
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਨੇ ਜੰਗਬੰਦੀ ਦੌਰਾਨ ਅੱਜ ਬੁੱਧਵਾਰ ਤੜਕੇ ਇਰਾਨ ’ਤੇ ਏਅਰ ਸਟਰਾਈਕ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ 80 ਤੋਂ ਜ਼ਿਆਦਾ ਫੌਜੀ ਟਿਕਾਣਿਆਂ ਨੂੰ ਸਟੀਕ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਹੋਰਮੁਜ਼ ਸਟਰੇਟ ’ਚੋਂ ਲੰਘ ਰਹੇ ਤਿੰਨ ਜਹਾਜ਼ਾਂ ’ਤੇ ਹੋਏ ਹਮਲਿਆਂ ਦੇ ਜਵਾਬ ਵਿਚ ਕੀਤੀ ਗਈ ਹੈ। ਵਾਸ਼ਿੰਗਟਨ ਨੇ ਇਨ੍ਹਾਂ ਹਮਲਿਆਂ ਦੇ ਲਈ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਏਅਰ ਸਟਰਾਈਕ ਵਿਚ ਏਅਰ ਡਿਫੈਂਸ ਸਿਸਟਮ, ਕਮਾਂਡ ਅਤੇ ਕੰਟਰੋਲ ਸੈਂਟਰ, ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਆਈ.ਆਰ.ਸੀ.ਜੀ. ਦੀਆਂ 60 ਤੋਂ ਜ਼ਿਆਦਾ ਫੌਜੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸੇ ਦੌਰਾਨ ਇਰਾਨ ਦੇ ਮੀਡੀਆ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਸਿਰਿਕ, ਕੇਸ਼ਮ ਟਾਪੂ ਅਤੇ ਬੰਦਰ ਅੱਬਾਸ ਵਿਚ ਕਈ ਧਮਾਕੇ ਹੋਏ ਅਤੇ ਕੁਝ ਥਾਵਾਂ ’ਤੇ ਅੱਗ ਵੀ ਲੱਗ ਗਈ। ਇਸਦੇ ਜਵਾਬ ਵਿਚ ਇਰਾਨੀ ਫੌਜ ਨੇ ਵੀ ਬਹਿਰੀਨ ਅਤੇ ਕੁਵੈਤ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ ਹਨ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਧਮਕੀਆਂ ਦੇ ਮਾਹੌਲ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ। ਅਮਰੀਕਾ ਨੂੰ ਪਹਿਲਾਂ ਆਪਣੇ ਪਿਛਲੇ ਸਮਝੌਤਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ।

