ਦਿੱਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਤਿਆਰੀ ਦਾ ਮੌਕਾ ਮਿਲ ਜਾਵੇ। ਅੱਧੀ ਰਾਤ ਨੂੰ ਤਬਾਦਲਿਆਂ ਦੇ ਹੁਕਮ ਜਾਰੀ ਕਰਨ ਦੀ ਗੱਲ ਸਮਝ ਨਹੀਂ ਆਉਂਦੀ।

Check Also

ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ

ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …