
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੀ ਅਦਾਲਤ ਨੇ ਫੇਸਬੁੱਕ-ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ‘ਮੇਟਾ’ ਉਤੇ 942 ਮਿਲੀਅਨ ਡਾਲਰ, ਯਾਨੀ 9030 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਪਲੇਟਫਾਰਮ ਨਾਲ ਨੌਜਵਾਨਾਂ ਦੀ ਮੈਂਟਲ ਹੈਲਥ ਨੂੰ ਨੁਕਸਾਨ ਪਹੁੰਚਿਆ ਹੈ। ਜੁਰਮਾਨੇ ਦੀ ਰਕਮ ਵਿਚੋਂ 420 ਮਿਲੀਅਨ ਡਾਲਰ, ਯਾਨੀ 3993 ਕਰੋੜ ਰੁਪਏ ਨੌਜਵਾਨਾਂ ਦੇ ਇਲਾਜ ’ਤੇ ਖਰਚ ਹੋਣਗੇ, ਬਾਕੀ ਦੀ ਰਕਮ ਅਗਲੇ 5 ਸਾਲਾਂ ਵਿਚ ਅਵੇਅਰਨੈਸ, ਪ੍ਰੀਵੈਨਸ਼ਨ, ਸਕਰੀਨਿੰਗ ਸਰਵਿਸ ’ਤੇ ਖਰਚ ਕੀਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕੇਸ ਦੋ ਫੇਜ ਵਿਚ ਚੱਲਿਆ। ਪਹਿਲੇ ਫੇਜ ਵਿਚ ਅਦਾਲਤ ਨੇ ‘ਮੇਟਾ’ ਉਤੇ 375 ਮਿਲੀਅਨ ਡਾਲਰ, ਯਾਨੀ 3571 ਕਰੋੜ ਰੁਪਏ ਦਾ ਸਿਵਲ ਜੁਰਮਾਨਾ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਉਦੋਂ ਕੋਰਟ ਨੇ ਕਿਹਾ ਸੀ ਕਿ ਕੰਪਨੀ ਜਾਣਦੀ ਸੀ ਕਿ ਪਲੇਟਫਾਰਮ ’ਤੇ ਬੱਚਿਆਂ ਦਾ ਯੌਨ ਸ਼ੋਸ਼ਣ ਹੋਇਆ, ਪਰ ਇਸ ਨੂੰ ਛੁਪਾਇਆ ਗਿਆ। ਦੂਜੇ ਫੇਜ ਵਿਚ ਅਦਾਲਤ ਨੇ ‘ਮੇਟਾ’ ਉਤੇ 567 ਮਿਲੀਅਨ ਡਾਲਰ, ਯਾਨੀ ਕਿ 5390 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਇਸ ਤਰ੍ਹਾਂ ਅਦਾਲਤ ਨੇ ਕੰਪਨੀ ’ਤੇ ਕੁੱਲ 942 ਮਿਲੀਅਨ ਡਾਲਰ ਯਾਨੀ 9030 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ।

