
2 ਹਜ਼ਾਰ ਨੌਜਵਾਨ ਇਸ ਯਾਤਰਾ ’ਚ ਲੈਣਗੇ ਹਿੱਸਾ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਿਚ ‘ਪੱਗੜੀ ਸੰਭਾਲ ਯਾਤਰਾ’ ਕਰਨ ਦਾ ਐਲਾਨ ਕੀਤਾ ਹੈ। ਚੰਨੀ ਮੁਤਾਬਕ ਇਸ ਯਾਤਰਾ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਅਤੇ ਸੂਬੇ ਵਿਚ ਸਮਾਜਿਕ ਜਾਗਰੂਕਤਾ ਦਾ ਸੰਦੇਸ਼ ਪਹੁੰਚਾਉਣਾ ਹੈ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਪੰਜਾਬ ਵਿਚ ਕਰੀਬ 2 ਹਜ਼ਾਰ ਨੌਜਵਾਨਾਂ ਨੂੰ ਨਾਲ ਲੈ ਕੇ ਇਸ ਮੁਹਿੰਮ ਨੂੰ ਅੱਗੇ ਵਧਾਉਣਗੇ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਨੌਜਵਾਨਾਂ ਅਤੇ ਆਮ ਲੋਕਾਂ ਨਾਲ ਸੰਪਰਕ ਕਰਕੇ ਨਸ਼ਿਆਂ ਖਿਲਾਫ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਮੁਹਿੰਮ ਤਹਿਤ 2 ਹਜ਼ਾਰ ਤੋਂ ਵੱਧ ਸਾਈਕਲ ਸਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚ ਕੇ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਚਲਾਉਣਗੇ। ਚੰਨੀ ਨੇ ਪਾਰਟੀ ਆਗੂਆਂ ਨਾਲ ਵਿਚਾਰ-ਵਟਾਂਦਰੇ ਦੌਰਾਨ ਦੀਵਾਲੀ ਤੋਂ ਬਾਅਦ ਸਾਈਕਲ ਰੈਲੀਆਂ ਕਰਨ ਦਾ ਸੁਝਾਅ ਦਿੱਤਾ ਹੈ। ਚੰਨੀ ਨੇ ਇਹ ਵੀ ਦੱਸਿਆ ਕਿ ਇਸ ਯਾਤਰਾ ਨੂੰ ਤਿੰਨ ਜਾਂ ਚਾਰ ਦਿਨਾਂ ਵਿਚ ਪੂਰਾ ਕਰਨ ਦੀ ਯੋਜਨਾ ਹੈ।

