Breaking News
Home / ਭਾਰਤ / ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕੰਪਨੀ ਦਾ ਸੀਈਓ ਸੀਪੀ ਅਰੋੜਾ ਗ੍ਰਿਫ਼ਤਾਰ

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕੰਪਨੀ ਦਾ ਸੀਈਓ ਸੀਪੀ ਅਰੋੜਾ ਗ੍ਰਿਫ਼ਤਾਰ

24 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ
ਪੰਚਕੂਲਾ/ਬਿਊਰੋ ਨਿਊਜ਼ : ਪੁਲਿਸ ਨੇ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਥੇ ਭੜਕੀ ਹਿੰਸਾ ਦੇ ਸਬੰਧ ਵਿੱਚ ਡੇਰਾ ਮੁਖੀ ਦੀ ਇਕ ਕੰਪਨੀ ਦੇ ਸੀਈਓ ઠਸੀ.ਪੀ. ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ ਨਾਲ ਹੀ ਲੰਘੇ ਦਿਨ ਬਠਿੰਡਾ ਆਧਾਰਿਤ ਇਕ ਔਰਤ ਤੇ ਉਸ ਦੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਮਾਂ-ਪੁੱਤ ਉਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕਦੀ ਫਿਰਦੀ ਰਹੀ ਹਨੀਪ੍ਰੀਤ ਨੂੰ ਸ਼ਰਨ ਦੇਣ ਦਾ ਦੋਸ਼ ਹੈ। ਇਸੇ ਦੌਰਾਨ ਸੀ.ਪੀ. ਅਰੋੜਾ ਨੂੰ 24 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ઠਫੜੇ ਗਏ ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ਲਾਲ ਸਿੰਘ ਨੂੰ ਛੇ ਦਿਨ ਅਤੇ ਗੋਪਾਲ ਬਾਂਸਲ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਦੱਸਿਆ ਕਿ ਡੇਰਾ ਮੁਖੀ ਦੀ ਕੰਪਨੀ ਐਮਐਸਜੀ ਆਲ ਇੰਡੀਆ ਟਰੇਡਿੰਗ ਇੰਟਰਨੈਸ਼ਨਲ ਪ੍ਰਾ.ਲਿਮ ਦੇ ਸੀਈਓ ਸੀ.ਪੀ. ਅਰੋੜਾ ਨੂੰ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪਿਛਲੇ ਦਿਨ ਪੰਚਕੂਲਾ ਤੋਂ ਹਿਰਾਸਤ ਵਿੱਚ ਲਿਆ। ਚਾਵਲਾ ਨੇ ਕਿਹਾ, ”ਪੰਚਕੂਲਾ ਹਿੰਸਾ ਵਿੱਚ ਉਸ ਦੀ ਸ਼ਮੂਲੀਅਤ ਬਾਰੇ ਸਾਡੇઠਕੋਲ ਉਸ ਖ਼ਿਲਾਫ਼ ਢੁਕਵੇਂ ਸਬੂਤ ਹਨ।” ਇਹ ਕੰਪਨੀ ਖ਼ੁਰਾਕੀ ਤੇ ਹੋਰ ਵਸਤਾਂ ਦਾ ਕਾਰੋਬਾਰ ਕਰਦੀ ਹੈ, ਜਿਸ ਨੇ ਲੰਘੇ ਸਾਲ ਆਪਣੇ ઠਬਰਾਂਡ ਤਹਿਤ ਬਾਸਮਤੀ ਚੌਲ, ਚਾਹ, ਦਾਲਾਂ ਤੇ ਬਿਸਕੁਟ ਆਦਿ ਲਾਂਚ ਕੀਤੇ ਸਨ। ਲਾਂਚ ਕਰਨ ਦੀ ਰਸਮ ਰਾਮ ਰਹੀਮ ਨੇ ਨਿਭਾਈ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਆਧਾਰਤ ਸ਼ਰਨਜੀਤ ਕੌਰ ਤੇ ਉਸ ਦੇ ਲੜਕੇ ਗੁਰਮੀਤ ਸਿੰਘ ਨੂੰ ਪੁਲਿਸ ਨੇ ਪੰਜਾਬ ਦੇ ਜੰਗੀਰਾਣਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਸੀ।
ਆਰਥਿਕ ਪੱਖੋਂ ਰਾਣਾ ਗੁਰਜੀਤ ਦੂਜਾ ਰਾਮ ਰਹੀਮ : ਖਹਿਰਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀ ਤੁਲਨਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਆਰਥਿਕ ਪੱਖੋਂ ਦੂਜਾ ਰਾਮ ਰਹੀਮ ਹੈ। ਖਹਿਰਾ ਨੇ ਇਲਜ਼ਾਮ ਲਾਇਆ ਕਿ ਰਾਣਾ ਗੁਰਜੀਤ ਨੇ ਪਤਾ ਨਹੀਂ ਕਿੰਨੀਆਂ ਹੀ ਕੰਪਨੀਆਂ ਨਾਲ ਗੰਢ-ਤੁੱਪ ਕਰਕੇ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਆਪਣਾ ਮੁਨਾਫਾ ਕਮਾਇਆ ਹੈ। ਖਹਿਰਾ ਨੇ ਕਿਹਾ ਕਿ ਆਰਜੇ ਟੈਕਸ ਫੈਬ ਨਾਂ ਦੀ ਰਾਣਾ ਗੁਰਜੀਤ ਦੀ ਘਰੇਲੂ ਟੈਕਸ ਕੰਪਨੀ ਨੇ ਖੱਡਾਂ ਦੀ ਨਿਲਾਮੀ ‘ਚ ਸਾਢੇ ਕਰੋੜ ਰੁਪਏ ਲਗਾਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਆਪਣੇ ਦਾਗੀ ਮੰਤਰੀ ਨੂੰ ਕੈਬਨਿਟ ‘ਚੋਂ ਕੱਢਣ। ਖਹਿਰਾ ਨੇ ਕਿਹਾ ਕਿ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ‘ਚ ਕਾਂਗਰਸੀਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।
ਹਨੀਪ੍ਰੀਤ ਨੂੰ ਸ਼ਰਨ ਦੇਣ ਵਾਲੇ ਸ਼ਰਨਜੀਤ ਕੌਰ ਤੇ ਗੁਰਮੀਤ ਸਿੰਘ ਗ੍ਰਿਫਤਾਰ
ਬਠਿੰਡਾ : ਪੰਚਕੂਲਾ ਪੁਲਿਸ ਨੇ ਬਠਿੰਡਾ ਦੇ ਪਿੰਡ ਜੰਗੀਰਾਣਾ ਦੀ ਸ਼ਰਨਜੀਤ ਕੌਰ ਤੇ ਗੁਰਮੀਤ ਸਿੰਘ ਨੂੰ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੂੰ ਸ਼ਰਨ ਦੇਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 216 ਤਹਿਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 38 ਦਿਨਾਂ ਤੱਕ ਗਾਇਬ ਰਹਿਣ ਵਾਲੀ ਹਨੀਪ੍ਰੀਤ ਨੇ ਇਨ੍ਹਾਂ ਦੇ ਘਰ ਵਿੱਚ ਹੀ ਸ਼ਰਨ ਲਈ ਸੀ। ਕੁਝ ਦਿਨ ਪਹਿਲਾਂ ਪੁਲਿਸ ਨੇ ਇਨ੍ਹਾਂ ਦੇ ਘਰ ਦੀ ਹਨੀਪ੍ਰੀਤ ਤੋਂ ਨਿਸ਼ਾਨਦੇਹੀ ਵੀ ਕਰਵਾਈ ਸੀ ਤੇ ਤਲਾਸ਼ੀ ਵੀ ਲਈ ਸੀ। ਇਸ ਤੋਂ ਇਲਾਵਾ ਪੰਚਕੂਲਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਗੋਪਾਲ ਬਾਂਸਲ ਨੂੰ ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਸਾਨੂੰ ਦੇਸ਼ ਦੀਆਂ ਵਿਰਾਸਤਾਂ ‘ਤੇ ਮਾਣ ਕਰਨਾ ਚਾਹੀਦੈ : ਮੋਦੀ
ਨਵੀਂ ਦਿੱਲੀ : ਤਾਜ ਮਹੱਲ ਨੂੰ ਲੈ ਕੇ ਭਾਜਪਾ ਵਿਧਾਇਕ ਸੰਗੀਤ ਸੋਮ ਪ੍ਰਕਾਸ਼ ਦੇ ਬਿਆਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਮਾਰਕਾਂ ‘ਤੇ ਮਾਣ ਕਰਨ ਦੀ ਗੱਲ ਆਖੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਹਾ ਕਿ ਆਪਣੇ ਦੇਸ਼ ਦੇ ਧਰੋਹਰਾਂ ‘ਤੇ ਮਾਣ ਕੀਤੇ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਅੱਗੇ ਨਹੀਂ ਵਧ ਸਕਦਾ ਜੇਕਰ ਉਹ ਆਪਣੀ ਸਮਾਰਕਾਂ ਨੂੰ ਭੁੱਲ ਜਾਵੇ। ਮੋਦੀ ਦੇ ਇਸ ਬਿਆਨ ਨੂੰ ਤਾਜ ਮਹੱਲ ਬਾਰੇ ਸ਼ੁਰੂ ਹੋਏ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਚੇਤੇ ਰਹੇ ਕਿ ਮੇਰਠ ਦੇ ਸਰਧਨਾ ਤੋਂ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਸੀ ਕਿ ਤਾਜ ਮਹੱਲ ਗੱਦਾਰਾਂ ਨੇ ਬਣਾਇਆ ਸੀ, ਜੋ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

 

 

Check Also

ਸੁਪਰੀਮ ਕੋਰਟ ਨੇ ਕਰੋਨਾ ਵੈਕਸੀਨ ਦੇ ਸਾਈਡ ਇਫੈਕਟਾਂ ਦੇ ਆਰੋਪਾਂ ਵਾਲੀ ਪਟੀਸ਼ਨ ਕੀਤੀ ਖਾਰਜ

ਕਿਹਾ : ਜੇਕਰ ਕਰੋਨਾ ਵੈਕਸੀਨ ਨਾ ਲੈਂਦੇ ਤਾਂ ਸਾਡਾ ਕੀ ਹਾਲ ਹੁੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ …