
ਪੰਚਕੂਲਾ ‘ਚ ਹੋ ਰਹੀ ਦੋ ਰੋਜ਼ਾ ਬੈਠਕ ‘ਚ ਲਿਆ ਜਾਵੇਗਾ ਪਾਰਟੀ ਦੀ ਤਿਆਰੀ ਦਾ ਪੂਰਾ ਜਾਇਜਾ
ਅਮਰਜੀਤ ਸਿੰਘ
ਚੰਡੀਗੜ੍ਹ, 01 ਅਕਤੂਬਰ, 2026
ਇਹ ਮਹਿਜ ਇੱਕ ਇਤਫ਼ਾਕ ਹੈ ਜਾਂ ਪਾਰਟੀ ਵੱਲੋਂ ਪਹਿਲਾਂ ਤੋਂ ਤਿਆਰ ਕੀਤੀ ਗਈ ਕੋਈ ਯੋਜਨਾ, ਅੱਜ ਤੋਂ ਪੰਚਕੂਲਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਖ਼ਾਸ ਮੀਟਿੰਗ ਆਰੰਭ ਹੋ ਗਈ ਹੈ। ਮੀਟਿੰਗ ਵਿੱਚ ਪੰਜਾਬ ਅਤੇ ਕੇਂਦਰੀ ਆਗੂ ਸਿਰ ਜੋੜ ਕੇ ਬੈਠਣਗੇ ਤੇ ਪਾਰਟੀ ਨੂੰ ਕਿਸੇ ਵੀ ਹੀਲੇ ਵਸੀਲੇ ਨਾਲ ਆਉਂਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਆਪਣੇ ਸੁਝਾਅ ਰੱਖਣਗੇ। ਦੋ ਦਿਨਾਂ ਤੱਕ ਚਲਣ ਵਾਲੀ ਇਹ ਮੀਟਿੰਗ ਪੰਚਕੁਲਾ ਦੇ ਰੈਡ ਬਿਸ਼ਪ ਹੋਟਲ ਵਿੱਚ ਹੋ ਰਹੀ ਹੈ ਜੋ ਅੱਜ ਸ਼ਾਮ ਸ਼ੁਰੂ ਹੋਣ ਤੋਂ ਬਾਅਦ ਕੱਲ੍ਹ ਸ਼ਾਮ ਨੂੰ ਸਮਾਪਤ ਹੋ ਜਾਵੇਗੀ।
ਹਾਲਾਂਕਿ ਇਹ ਮੀਟਿੰਗ ਜਲੰਧਰ ਰੈਲੀ ਤੋਂ ਠੀਕ ਬਾਅਦ ਹੋ ਰਹੀ ਹੈ ਫੇਰ ਵੀ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਿੱਚ 13 ਦਿਨਾਂ ਤੱਕ ਚੱਲੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਅਸਰ ਬਾਰੇ ਵੀ ਚਰਚਾ ਹੋਵੇਗੀ। ਇਸ ਬੈਠਕ ਦੀ ਸਦਾਰਤ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਕਰਨਗੇ। ਇਸ ਦੋ ਰੋਜ਼ਾ ਮੀਟਿੰਗ ਵਿੱਚ ਭਾਜਪਾ ਪੰਜਾਬ ਚੋਣਾਂ ਬਾਰੇ ਦਿਮਾਗ਼ੀ ਮੰਥਨ ਕਰਨ ਜਾ ਰਹੀ ਹੈ। ਪਾਰਟੀ ਪਹਿਲਾਂ ਹੀ ਜ਼ਮੀਨੀ ਪੱਧਰ ਦੇ ਮੁੱਦਿਆਂ, ਗਠਜੋੜ ਦੀ ਰਣਨੀਤੀ ਅਤੇ ਸੰਗਠਨਾਤਮਕ ਮਜ਼ਬੂਤੀ ਬਾਰੇ ਤਿਆਰੀ ਕਰਕੇ ਬੈਠੀ ਹੈ ਤੇ ਮੀਟਿੰਗ ਵਿੱਚ ਇਸਦੀ ਫੀਡਬੈਕ ਲਈ ਜਾਵੇਗੀ।
ਪਾਰਟੀ ਸੂਤਰਾਂ ਨੇ ਦੱਸਿਆ ਹੈ ਕਿ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਆਗੂ ਆਪਸੀ ਵਿਚਾਰ-ਵਟਾਂਦਰੇ ਲਈ ਇੱਕ ਥਾਂ ਤੇ ਇਕੱਠੇ ਹੋਣਗੇ। ਇਸਤੋਂ ਪਹਿਲਾਂ ਜਦੋਂ ਅਗਸਤ ਮਹੀਨੇ ਵਿੱਚ ਪਟਿਆਲਾ ਵਿਖੇ ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੂਜੇ ਆਗੂਆਂ ਨਾਲ ਬੈਠਕ ਕੀਤੀ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਜੋ ਪਾਰਟੀ ਟਾਸਕ ਦਿੱਤਾ ਗਿਆ ਸੀ ਉਮੀਦ ਹੈ ਕਿ ਉਸ ਉੱਤੇ ਵੀ ਚਰਚਾ ਹੋਵੇਗੀ।
ਭਾਜਪਾ ਨੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਜਨਤਕ ਸੰਪਰਕ ਕਰਨ ਦੀ ਜੋ ਮੁਹਿੰਮ ਵਿੱਢੀ ਸੀ ਉਹ ਹੁਣ ਪੂਰੀ ਹੋ ਚੁਕੀ ਹੈ ਤੇ ਉਸਦੀ ਸਮਾਪਤੀ ਸਮਾਰੋਹ ਤੇ ਹੋਈ ਰੈਲੀ ਵਿੱਚ ਜੋ ਕੁੱਝ ਵੇਖਣ ਨੂੰ ਮਿਲਿਆ ਉਹ ਪਾਰਟੀ ਦੇ ਲਈ ਇੱਕ ਚਰਚਾ ਦਾ ਵਿਸ਼ਾ ਹੈ। ਸੰਪਰਕ ਮੁਹਿੰਮ ਸਮਾਪਤ ਕਰਨ ਤੋਂ ਬਾਅਦ, ਭਾਜਪਾ ਹੁਣ 2027 ਦੀਆਂ ਪੰਜਾਬ ਚੋਣਾਂ ਦੀ ਰਣਨੀਤੀ ਬਾਰੇ ਇੱਕ ਅਹਿਮ ਦੋ-ਰੋਜ਼ਾ ਮੰਥਨ ਸ਼ੁਰੂ ਕਰ ਰਹੀ ਹੈ।
ਜਿਵੇਂ ਕਿ ਦੱਸਿਆ ਜਾ ਰਿਹਾ ਹੈ, ਹਰਿਆਣਾ ਦੇ ਪੰਚਕੂਲਾ ਸਥਿਤ ‘ਰੈੱਡ ਬਿਸ਼ਪ ਰਿਜ਼ੋਰਟ’ ਵਿੱਚ ਅੱਜ ਸ਼ੁਰੂ ਹੋਕੇ ਭਲਕੇ ਸਮਾਪਤ ਹੋਣ ਵਾਲੀ ਇਸ ਚਰਚਾ ਬੈਠਕ ਦੀ ਅਗਵਾਈ ਭਾਜਪਾ ਦੇ ਓਹੀ ਕੌਮੀ ਜਨਰਲ ਸਕੱਤਰ (ਸੰਗਠਨ) ਬੀ.ਐਲ. ਸੰਤੋਸ਼ ਕਰਨਗੇ ਜੋ ਕਿ ਕੌਮੀ ਪੱਧਰ ‘ਤੇ ਭਾਜਪਾ ਅਤੇ ਆਰਐਸਐਸ ਵਿੱਚਕਾਰ ਮੁੱਖ ਕੜੀ ਬਣੇ ਹੋਏ ਨੇ ਤੇ ਵੱਡੇ ਭਾਜਪਾ ਆਗੂ ਹਨ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੀਡਿਆ ਨੂੰ ਦੱਸਿਆ ਕਿ ਇਸ ਮੀਟਿੰਗ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਕੀਤੀ ਗਈ ਜਨਤਕ ਸੰਪਰਕ ਮੁਹਿੰਮ ਦੇ ਹੁੰਗਾਰੇ ਅਤੇ ਸਫਲਤਾ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਚੋਣਾਂ ਦੀ ਰਣਨੀਤੀ ‘ਤੇ ਵੀ ਚਰਚਾ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਜਪਾ ਨੇ ਉਨ੍ਹਾਂ ਮਜ਼ਬੂਤ ਸੀਟਾਂ ਦੀ ਪਛਾਣ ਕਰਨੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਪਾਰਟੀ ਨੂੰ ਪੱਕੀ ਜਿੱਤ ਦੀ ਸੰਭਾਵਨਾ ਨਜ਼ਰ ਆਉਂਦੀ ਹੈ।
ਭਾਜਪਾ ਦੇ ਸੂਤਰਾਂ ਮੁਤਾਬਕ ਪਾਰਟੀ ਦੀ ਸੰਗਠਨਾਤਮਕ ਤੌਰ ਤੇ ਮਜ਼ਬੂਤੀ ਪੱਧਰ ਬਾਰੇ, ਜ਼ਮੀਨੀ ਪੱਧਰ ‘ਤੇ ਫੀਡਬੈਕ ਲਈ ਜਾਵੇਗੀ, ਉਹ ਵੀ ਖ਼ਾਸ ਕਰਕੇ ਪੇਂਡੂ ਖੇਤਰਾਂ ਵਿੱਚ ਜਿੱਥੇ ਪਾਰਟੀ ਰਵਾਇਤੀ ਤੌਰ ‘ਤੇ ਕਮਜ਼ੋਰ ਮੰਨੀ ਜਾ ਰਹੀ ਹੈ। ਇੱਕ ਖ਼ਾਸ ਪਹਿਲੂ ਇਹ ਵੀ ਹੈ ਸ਼ਿਰੋਮਣੀ ਅਕਾਲੀ ਦਲ ਨਾਲ ਪਹਿਲਾਂ ਵਾਂਗ ਗਠਜੋੜ ਕੀਤਾ ਜਾਵੇ ਜਾਂ ਨਹੀਂ, ਇਹ ਵੀ ਹਾਲੇ ਤੱਕ ਤੈਅ ਨਹੀਂ ਹੋ ਸਕਿਆ ਹੈ, ਇਸ ਬਾਰੇ ਪਾਰਟੀ ਦੀ ਰਣਨੀਤੀ ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਵੀ ਵਿਚਾਰਿਆ ਜਾ ਰਿਹਾ ਹੈ ਕਿ ਕੀ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਪੁਨਰ-ਸੁਰਜੀਤ ਧੜੇ ਨਾਲ ਮਿਲ ਕੇ ਚੋਣ ਲੜਨੀ ਚਾਹੀਦੀ ਹੈ ਜਾਂ ਇੱਕਲੇ ਹੀ ਮੈਦਾਨ ‘ਚ ਉਤਰਨਾ ਚਾਹੀਦਾ ਹੈ।
ਇਸਤੋਂ ਪਹਿਲਾਂ ਭਾਜਪਾ ਆਗੂ ਨਿਤਿਨ ਨਬਿਨ ਕਈ ਵਾਰ ਕਹਿ ਚੁਕੇ ਹਨ ਕਿ ਹਾਲਾਂਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਆਪਣੀ ਤਾਕਤ ਵਧਾ ਰਹੀ ਹੈ, ਪਰ ਗਠਜੋੜ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ, ਜੋ ਜ਼ਮੀਨੀ ਫੀਡਬੈਕ ਮਿਲੇਗੀ ਉਸਨੂੰ ਧਿਆਨ ਵਿੱਚ ਰੱਖਦੇ ਹੋਏ ਗਠਜੋੜ ਸਬੰਧੀ ਮਾਮਲਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਜ਼ਾਹਿਰ ਹੈ ਇਸ ਦਾ ਫੈਸਲਾ ਜ਼ਮੀਨੀ ਪੱਧਰ ‘ਤੇ ਮਿਲੀ ਪ੍ਰਤੀਕਿਰਿਆ, ਸਰਵੇਖਣਾਂ ਅਤੇ ਵੋਟਰਾਂ ਦੀਆਂ ਇੱਛਾਵਾਂ ਨੂੰ ਆਧਾਰ ਬਣਾ ਕੇ ਹੀ ਪਾਰਟੀ ਕੋਈ ਫੈਸਲੇ ਲਵੇਗੀ। ਇੱਕ ਹੋਰ ਗੱਲ ਜੋ ਖ਼ਾਸ ਤੌਰ ਤੇ ਨੋਟ ਕੀਤੀ ਜਾ ਰਹੀ ਹੈ ਉਹ ਇਹ ਕਿ ਅੱਜ ਕੱਲ੍ਹ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਆਸੀ ਰੈਲੀਆਂ ਦੌਰਾਨ ਇੱਕ-ਦੂਜੇ ‘ਤੇ ਪਹਿਲਾਂ ਵਾਂਗ ਹਮਲੇ ਨਹੀਂ ਕਰ ਰਹੇ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਪਰਦੇ ਦੇ ਪਿੱਛੇ ਕੋਈ ਨਾ ਕੋਈ ਗੱਲਬਾਤ ਚੱਲ ਰਹੀ ਹੈ। ਪਾਰਟੀ ਦੇ ਕਿਸੇ ਵੀ ਫੈਸਲੇ ਦੀ ਭਵਿਖਵਾਣੀ ਨਹੀਂ ਕੀਤੀ ਜਾ ਸਕਦੀ ਪਰ ਪਾਰਟੀ ਦੇ ਵਰਕਰ ਅੱਜ ਕੱਲ੍ਹ ਕਾਫੀ ਉਤਸਾਹਿਤ ਹਨ।

