Breaking News
Home / ਕੈਨੇਡਾ / ‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ ਤੇ ਸਨਮਾਨ

‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ ਤੇ ਸਨਮਾਨ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 9 ਜੁਲਾਈ ਨੂੰ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਆਸਟ੍ਰੇਲੀਆ ਤੋਂ ਆਏ ਮਨਜੀਤ ਸਿੰਘ ਬੋਪਾਰਾਏ ਨਾਲ 2565 ਸਟੀਲਜ਼ ਐਵੀਨਿਊ (ਈਸਟ) ਸਥਿਤ ‘ਗਿੱਲ ਢਿੱਲੋਂ ਲਾਅ ਫ਼ਰਮ’ ਦੇ ਮੀਟਿੰਗ ਹਾਲ ਵਿਚ ਦਿਲਚਸਪ ਰੂ-ਬ-ਰੂ ਰਚਾਇਆ ਗਿਆ। ਸਮਾਗ਼ਮ ਦੀ ਸ਼ੁਰੂਆਤ ਸੰਨੀ ਸ਼ਿਵਰਾਜ ਵੱਲੋਂ ਗਾਈ ਗਈ ਖ਼ੂਬਸੂਰਤ ਗ਼ਜ਼ਲ ਨਾਲ ਕੀਤੀ ਗਈ ਅਤੇ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਮਨਜੀਤ ਬੋਪਾਰਾਏ ਬਾਰੇ ਸੰਖੇਪ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਬਾਰੇ ਵਿਸਥਾਰ ਵਿਚ ਕਹਿਣ ਲਈ ਕਿਹਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਬੋਪਾਰਾਏ ਹੋਰਾਂ ਦੇ ਨਾਲ ਪੰਜਾਬੀ ਕਮਿਊਨਿਟੀ ਦੀ ਮਾਣਯੋਗ ਸ਼ਖਸੀਅਤ ਅਵਤਾਰ ਸਿੰਘ ਬੈਂਸ ਅਤੇ ਸਭਾ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਝੰਡ ਸ਼ਾਮਲ ਸਨ।
ਮਨਜੀਤ ਸਿੰਘ ਬੋਪਾਰਾਏ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ 29 ਸਾਲ ਪਹਿਲਾਂ 1988 ਵਿਚ ਆਸਟ੍ਰੇਲੀਆ ਦੇ ਸ਼ਹਿਰ ਬਰਿਸਬੇਨ ਚਲੇ ਗਏ ਅਤੇ ਉਦੋਂ ਉੱਥੇ ਵਿਰਲੇ-ਵਿਰਲੇ ਹੀ ਪੰਜਾਬੀ ਸਨ। ਰੋਜ਼ੀ-ਰੋਟੀ ਲਈ ਕੰਮ ਦੇ ਨਾਲ ਨਾਲ ਪੜ੍ਹਨ ਲਿਖਣ ਦਾ ਸ਼ੌਕ ਬਰਕਰਾਰ ਰਿਹਾ। ਇਸ ਦੇ ਨਾਲ ਹੀ ਜੋਤਿਸ਼ ਬਾਰੇ ਗਿਆਨ ਪ੍ਰਾਪਤ ਕਰਨ ਦੀ ਦਿਲਚਸਪੀ ਜਾਗੀ ਅਤੇ ਇਸ ਦੇ ਬਾਰੇ ਕਈ ਪੁਸਤਕਾਂ ਪੜ੍ਹੀਆਂ ਤੇ ਕਈ ਦੋਸਤਾਂ-ਮਿੱਤਰਾਂ ਦੀਆਂ ਹੱਥ-ਰੇਖਾਵਾਂ ਦੀ ਜਾਂਚ ਕੀਤੀ। ਕਈ ਸਾਲਾਂ ਦੇ ਤਜਰਬੇ ਤੋਂ ਬਾਅਦ ਉਹ ਇਸ ਸਿੱਟੇ ‘ਤੇ ਪਹੁੰਚੇ ਕਿ ਜੋਤਿਸ਼ ਵਿਗਿਆਨ ਨਹੀਂ, ਸਗੋਂ ਇਹ ‘ਅਟਕਲ-ਪੱਚੂ’ ਤੇ ‘ਤੀਰ-ਤੁੱਕਾ’ ਹੈ ਅਤੇ ਬਹੁਤ ਸਾਰੇ ਨਿੱਜੀ ਅਧਿਐਨ ਤੋਂ ਬਾਅਦ ਹੁਣ ਇਸ ਦੇ ਬਾਰੇ ਉਨ੍ਹਾਂ ਨੇ ਪੁਸਤਕ ‘ਜੋਤਿਸ਼ ਝੂਠ ਬੋਲਦਾ ਹੈ’ ਪੁਸਤਕ ਲਿਖੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਕਵਿਤਾਵਾਂ ਦੀ ਕਿਤਾਬ ‘ਮੁੱਠੀ ਭਰ ਸਵਾਹ’ ਛਪ ਚੁੱਕੀ ਹੈ ਅਤੇ ‘ਇੰਟਰਨੈਸ਼ਨਲ ਐੱਨਥਮ’ ਵਜੋਂ ‘ਫੈਲ ਫੈਲ ਓਏ ਪੰਜਾਬਾ’ ਗੀਤ ਐਲਬਮ ਵੀ ਜਾਰੀ ਹੋ ਚੁੱਕੀ ਹੈ ਜਿਸ ਵਿਚ ਉਨ੍ਹਾਂ ‘ਪੰਜਾਂ ਦਰਿਆਵਾਂ’ ਦੇ ਪੰਜਾਬ ਦੀ ਬਜਾਏ ‘ਪੰਜਾਂ ਸਮੁੰਦਰਾਂ’ ਦੇ ਦੇਸ਼ਾਂ ਵਿਚ ਫੈਲੇ ਹੋਏ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਅਤੇ ਇਸ ਨੂੰ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ ਹੈ। ਉਨ੍ਹਾਂ ਇਹ ਗੀਤ  ਗਾ ਕੇ ਵੀ ਸੁਣਾਇਆ। ਉਨ੍ਹਾਂ ਹੋਰ ਦੱਸਿਆ ਕਿ ਉਹ ਆਸਟ੍ਰੇਲੀਆ ਵਿਚ ਕਬੱਡੀ ਤੇ ਹੋਰ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਅਕਸਰ ਉਤਸ਼ਾਹਿਤ ਕਰਦੇ ਰਹਿੰਦੇ ਹਨ। ਉਹ ਇਸ ਸਮੇਂ ਉੱਥੇ ਚੱਲ ਰਹੀਆਂ 57 ਵੱਖ-ਵੱਖ ਕਲੱਬਾਂ ਦੇ ਮੈਂਬਰ ਹਨ ਅਤੇ ਉੱਥੇ ‘ਪੰਜਾਬੀ ਭਵਨ’ ਸਥਾਪਿਤ ਕਰਨ ਲਈ ਯਤਨਸ਼ੀਲ ਹਨ।
ਇਸ ਦੇ ਨਾਲ ਹੀ ਉਹ ਉੱਥੇ ਕੌਮੀ ਪੱਧਰ ਦਾ ਹਫ਼ਤਾਵਾਰੀ ਅਖ਼ਬਾਰ ਵੀ ਚਲਾ ਰਹੇ ਹਨ। ਇੱਕ ਗੱਲ ਉਨ੍ਹਾਂ ਹੋਰ ਵੀ ਦੱਸੀ ਕਿ ਕਈ ਸਾਲ ਪਹਿਲਾਂ ਉੱਥੇ ਪਹੁੰਚੇ ਇਕ ਵਿਦਿਆਰਥੀ ਦੀ ਬਦਕਿਸਮਤੀ ਨਾਲ ਮੌਤ ਹੋ ਜਾਣ ‘ਤੇ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਪਹੁੰਚਾਉਣ ਦੀ ਜ਼ਿਮੇਂਵਾਰੀ ਉਨ੍ਹਾਂ ਆਪਣੇ ਸਾਥੀਆਂ ਨਾਲ ਨਿਭਾਈ ਅਤੇ ਉਸ ਤੋਂ ਬਾਅਦ ਹੁਣ ਤੱਕ 33 ਮ੍ਰਿਤਕ ਦੇਹਾਂ ਅੰਤਮ ਰਸਮਾਂ ਲਈ ਭਾਰਤ ਪਹੁੰਚਾ ਚੁੱਕੇ ਹਨ।
ਉਨ੍ਹਾਂ ਹਾਜ਼ਰੀਨ ਵੱਲੋਂ ਉਠਾਏ ਗਏ ਕਈ ਸੁਆਲਾਂ ਦੇ ਜੁਆਬ ਵਿਸਥਾਰ ਪੂਰਵਕ ਦਿੱਤੇ। ਇਸ ਤਰ੍ਹਾਂ ਮਨਜੀਤ ਬੋਪਾਰਾਏ ਆਸਟ੍ਰੇਲੀਆ ਵਿਚ ਇਕ ਵਿਅੱਕਤੀ ਨਹੀਂ ਸਗੋਂ ਇੱਕ ਸੰਸਥਾ ਵਾਂਗ ਵਿਚਰ ਰਹੇ ਹਨ। ਸਭਾ ਵੱਲੋਂ ਉਨ੍ਹਾਂ ਨੂੰ ਇਕ ਲੋਈ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨ ਅਜਾਇਬ ਸਿੰਘ ਸੰਘਾ, ਪਰਮਜੀਤ ਸਿੰਘ ਗਿੱਲ, ਪ੍ਰੋ. ਆਸ਼ਿਕ ਰਹੀਲ, ਹਰਜਸਪ੍ਰੀਤ ਗਿੱਲ, ਸੁਰਿੰਦਰ ਸਿੰਘ ਤੇ ਬਲਰਾਜ ਸ਼ੌਕਰ ਨੇ ਰੂ-ਬ-ਰੂ ਵਿਚ ਭਾਗ ਲੈਦਿਆਂ ਹੋਇਆਂ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਬਲਰਾਜ ਧਾਲੀਵਾਲ, ਸੁਖਿੰਦਰ ਤੇ ਇਕਬਾਲ ਬਰਾੜ ਨੇ ਆਪਣੀਆਂ ਗ਼ਜ਼ਲਾਂ, ਗੀਤਾਂ ਤੇ ਨਜ਼ਮਾਂ ਨਾਲ ਖ਼ੂਬ ਰੰਗ ਬੰਨ੍ਹਿਆਂ। ਹਾਜ਼ਰੀਨ ਵਿਚ ਪਿਆਰਾ ਸਿੰਘ ਤੂਰ, ਰਜਿੰਦਰ ਸਿੰਘ ਅਠਵਾਲ, ਬਲਦੇਵ ਸਿੰਘ ਰਹਿਪਾ, ਹਰਜੀਤ ਬੇਦੀ, ਪੰਕਜ ਸ਼ਰਮਾ, ਜਸਵਿੰਦਰ ਸਿੰਘ ਤੇ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …