![](https://parvasinewspaper.com/wp-content/uploads/2025/02/am.jpg)
ਅਮਰੀਕੀ ਜਹਾਜ਼ ਦੇ ਇਸ ਹਫਤੇ ਭਾਰਤ ਪੁੱਜਣ ਦੀ ਉਮੀਦ
ਅੰਮਿ੍ਰਤਸਰ/ਬਿਊਰੋ ਨਿਊਜ਼
ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੰਘੀ 5 ਫਰਵਰੀ ਨੂੰ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ 104 ਗੈਰਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਅੰਮਿ੍ਰਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜਿਆ ਸੀ। ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਡਿਪੋਰਟ ਕਰਨ ਸਬੰਧੀ ਰਿਪੋਰਟਾਂ ਦੀ ਭਾਵੇਂ ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੈਰਕਾਨੂੰਨੀ ਪਰਵਾਸੀਆਂ ਦੀ ਵਤਨ ਵਾਪਸੀ ਇਸੇ ਹਫਤੇ ਹੋ ਸਕਦੀ ਹੈ। ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦੇ ਪਹਿਲੇ ਬੈਚ ਵਾਲਾ ਜਹਾਜ਼ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਿਆ ਸੀ। ਹੁਣ ਦੂਜੇ ਬੈਚ ਵਾਲਾ ਜਹਾਜ਼ ਕਿੱਥੇ ਉਤਰੇਗਾ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।