
ਪਹਿਲੀ ਵਾਰ ਆਹਮੋ-ਸਾਹਮਣੇ ਬਿਠਾ ਕੇ ਹੋ ਸਕਦੀ ਹੈ ਪੁੱਛਗਿੱਛ
ਚੰਡੀਗੜ੍ਹ/ਬਿਊਰੋ ਨਿਊਜ਼ : 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਉਂਦੀ 5 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਮਾਮਲੇ ਵਿਚ ਐਸ.ਆਈ.ਟੀ. ਵਲੋਂ ਡਰੱਗ ਰੈਕੇਟ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਵਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਦਾ ਨਾਮ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕੇਟ ਵਿਚ ਉਭਰਿਆ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਟੋਰੇਟ (ਈਡੀ) ਨੇ ਜਾਂਚ ਦੌਰਾਨ ਇਸ ਮਨੀ ਲਾਂਡਰਿੰਗ ਅਤੇ ਡਰੱਗ ਰੈਕੇਟ ਦੇ ਨੈਟਵਰਕ ਨੂੰ 6 ਹਜ਼ਾਰ ਕਰੋੜ ਰੁਪਏ ਤੱਕ ਦਾ ਦੱਸਿਆ ਸੀ, ਜਿਸ ਤੋਂ ਬਾਅਦ 2014 ਵਿਚ ਭੋਲਾ ਨੇ ਮਜੀਠੀਆ ਦਾ ਨਾਮ ਲਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਐਂਟੀ-ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫਾਰਸ਼ ਦੇ ਅਧਾਰ ’ਤੇ ਦਸੰਬਰ 2021 ਵਿਚ ਮਜੀਠੀਆ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

