ਨਫ਼ਰਤ ਦੀ ਬੁਨਿਆਦ ‘ਤੇ ਹੋ ਰਹੀਆਂ ਮੌਤਾਂ ਨੂੰ ਕਿਸ ਤਰ੍ਹਾਂ ਰੋਕੋਗੇ
ਹੂਸਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਨਸਲੀ ਹਿੰਸਾ ‘ਚ ਮਾਰੇ ਗਏ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਟਲਾ ਦੀ ਪਤਨੀ ਸੁਨਯਨਾ ਦੁਮਾਲਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦੇਣ ਲਈ ਉਹ ਕੀ ਕਰਨਗੇ? ਨਫ਼ਰਤ ਦੀ ਬੁਨਿਆਦ ‘ਤੇ ਹੋ ਰਹੀਆਂ ਮੌਤਾਂ ਉਹ ਕਿਸ ਤਰ੍ਹਾਂ ਰੋਕਣਗੇ? ਉਨ੍ਹਾਂ ਨੇ ਅਮਰੀਕਾ ‘ਚ ਹੀ ਆਪਣੇ ਪਤੀ ਦੇ ਸੁਪਨੇ ਪੂਰੇ ਕਰਨੇ ਹਨ ਪ੍ਰੰਤੂ ਸਰਕਾਰ ਇਹ ਯਕੀਨੀ ਬਣਾਏ ਕਿ ਮੈਂ ਆਪਣੀ ਮਰਜੀ ਨਾਲ ਇਥੇ ਆ ਸਕਾਂ। ਮੀਡੀਆ ਨਾਲ ਰੂਬਰੂ ਹੁੰਦੇ ਹੋਏ ਸੁਨਯਨਾ ਨੇ ਭਰੇ ਮਨ ਨਾਲ ਟਰੰਪ ਸਰਕਾਰ ਨੂੰ ਕਈ ਸਵਾਲ ਕੀਤੇ।
ਸ੍ਰੀਨਿਵਾਸ ਕਹਿੰਦੇ ਸਨ-ਹਮੇਸ਼ਾ ਚੰਗਾ ਸੋਚੋ, ਚੰਗੇ ਰਹੋ, ਚੰਗੇ ਲੋਕਾਂ ਦੇ ਨਾਲ ਹੀ ਚੰਗਾ ਹੁੰਦਾ ਹੈ : ਸੁਨਯਨਾ
ਅਸੀਂ ਕੈਨਸਾਸ ਨੂੰ ਆਪਣਾ ਘਰ ਮੰਨਿਆ। ਓਲੇਥਾ ‘ਚ ਸਾਨੂੰ ਆਪਣੇ ਸੁਪਨਿਆਂ ਦਾ ਘਰ ਮਿਲਿਆ। ਅਸੀਂ ਦੋਵਾਂ ਦਾ ਪਹਿਲਾ ਘਰ। ਸ੍ਰੀਨਿਵਾਸ ਨੇ ਖੁਦ ਆਪਣੇ ਹੱਥਾਂ ਨਾਲ ਇਸ ਦਾ ਪੂਰਾ ਲਿਵਿੰਗ ਏਰੀਆ ਪੇਂਟ ਕੀਤਾ ਸੀ, ਇਸੇ ਜਨਵਰੀ ‘ਚ। ਉਹ ਕਾਫ਼ੀ ਜਨੂੰਨੀ ਸਨ। ਏਵੀਏਸ਼ਨ ਉਨ੍ਹਾਂ ਦਾ ਜਨੂੰਨ ਸੀ। ਉਹ ਇਸ ਇੰਡਸਟਰੀ ‘ਚ ਬਹੁਤ ਜ਼ਿਆਦਾ ਸਫ਼ਲ ਹੋਣਾ ਚਾਹੁੰਦੇ ਸਨ। ਉਹ ਅਮਰੀਕਾ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਸਨ। ਘੱਟੋ-ਘੱਟ ਉਹ ਅਜਿਹੀ ਮੌਤ ਦੇ ਕਾਬਲ ਨਹੀਂ ਸਨ। ਜਿਊਂਦੇ ਹੁੰਦੇ ਤਾਂ ਉਹ ਦੋ ਹਫਤਿਆਂ ਮਗਰੋਂ ਆਪਣਾ 33ਵਾਂ ਜਨਮ ਦਿਨ ਮਨਾਉਂਦੇ। 9 ਮਾਰਚ ਨੂੰ ਉਨ੍ਹਾਂ ਦਾ ਜਨਮ ਦਿਨ ਹੈ। ਸਮਝ ਨਹੀਂ ਆ ਰਿਹਾ ਹੈ ਕਿ ਮੈਂ ਕੀ ਕਰਾਂ। ਅਮਰੀਕਾ ‘ਚ ਇਥੇ-ਉਥੇ ਹੋਣ ਵਾਲੀ ਫਾਈਰਿੰਗ ਦੀਆਂ ਖਬਰਾਂ ਸਾਨੂੰ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਹਮੇਸ਼ਾ ਚਿੰਤਾ ਰਹਿੰਦੀ ਹੈ ਕਿ ਅਸੀਂ ਕਿੰਨੇ ਕੁ ਸੁਰੱਖਿਅਤ ਹਾਂ। ਖਾਸ ਕਰਕੇ, ਮੈਨੂੰ ਤਾਂ ਹਮੇਸ਼ਾ ਹੀ ਚਿੰਤਾ ਰਹਿੰਦੀ ਸੀ, ਕੀ ਸਾਡਾ ਅਮਰੀਕਾ ‘ਚ ਰਹਿਣਾ ਸਹੀ ਹੈ? ਪ੍ਰੰਤੂ ਉਹ ਹਮੇਸ਼ਾ ਹੀ ਦਿਲਾਸਾ ਦਿੰਦੇ ਕਿ ਚੰਗੇ ਇਨਸਾਨਾਂ ਦੇ ਨਾਲ ਚੰਗਾ ਹੀ ਹੁੰਦਾ ਹੈ। ਹਮੇਸ਼ਾ ਚੰਗਾ ਸੋਚੋ। ਚੰਗੇ ਰਹੋ ਤਾਂ ਤੁਹਾਡੇ ਨਾਲ ਵੀ ਚੰਗਾ ਹੀ ਹੋਵੇਗਾ ਅਤੇ ਉਸ ਰਾਤ ਵੀ ਉਹ ਬਸ ਇਹੋ ਕਹਿ ਰਹੇ ਸਨ। ਕੰਮ ਦੀ ਥਕਾਵਟ ਉਤਾਰਨ ਦੇ ਲਈ ਉਹ ਬੀਅਰ ਦਾ ਆਨੰਦ ਲੈ ਰਹੇ ਸਨ। ਦੋਸਤਾਂ ਦੇ ਨਾਲ ਮਸਤੀ ਦੇ ਕੁਝ ਪਲ ਬਿਤਾ ਰਹੇ ਸਨ। ਇਸੇ ਦੌਰਾਨ ਹਮਲਾਵਰ ਬੋਲਣ ਲੱਗਾ। ਕਾਫ਼ੀ ਬੁਰਾ-ਭਲਾ ਕਿਹਾ। ਨਸਲੀ ਨਫ਼ਰਤ ਦਿਖਾਈ। ਸ੍ਰੀਨਿਵਾਸਨ ਨੇ ਉਸ ‘ਤੇ ਧਿਆਨ ਨਹੀਂ ਦਿੱਤਾ। ਬਾਰ ਦੇ ਲੋਕਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਮੇਰੇ ਪਤੀ ਨੂੰ ਵੀ ਉਦੋਂ ਹੀ ਨਿਕਲ ਜਾਣਾ ਚਾਹੀਦਾ ਸੀ ਪ੍ਰਤੂ ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਮੈਂ ਕਿਉਂ ਜਾਵਾਂ? ਤਾਂ ਕੁਝ ਗਲਤ ਕੀਤਾ ਹੀ ਨਹੀਂ। ਮੈਂ ਉਨ੍ਹਾਂ ਨੂੰ ਜਾਣਦੀ ਹਾਂ। ਕਹਿ ਸਕਦੀ ਹਾਂ ਕਿ ਉਹ ਸਿਰਫ਼ ਇਸ ਲਈ ਬੈਠੇ ਰਹੇ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਸੀ। ਪ੍ਰੰਤੂ ਉਹ ਵਿਅਕਤੀ ਵਾਪਸ ਆਇਆ ਅਤੇ ਉਸ ਨੇ ਉਨ੍ਹਾਂ ਦੀ ਜਾਨ ਲੈ ਲਈ। ਉਹ ਬਹੁਤ ਪਿਆਰੇ ਇਨਸਾਨ ਸਨ। ਉਨ੍ਹਾਂ ਦਾ ਪਰਿਵਾਰ, ਮੇਰਾ ਪਰਿਵਾਰ ਸਾਰੇ ਲੋਕ ਡੂੰਘੇ ਸਦਮੇ ‘ਚ ਹਨ। ਮੈਂ ਨਹੀਂ ਜਾਣਦੀ ਕਿ ਘਰ ਜਾ ਕੇ ਉਨ੍ਹਾਂ ਦੀ (ਸ੍ਰੀਨਿਵਾਸਨ) ਮਾਂ ਨੂੰ ਕੀ ਜਵਾਬਾਂ ਦੇਵਾਂਗੀ? ਕੀ ਦੱਸਾਂਗੀ ਕਿ ਉਨ੍ਹਾਂ ਨੂੰ ਕਿਉਂ ਨਹੀਂ ਬਚਾ ਸਕੀ। ਉਹ ਇਸ ਦੇਸ਼ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਮੈਂ ਕਈ ਵਾਰ ਪੁੱਛਿਆ ਸੀ ਕਿ ਸਾਨੂੰ ਵਾਪਸ ਜਾਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਕੀ ਅਸੀਂ ਦੂਜੇ ਦੇਸ਼ ਜਾਣ ਦੇ ਬਾਰੇ ‘ਚ ਸੋਚੀਏ? ਉਹ ਸਿੱਧਾ ਕਹਿੰਦੇ ਨਹੀਂ, ਅਜੇ ਇੰਤਜ਼ਾਰ ਕਰੋ। ਹੁਣ ਮੈਨੂੰ ਜਵਾਬ ਚਾਹੀਦਾ ਹੈ। ਸਰਕਾਰ ਦੱਸੇ ਕਿ ਨਸਲੀ ਹਿੰਸਾ ਰੋਕਣ ਦੇ ਲਈ ਉਹ ਕੀ ਕਰਨਗੇ। ਨਾ ਸਿਰਫ਼ ਮੇਰੇ ਪਤੀ ਦੇ ਲਈ, ਬਲਕਿ ਅਜਿਹੇ ਹਮਲਿਆਂ ‘ਚ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਹਰ ਵਿਅਕਤੀ ਦੇ ਲਈ ਇਹ ਜ਼ਰੂਰੀ ਹੈ। ਚਾਹੇ ਉਸਦੀ ਨਸਲ ਏਸ਼ੀਆਈ, ਅਫਰੀਕੀ, ਅਮਰੀਕੀ ਜਾਂ ਕੁਝ ਹੋਰ ਹੋਵੇ। ਮੈਨੂੰ ਪਤਾ ਚੱਲਿਆ ਕਿ ਹਮਲਾਵਰ ਬੜੇ ਮਾਣ ਨਾਲ ਦੂਜੀ ਵਾਰ ਬਾਰ ‘ਚ ਗਿਆ। ਇਹ ਵੀ ਦੱਸਿਆ ਗਿਆ ਕਿ ਉਸ ਨੇ ਦੋ ਮੁਸਲਮਾਨਾਂ ਨੂੰ ਗੋਲੀ ਮਾਰ ਦਿੱਤੀ ਹੈ। ਕਿਸੇ ਦਾ ਰੰਗ ਦੇਖ ਕੇ ਉਸ ਨੇ ਇਹ ਫੈਸਲਾ ਕਿਸ ਤਰ੍ਹਾਂ ਲੈ ਲਿਆ। ਕੀ ਰੰਗ ਇਹ ਦੱਸਦਾ ਹੈ ਕਿ ਵਿਅਕਤੀ ਮੁਸਲਮਾਨ ਹੈ, ਹਿੰਦੂ ਹੈ ਜਾਂ ਈਸਾਈ ਹੈ, ਨਹੀਂ ਨਾ, ਤਾਂ ਉਸ ਨੇ ਕਿਸ ਤਰ੍ਹਾਂ ਇਹ ਫੈਸਲਾ ਲੈ ਲਿਆ। ਮੈਂ ਆਪਣੇ ਪਤੀ ਨੂੰ ਜਿੰਨਾ ਜਾਣਦੀ, ਉਹ ਸਿਰਫ਼ ਇਨਸਾਫ਼ ਚਾਹੁੰਦੇ ਸਨ। ਸਾਨੂੰ ਇਹ ਜਵਾਬ ਚਾਹੀਦਾ ਹੈ ਕਿ ਸਰਕਾਰ ਕੀ ਕਰਨ ਜਾ ਰਹੀ ਹੈ? ਸਰਕਾਰ ਨੂੰ ਯਕੀਨੀ ਕਰਨਾ ਹੋਵੇਗਾ। ਕਿ ਮੈਂ ਆਪਣੀ ਮਰਜੀ ਨਾਲ ਇਸ ਦੇਸ਼ ‘ਚ ਵਾਪਸ ਆ ਸਕਾਂ। ਸਫ਼ਲ ਹੋ ਕੇ ਆਪਣੇ ਪਤੀ ਦਾ ਸੁਪਨਾ ਪੂਰਾ ਕਰਨ ਦੇ ਲਈ। ਉਹ ਚਾਹੁੰਦੇ ਸਨ ਕਿ ਮੈਂ ਜੋ ਵੀ ਫੀਲਡ ਚੁਣਾਂ, ਉਸ ‘ਚ ਮੈਂ ਸਫ਼ਲ ਰਹਾਂ ਅਤੇ ਮੈਨੂੰ ਉਨ੍ਹਾਂ ਦੇ ਸੁਪਨੇ ਪੂਰੇ ਕਰਨੇ ਹਨ। ਇਥੇ ਹੀ, ਜਿੱਥੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ।
ਵ੍ਹਾਈਟ ਹਾਊਸ ਨੇ ਕਿਹਾ ਕਿ ਹੱਤਿਆ ਦੇ ਲਈ ਟਰੰਪ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਣਾ ਬੇਤੁਕਾ : ਅਮਰੀਕੀ ਸਰਕਾਰ ਸ੍ਰੀਨਿਵਾਸਨ ਦੀ ਹੱਤਿਆ ਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਨਹੀਂ ਮੰਨਦੀ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪੀਕਰ ਨੇ ਕਿਹਾ ਕਿ ਕੈਨਸਾਸ ਦੀ ਘਟਨਾਂ ਨੂੰ ਟਰੰਪ ਦੇ ਫੈਸਲਿਆਂ ਨਾਲ ਜੋੜਨਾ ਗਲਤ ਹੈ। ਘਟਨਾ ਦੀ ਵਜ੍ਹਾ ਬਾਰੇ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ।
ਗੋਲੀ ਮਾਰਨ ਤੋਂ ਪਹਿਲਾਂ ਹਮਲਾਵਰ ਨੇ ਪੁੱਛਿਆ, ਤੁਸੀਂ ਲੋਕਾਂ ਕੋਲ ਲੀਗਲ ਵੀਜ਼ਾ ਹੈ? : ਹੈਦਰਾਬਾਦ ਦੇ ਨਿਵਾਸੀ ਸ੍ਰੀਨਿਵਾਸ ਕੁਚੀਭੋਟਲਾ ਅਤੇ ਆਲੋਕ ਮਦਸਾਨੀ ‘ਤੇ ਗੋਲੀ ਚਲਾਉਣ ਤੋਂ ਪਹਿਲਾਂ ਹਮਲਾਵਰ ਨੇ ਉਨ੍ਹਾਂ ਦੇ ਵੀਜ਼ੇ ਨੂੰ ਲੈ ਕੇ ਸਵਾਲ ਕੀਤੇ। ਇਕ ਅਮਰੀਕੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ ‘ਚ ਮਦਸਾਨੀ ਨੇ ਇਹ ਖੁਲਾਸਾ ਕੀਤਾ। ਮਦਸਾਨੀ ਦੇ ਅਨੁਸਾਰ ਹਮਲਾਵਰ ਨੇ ਪੁੱਛਿਆ ਸੀ, ਕੀ ਤੁਹਾਡੇ ਕੋਲ ਵੀਜ਼ਾ ਚਾਲੂ ਹੈ? ਜਾਂ ਫਿਰ ਅਮਰੀਕਾ ‘ਚ ਗੈਰਕਾਨੂੰਨੀ ਰੂਪ ਨਾਲ ਰਹਿ ਰਹੇ ਹੋ?
ਭਾਰਤੀਆਂ ‘ਚ ਫੈਲਿਆ ਡਰ, ਜਨਤਕ ਥਾਵਾਂ ‘ਤੇ ਆਪਣੀ ਮਾਂ ਬੋਲੀ ਨਾ ਬੋਲਣ ਦੀ ਸਲਾਹ
ਸ੍ਰੀਨਿਵਾਸਨ ਦੀ ਹੱਤਿਆ ਤੋਂ ਬਾਅਦ ਅਮਰੀਕਾ ‘ਚ ਭਾਰਤੀ ਭਾਈਚਾਰੇ ‘ਚ ਡਰ ਦਾ ਮਾਹੌਲ ਹੈ। ਤੇਲੰਗਾਨਾ ਅਮਰੀਕਨ ਤੇਲਗੂ ਐਸੋਸੀਏਸ਼ਨ ਨੇ ਭਾਰਤੀਆਂ ਦੇ ਲਈ ਇਕ ਗਾਈਡਲਾਈਨ ਜਾਰੀ ਕੀਤੀ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਅਮਰੀਕਾ ‘ਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ? ਇਸ ਲਈ ਕੁਝ ਟਿਪਸ ਹਨ :
ਜਨਤਕ ਥਾਵਾਂ ‘ਤੇ ਕਿਸੇ ਵੀ ਵਿਅਕਤੀ ਨਾਲ ਨਾ ਉਲਝੋ।
ਕੋਈ ਵੀ ਭੜਕਾਵੇ ਤਾਂ ਟਕਰਾਅ ਤੋਂ ਬਚੋ।
ਸਾਨੂੰ ਆਪਣੀ ਮਾਂ ਬੋਲੀ ‘ਚ ਗੱਲਬਾਤ ਕਰਨਾ ਪਸੰਦ ਹੈ ਪ੍ਰੰਤੂ ਇਸ ਨਾਲ ਗਲਤਫਹਿਮੀ ਪੈਦਾ ਹੋ ਸਕਦੀ ਹੈ। ਜਨਤਕ ਥਾਵਾਂ ‘ਤੇ ਅੰਗਰੇਜ਼ੀ ਹੀ ਬੋਲੋ।
ਸੁੰਨਸਾਨ ਥਾਵਾਂ ‘ਤੇ ਇਕੱਲੇ ਨਾ ਜਾਓ।
ਆਪਣੇ ਆਸੇ-ਪਾਸੇ ਨਜ਼ਰ ਰੱਖੋ। ਕੁਝ ਸ਼ੱਕੀ ਲੱਗੇ ਤਾਂ 911 ‘ਤੇ ਕਾਲ ਕਰੋ।