
ਕਿਹਾ : 20 ਹਜ਼ਾਰ ਰੁਪਏ ਨਾਲ ਨਹੀਂ ਚੱਲਦਾ ਘਰ ਦਾ ਗੁਜ਼ਾਰਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਦਿੱਤੇ ਗਏ ਰਾਹਤ ਪੈਕੇਜ ਨੂੰ ਸਫਾਈ ਕਰਮਚਾਰੀ ਯੂਨੀਅਨਾਂ ਨੇ ਰੱਦ ਕਰ ਦਿੱਤਾ ਹੈ। ਇਸੇ ਦੌਰਾਨ ਸਫਾਈ ਕਰਮਚਾਰੀਆਂ ਨੇ ਸੂਬਾ ਪੱਧਰੀ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜੋ ਕਿ ਪੰਜਾਬ ਲਈ ਇਕ ਨਵੀਂ ਮੁਸੀਬਤ ਪੈਦਾ ਕਰ ਸਕਦਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਹੜਤਾਲੀ ਮੁਲਾਜ਼ਮਾਂ ਲਈ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ਤਹਿਤ ਤਨਖਾਹਾਂ ਵਿਚ ਵਾਧਾ ਅਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ਾਮਲ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਸਰਕਾਰ ਦੀ ਇਸ ਆਫਰ ਨੂੰ ਰੱਦ ਕਰਨ ਅਤੇ ਹੜਤਾਲ ਨਿਰੰਤਰ ਜਾਰੀ ਰੱਖਣ ਦੀ ਪੁਸ਼ਟੀ ਕੀਤੀ ਹੈ। ਕੱਚੇ ਸਫਾਈ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ ਆਉਂਦੀ 1 ਅਗਸਤ ਤੋਂ ਵਧਾ ਕੇ 20 ਹਜ਼ਾਰ 520 ਰੁਪਏ ਕਰਨ ਦੀ ਪੇਸ਼ਕਸ਼ ਨੂੰ ਨਕਾਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਹੈ ਕਿ ਕਟੌਤੀਆਂ ਤੋਂ ਬਾਅਦ ਸਾਡੇ ਹੱਥ ਵਿਚ ਸਿਰਫ 16 ਹਜ਼ਾਰ ਰੁਪਏ ਦੇ ਕਰੀਬ ਹੀ ਆਉਂਦੇ ਹਨ। ਸਫਾਈ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਗਾਈ ਚੰਦ ਨੇ ਕਿਹਾ ਕਿ ਸਾਡੀ ਮੰਗ ਘੱਟੋ-ਘੱਟ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਹੈ, ਇਸ ਲਈ ਅਸੀਂ ਸੂਬਾ ਸਰਕਾਰ ਦੀ ਇਸ ਆਫਰ ਨੂੰ ਰੱਦ ਕਰਦੇ ਹਾਂ।

